ਦਿੱਲੀ ਪਹੁੰਚੀ ਮਾਨਸੂਨ, ਅਗਲੇ 24 ਘੰਟਿਆਂ 'ਚ ਬਾਰਸ਼

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) -ਰਾਜਧਾਨੀ ਦਿੱਲੀ 'ਚ ਅੱਜ ਮਾਨਸੂਨ ਨੇ ਦਸਤਕ ਦਿੱਤੀ ਹੈ। ਦੱਖਣੀ-ਪੱਛਮੀ ਮਾਨਸੂਨ ਦੇ ਦਿੱਲੀ ਪਹੁੰਚਣ ਨਾਲ ਰਾਜਧਾਨੀ ਸਮੇਤ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਪਿਆ ਹੈ। ਪੂਰਬੀ ਉੱਤਰ ਪ੍ਰਦੇਸ਼ 'ਚ ਇਸ ਮੀਂਹ ਨਾਲ ਭਾਰੀ ਰਾਹਤ ਮਿਲੀ ਹੈ। ਇੱਥੇ ਸੋਕੇ ਦੇ ਹਾਲਾਤ ਬਣੇ ਹੋਏ ਸੀ।
ਭਾਰਤੀ ਮੌਸਮ ਵਿਭਾਗ (ਆਈ ਐਮ ਡੀ) ਨੇ ਅਗਲੇ 24 ਘੰਟਿਆਂ 'ਚ ਪੂਰਬੀ ਰਾਜਸਥਾਨ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਵੀ ਅਗਲੇ 3-4 ਦਿਨਾਂ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।ਆਈ ਐਮ ਡੀ ਨੇ ਕਿਹਾ ਕਿ ਦੱਖਣੀ ਪੱਛਮੀ ਮਾਨਸੂਨ ਰਾਜਸਥਾਨ, ਹਿਮਾਚਲ ਪ੍ਰਦੇਸ਼ ਸਮੇਤ ਜ਼ਿਆਦਾਤਰ ਹਿੱਸਿਆਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ ਬਾਕੀ ਹਿੱਸਿਆਂ 'ਚ ਅੱਗੇ ਵਧਿਆ ਹੈ।ਇਸ ਦੇ ਨਾਲ ਹੀ ਦੇਸ਼ ਦੇ ਸਾਰੇ 36 ਸਬ ਡਿਵੀਜ਼ਨ ਮਾਨਸੂਨ ਦੇ ਘੇਰੇ 'ਚ ਹਨ।
ਪ੍ਰਾਈਵੇਟ ਮੌਸਮ ਏਜੰਸੀ ਸਕਾਈਮੈੱਟ ਦੇ ਨਿਰਦੇਸ਼ਕ ਮਹੇਸ਼ ਪਾਲਵਤ ਨੇ ਕਿਹਾ ਹੈ ਕਿ ਮਾਨਸੂਨ ਦਿੱਲੀ ਤੇ ਹਰਿਆਣਾ ਵਿੱਚ ਹੈ। ਹਰਿਆਣਾ ਦੇ ਕਈ ਹਿੱਸਿਆਂ 'ਚ 24 ਘੰਟਿਆਂ 'ਚ ਮੀਂਹ ਪਵੇਗਾ। ਜਦੋਂ ਮਾਨਸੂਨ ਆ ਜਾਵੇ ਤਾਂ 7 ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ ਹੁੰਦੀ ਹੈ। ਆਈ ਐਮ ਡੀ ਅਨੁਸਾਰ ਭਾਰਤ 'ਚ ਇਸ ਸਾਲ ਮਾਨਸੂਨ ਦੇ ਜੂਨ ਤੇ ਸਤੰਬਰ ਵਿਚਕਾਰ 98 ਫੀਸਦੀ ਮੀਂਹ ਪਵੇਗਾ।ਹੁਣ ਤੱਕ ਪਏ ਜ਼ਬਰਦਸਤ ਮੀਂਹ 'ਚ ਰਾਜਸਥਾਨ ਦਾ ਜੋਧਪੁਰ ਸ਼ਹਿਰ ਤਲਾਬ ਬਣ ਗਿਆ ਹੈ। ਕਈ ਵਾਹਨ ਵੀ ਪਾਣੀ 'ਚ ਵਹਿ ਗਏ। ਇਸੇ ਤਰ੍ਹਾਂ ਗੁਜਰਾਤ ਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਵੀ ਮੀਂਹ ਕਾਰਨ ਸਮੱਸਿਆਵਾਂ ਆਈਆਂ ਹਨ।