ਹਵਾਈ ਅੱਡੇ ਜਾਂ ਸਿਨੇਮਾ ਹਾਲ 'ਚ ਹੁਣ ਐੱਮ ਆਰ ਪੀ ਤੋਂ ਵੱਧ ਪੈਸੇ ਨਹੀਂ ਵਸੂਲ ਸਕਣਗੇ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੰਪਨੀਆਂ ਹੁਣ ਇੱਕ ਹੀ ਵਸਤੂ ਨੂੰ ਹਵਾਈ ਅੱਡੇ, ਮਾਲ ਅਤੇ ਸਿਨੇਮਾ ਹਾਲ 'ਚ ਵੱਖ-ਵੱਖ ਕੀਮਤਾਂ 'ਤੇ ਨਹੀਂ ਵੇਚ ਸਕਣਗੀਆਂ। ਸਰਕਾਰ ਦੇ ਨਵੇਂ ਨਿਯਮ ਅਗਲੇ ਸਾਲ ਦੀ ਪਹਿਲੀ ਤਰੀਕ ਭਾਵ ਕਿ ਪਹਿਲੀ ਜਨਵਰੀ 2018 ਤੋਂ ਲਾਗੂ ਹੋ ਜਾਣਗੇ। ਇਸ ਤੋਂ ਬਾਅਦ ਕੰਪਨੀਆਂ ਇੱਕ ਹੀ ਵਸਤੂ 'ਤੇ ਵੱਖ-ਵੱਖ ਐੱਮ ਆਰ ਪੀ ਨਹੀਂ ਵਸੂਲ ਸਕਣਗੀਆਂ। ਨਵੇਂ ਨਿਯਮ ਰੀਗਲ ਮੈਟਰਾਲਾਜੀ (ਪੈਕਟ ਕਮੋਡੀਟਿਜ਼) ਰੂਲਜ਼ 2011 ਦਾ ਹਿੱਸਾ ਹੈ, ਜੋ ਅਗਲੇ ਸਾਲ ਤੋਂ ਲਾਗੂ ਹੋ ਜਾਣਗੇ। ਲੀਗਲ ਮੈਟਰਾਲੋਜੀ ਨਾਲ ਜੁੜੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਉਦਮੀਆਂ ਨੂੰ ਥੋੜ੍ਹਾ ਸਮਾਂ ਦੇ ਰਹੇ ਹਨ ਤਾਂ ਜੋ ਵਕਤ ਨਾਲ ਨਵੇਂ ਨਿਯਮਾਂ ਦੇ ਪਾਲਣ ਨੂੰ ਯਕੀਨੀ ਬਣਾਇਆ ਜਾ ਸਕੇ। ਖ਼ਪਤਕਰ ਮਾਮਲਿਆਂ ਬਾਰੇ ਵਿਭਾਗ ਨੇ ਕਿਹਾ ਹੈ ਕਿ ਉਸ ਨੇ ਵਿਆਪਕ ਸਲਾਹ-ਮਸ਼ਵਰੇ ਤੋਂ ਇਸ ਬਾਰੇ ਇੱਕ ਸੰਤੁਲਿਤ ਕਦਮ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਿਯਮਾਂ ਨੂੰ ਲਾਗੂ ਕਰਨ ਦੇ ਤਜਰਬੇ ਅਤੇ ਵੱਖ-ਵੱਖ ਅੱਖਾਂ ਤੋਂ ਵਿਸਥਾਰ 'ਚ ਚਰਚਾ ਦੇ ਆਧਾਰ 'ਤੇ ਵਿਭਾਗ ਨੇ ਨਿਯਮਾਂ ਵਿੱਚ ਸੋਧ ਕੀਤੀ ਹੈ ਤਾਂ ਜੋ ਗਾਹਕਾਂ ਨੂੰ ਵੱਧ ਤੋਂ ਵੱਧ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਨਿਯਮਾਂ ਵਿੱਚ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਕਿ ਕੋਈ ਵਿਅਕਤੀ ਪਹਿਲਾਂ ਤੋਂ ਪੈਕਟ ਵਸਤੂ 'ਤੇ ਦਰਜ ਐਮ ਆਰ ਪੀ ਤੋਂ ਵੱਧ ਪੈਸੇ ਨਹੀਂ ਲੈ ਸਕੇਗਾ, ਸ਼ਰਤ ਹੈ ਕਿ ਕਾਨੂੰਨ ਤਹਿਤ ਇਸ ਦੀ ਪ੍ਰਵਾਨਗੀ ਨਹੀਂ ਹੋਵੇਗੀ। ਇਸ ਨਾਲ ਗਾਹਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ, ਕਿਉਂਕਿ ਸਿਨੇਮਾ ਹਾਲ, ਹਵਾਈ ਅੱਡਿਆਂ, ਮਾਲ ਆਦਿ ਵਰਗੀਆਂ ਜਨਤਕ ਥਾਵਾਂ 'ਤੇ ਐਮ ਆਰ ਪੀ ਤੋਂ ਵੱਧ ਪੈਸੇ ਵਸੂਲਣ ਦੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ। ਰੇਸਤਰਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਨਵੇਂ ਨਿਯਮ ਲਾਗੂ ਨਹੀਂ ਹੋਣਗੇ। ਨੈਸ਼ਨਲ ਰੈਸਟੋਰੈਂਟਾਂ ਐਸੋਸੀਏਸ਼ਨ ਆਫ਼ ਇੰਡੀਆ ਦੇ ਸੈਕਟਰੀ ਰਾਹੁਲ ਸਿੰਘ ਨੇ ਕਿਹਾ ਹੈ ਕਿ ਇਹ ਨਵੇਂ ਨਿਯਮ ਰੈਸਤਰਾਂ ਦੇ ਲਾਗੂ ਨਹੀਂ ਹੋਣਗੇ, ਕਿਉਂਕਿ ਉਨ੍ਹਾਂ ਨੂੰ ਸਪਲਾਇਰਜ਼ ਦੀ ਕੈਟਾਗਰੀ ਵਿੱਚ ਰੱਖਿਆ ਗਿਆ ਹੈ। ਤਾਜ਼ਾ ਨੋਟੀਫਿਕੇਸ਼ਨ ਰੀਟੇਲ ਸਰਵਿਸਿਜ਼ 'ਤੇ ਲਾਗੂ ਹੋਵੇਗੀ, ਜਿਥੇ ਗਾਹਕ ਕਾਊਂਟਰ ਤੋਂ ਬਾਹਰ ਸਾਮਾਨ ਖ਼ਰੀਦਦੇ ਹਨ। ਸਰਕਾਰ ਨੇ ਪੈਕਟ ਵਸਤੂਆਂ ਦੀਆਂ ਕੀਮਤਾਂ ਵੱਡੇ ਅੱਖਰਾਂ ਅਤੇ ਸੰਖਿਆ ਵਿੱਚ ਲਿਖਣ ਦੇ ਹੁਕਮ ਦਿੱਤੇ ਹਨ, ਤਾਂ ਜੋ ਗਾਹਕ ਵਸਤੂ ਦੀ ਕੀਮਤ ਨੂੰ ਆਸਾਨੀ ਨਾਲ ਦੇਖ ਸਕਣ।