ਜੀ ਐੱਸ ਟੀ ਨਾਲ ਦੇਸ਼ ਦੇ ਅਰਥਚਾਰੇ ਨੂੰ ਬਲ ਮਿਲੇਗਾ : ਅਮਿਤ ਸ਼ਾਹ


ਪਣਜੀ (ਨਵਾਂ ਜ਼ਮਾਨਾ ਸਰਵਿਸ)-ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਪਣਜੀ 'ਚ ਕਿਹਾ ਕਿ ਵਸਤੂ 'ਤੇ ਸੇਵਾ ਕਰ (ਜੀ ਐੱਸ ਟੀ) ਦੇ ਲਾਗੂ ਹੋਣ ਨਾਲ ਦੇਸ਼ ਦੇ ਅਰਥਚਾਰੇ ਨੂੰ ਬਲ ਮਿਲੇਗਾ ਅਤੇ ਇਸ ਨਾਲ ਦੇਸ਼ ਦੇ ਅਰਥਚਾਰੇ ਨੂੰ ਵਿਸ਼ਵ ਅਰਥਚਾਰੇ ਦੇ ਬਰਾਬਰ ਖੜਾ ਹੋਣ 'ਚ ਮਦਦ ਮਿਲੇਗੀ। ਸ਼ਾਹ ਗੋਆ ਦੇ ਦੋ ਦਿਨਾ ਦੌਰੇ 'ਤੇ ਹਨ। ਉਨ੍ਹਾ ਕਿਹਾ ਕਿ ਜੀ ਐੱਸ ਟੀ ਬਾਰੇ ਗ਼ਲਤ ਪ੍ਰਚਾਰ ਕਰਨ ਵਾਲੇ ਅਸਫ਼ਲ ਰਹੇ ਹਨ। ਸ਼ਾਹ ਨੇ ਕਿਹਾ ਕਿ ਸ਼ੁੱਕਰਵਾਰ ਦੀ ਅੱਧੀ ਰਾਤ ਨੂੰ ਲਾਗੂ ਜੀ ਐੱਸ ਟੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਸਭ ਤੋਂ ਵੱਡਾ ਟੈਕਸ ਸੁਧਾਰ ਹੈ। ਉਨ੍ਹਾ ਕਿਹਾ ਕਿ ਜੀ ਐੱਸ ਟੀ ਨਾਲ 125 ਕਰੋੜ ਦੀ ਆਬਾਦੀ ਵਾਲੇ ਭਾਰਤ ਨੂੰ ਵਿਸ਼ਵ ਦੇ ਹੋਰਨਾਂ ਦੇਸ਼ਾਂ ਦੇ ਬਰਾਬਰ ਖੜਾ ਕਰਨ ਵਿੱਚ ਸਹਾਇਤਾ ਮਿਲੇਗੀ। ਉਨ੍ਹਾ ਕਿਹਾ ਕਿ ਫਿਰ ਭਾਵੇਂ ਕਸ਼ਮੀਰ, ਗੁਜਰਾਤ, ਤਾਮਿਲਨਾਡੂ ਜਾਂ ਅਸਾਮ ਹੋਵੇ, ਹਰ ਥਾਂ ਇਕਸਾਰ ਕਰ ਪ੍ਰਣਾਲੀ ਹੋਵੇਗੀ ਅਤੇ ਕਿਸੇ ਦੇ ਸਾਹਮਣੇ ਕੋਈ ਰੁਕਾਵਟ ਨਹੀਂ ਆਵੇਗੀ। ਅਮਿਤ ਸ਼ਾਹ ਨੇ ਕਿਹਾ ਕਿ ਕਈ ਤਰ੍ਹਾਂ ਦੇ ਟੈਕਸਾਂ ਨੂੰ ਖ਼ਤਮ ਕਰਕੇ ਇਕਸਾਰ ਟੈਕਸ ਲਾਗੂ ਕਰਕੇ ਨਰਿੰਦਰ ਮੋਦੀ ਸਰਕਾਰ ਨੇ ਕਾਰੋਬਾਰੀਆਂ ਅਤੇ ਉਦਮੀਆਂ ਨੂੰ ਇੰਸਪੈਕਟਰੀ ਰਾਜ ਤੋਂ ਮੁਕਤੀ ਦਵਾ ਦਿੱਤੀ ਹੈ। ਭਾਜਪਾ ਦੇ ਸੂਬਾ ਪ੍ਰਧਾਨ ਵਿਨੈ ਤੇਂਦੁਲਕਰ ਨੇ ਦੱਸਿਆ ਕਿ ਅਮਿਤ ਸ਼ਾਹ ਦੋ ਹਜ਼ਾਰ ਉੱਨੀ ਦੀਆਂ ਲੋਕ ਸਭਾ ਚੋਣ ਦੀ ਰਣਨੀਤੀ ਬਣਾਉਣ, ਪਾਰਟੀ ਦੇ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਗੋਆ ਦੇ ਵਪਾਰੀਆਂ, ਉਦਯੋਗਪਤੀਆਂ, ਹੋਟਲ ਮਾਲਕਾਂ, ਚਾਰਟਰਡ ਅਕਾਊਂਟੈਂਟਾਂ, ਡਾਕਟਰਾਂ, ਬਿਲਡਰਾਂ ਅਤੇ ਹੋਰ ਵਰਗਾਂ ਨਾਲ ਸਲਾਹ ਮਸ਼ਵਰਾ ਕਰਕੇ ਨੀਤੀ ਬਣਾਉਣ ਦੀ ਯੋਜਨਾ ਲਈ ਗੋਆ ਆਏ ਹਨ।