ਮਾਮਲਾ ਆਸ਼ੂਤੋਸ਼ ਦੀ ਸਮਾਧੀ; ਸੁਪਰੀਮ ਕੋਰਟ ਜਾਵੇਗਾ ਪੂਰਨ ਸਿੰਘ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਨੂਰਮਹਿਲ ਦੇ ਡੇਰੇ ਦਿਵਿਆ ਜਯੋਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦੀ ਦੇਹ ਸੰਭਾਲ ਕੇ ਰੱਖਣ ਦੇ ਫੈਸਲੇ ਤੋਂ ਬਾਅਦ ਆਸ਼ੂਤੋਸ਼ ਦਾ ਡਰਾਈਵਰ ਪੂਰਨ ਸਿੰਘ ਸੁਪਰੀਮ ਕੋਰਟ ਦਾ ਰੁਖ਼ ਕਰੇਗਾ। ਪੂਰਨ ਸਿੰਘ ਦਾ ਕਹਿਣਾ ਹੈ ਕਿ ਆਸ਼ੂਤੋਸ਼ ਨੂੰ ਸਾਜ਼ਿਸ਼ ਤਹਿਤ ਹੀ ਉਸ ਦੇ ਕਰੀਬੀਆਂ ਨੇ ਮਾਰਿਆ ਹੈ। ਉਹ ਇਸ ਮਾਮਲੇ ਨੂੰ ਸੁਪਰੀਮ ਕੋਰਟ 'ਚ ਲਿਜਾਵੇਗਾ। ਪੂਰਨ ਸਿੰਘ ਨੇ ਕਿਹਾ ਕਿ ਉਹ ਦਲੀਪ ਝਾਅ ਨਾਲ ਗੱਲ ਕਰਕੇ ਉਸ ਦਾ ਡੀ ਐਨ ਏ ਚੈੱਕ ਕਰਵਾਉਣ ਵਾਲੀ ਪਟੀਸ਼ਨ ਸੁਪਰੀਮ ਕੋਰਟ 'ਚ ਪਾਏਗਾ।ਪੂਰਨ ਸਿੰਘ ਉਹੀ ਡਰਾਈਵਰ ਹੈ, ਜਿਸ ਨੇ ਡੇਰੇ ਵਾਲਿਆਂ 'ਤੇ ਵੱਡੇ ਇਲਜ਼ਾਮ ਲਾਏ ਸੀ। ਉਸ ਨੇ ਕਿਹਾ ਸੀ ਕਿ ਡੇਰੇ ਵਾਲੇ ਉਸ ਨੂੰ ਮਰਵਾਉਣਾ ਚਾਹੁੰਦੇ ਹਨ, ਕਿਉਂਕਿ ਉਸ ਕੋਲ ਡੇਰੇ ਦੇ ਬਹੁਤ ਰਾਜ਼ ਹਨ। ਦੱਸਣਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਸ਼ੂਤੋਸ਼ ਦੀ ਦੇਹ ਸੰਭਾਲ ਕੇ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਪਿਛਲੇ ਤਿੰਨ ਸਾਲਾਂ ਤੋਂ ਆਸ਼ੂਤੋਸ਼ ਦਾ ਸਰੀਰ ਫਰਿੱਜ਼ 'ਚ ਪਿਆ ਹੈ। ਡਾਕਟਰਾਂ ਨੇ ਉਸ ਸਮੇਂ ਆਸ਼ੂਤੋਸ਼ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਆਸ਼ੂਤੋਸ਼ ਦਾ ਬੇਟਾ ਦਲੀਪ ਝਾਅ ਪਿਤਾ ਦੀ ਲਾਸ਼ ਮੰਗ ਰਿਹਾ ਸੀ ਤਾਂ ਕਿ ਉਹ ਸਸਕਾਰ ਕਰ ਸਕੇ। ਝਾਅ ਨੇ ਡੀ ਐਨ ਏ ਚੈੱਕ ਕਰਵਾਉਣ ਦੀ ਮੰਗ ਵੀ ਕੀਤੀ ਸੀ, ਕਿਉਂਕਿ ਡੇਰਾ ਦੇ ਸ਼ਰਧਾਲੂ ਝਾਅ ਨੂੰ ਆਸ਼ੂਤੋਸ਼ ਦਾ ਬੇਟਾ ਨਹੀਂ ਮੰਨਦੇ।