ਜਾਧਵ ਤੱਕ ਸਫਾਰਤੀ ਪਹੁੰਚ ਦੀ ਮੰਗ ਪਾਕਿ ਨੇ ਮੁੜ ਠੁਕਰਾਈ


ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਨੇ ਐਤਵਾਰ ਨੂੰ ਇੱਕ ਵਾਰ ਫਿਰ ਕੁਲਭੂਸ਼ਣ ਜਾਧਵ ਤੱਕ ਸਫਾਰਤੀ ਪਹੁੰਚ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਇਹ 18ਵੀਂ ਵਾਰ ਹੈ ਜਦੋਂ ਪਾਕਿਸਤਾਨ ਨੇ ਜਾਧਵ ਤੱਕ ਭਾਰਤ ਦੀ ਸਫਾਰਤੀ ਮੁਲਾਕਾਤ ਦੀ ਮੰਗ ਨੂੰ ਠੁਕਰਾਇਆ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਭਾਰਤ ਨੇ ਜਲਦ ਤੋਂ ਜਲਦ ਕੁਲਭੂਸ਼ਣ ਜਾਧਵ ਨਾਲ ਸਫਾਰਤੀ ਮੁਲਾਕਾਤ ਦੀ ਮੰਗ ਦੁਹਰਾਈ ਸੀ, ਜਦੋਂ ਦੋਵਾਂ ਦੇਸ਼ਾਂ ਨੇ ਇੱਕ-ਦੂਸਰੇ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਸੂਚੀ ਦਾ ਲੈਣ-ਦੇਣ ਸਫਾਰਤੀ ਢੰਗ-ਤਰੀਕਿਆਂ ਨਾਲ ਕੀਤਾ ਸੀ। ਇਨ੍ਹਾਂ 'ਚ ਸਿਵਲ ਕੈਦੀਆਂ ਅਤੇ ਮਛੇਰਿਆਂ ਦੇ ਨਾਂਅ ਵੀ ਸ਼ਾਮਲ ਹਨ।
ਜਾਧਵ ਤੋਂ ਇਲਾਵਾ ਭਾਰਤ ਨੇ ਮੁੰਬਈ ਦੇ ਹਾਮਿਦ ਨੇਹਾਲ ਅਨਸਾਰੀ ਲਈ ਵੀ ਸਫਾਰਤੀ ਮੁਲਾਕਾਤ ਦੀ ਮੰਗ ਕੀਤੀ ਸੀ। ਅਨਸਾਰੀ ਬਾਰੇ ਕਿਹਾ ਜਾਂਦਾ ਹੈ ਕਿ 2012 'ਚ ਇੱਕ ਲੜਕੀ ਨਾਲ ਆਨਲਾਈਨ ਦੋਸਤੀ ਹੋਣ 'ਤੇ ਉਹ ਅਫਗਾਨਿਸਤਾਨ ਗਿਆ, ਜਿੱਥੋਂ ਉਹ ਗੈਰ-ਕਾਨੂੰਨੀ ਢੰਗ ਨਾਲ ਪਾਕਿਸਤਾਨ ਪਹੁੰਚ ਗਿਆ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਤਰਫੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਭਾਰਤ ਨੇ ਇੱਕ ਵਾਰ ਫਿਰ ਬੇਨਤੀ ਕੀਤੀ ਹੈ ਕਿ ਉਹ ਹਾਮਿਦ ਨੇਹਾਲ ਅਨਸਾਰੀ ਅਤੇ ਕੁਲਭੂਸ਼ਣ ਜਾਧਵ ਸਮੇਤ ਪਾਕਿਸਤਾਨ ਦੀਆਂ ਜੇਲ੍ਹਾਂ ਵਿੰਚ ਬੰਦ ਭਾਰਤੀ ਨਾਗਰਿਕਾਂ ਨੂੰ ਜਲਦੀ ਪੂਰੀ ਸਫਾਰਤੀ ਮਦਦ ਮੁਹੱਈਆ ਕਰਵਾਏ।
ਓਧਰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਤੱਥਾਂ ਨੂੰ ਨਕਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਮਾਂਡਰ ਜਾਧਵ ਭਾਰਤੀ ਜਲ ਸੈਨਾ ਦਾ ਇੱਕ ਅਧਿਕਾਰੀ ਹੈ, ਜਿਸ ਨੂੰ ਭਾਰਤ ਦੇ ਖੁਫੀਆ ਵਿਭਾਗ ਰਾਅ ਵੱਲੋਂ ਜਾਸੂਸੀ, ਅੱਤਵਾਦ ਅਤੇ ਭੰਨ-ਤੋੜ ਦੀਆਂ ਗਤੀਵਿਧੀਆਂ ਲਈ ਪਾਕਿਸਤਾਨ ਭੇਜਿਆ ਗਿਆ ਸੀ, ਜਿਸ ਦੀ ਵਜ੍ਹਾ ਨਾਲ ਕਈ ਬੇਗੁਨਾਹਾਂ ਦੀ ਜਾਨ ਗਈ।
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫੌਜੀ ਅਦਾਲਤ ਵੱਲੋਂ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਖਿਲਾਫ ਭਾਰਤ ਨੇ ਕੌਮਾਂਤਰੀ ਅਦਾਲਤ 'ਚ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਇਸ ਅਦਾਲਤ ਨੇ ਫਾਂਸੀ ਦੀ ਸਜ਼ਾ 'ਤੇ ਰੋਕ ਦਾ ਫੈਸਲਾ ਲਿਆ ਸੀ। ਕੌਮਾਂਤਰੀ ਅਦਾਲਤ ਨੇ ਭਾਰਤ ਨੂੰ ਜਾਧਵ ਮਾਮਲੇ 'ਚ ਹੋਰ ਦਸਤਾਵੇਜ਼ ਜਮ੍ਹਾਂ ਕਰਨ ਲਈ 13 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ, ਜਦਕਿ ਪਾਕਿਸਤਾਨ ਨੇ 13 ਦਸੰਬਰ ਤੱਕ ਆਪਣਾ ਪੱਖ ਰੱਖਣਾ ਹੈ।