ਬਿਜਲੀ ਬਿੱਲਾਂ 'ਤੇ ਲੱਗਣ ਵਾਲੀ ਚੁੰਗੀ ਖਤਮ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਸਰਕਾਰ ਨੇ ਇੱਕ ਜੁਲਾਈ ਤੋਂ ਸੂਬੇ ਵਿੱਚ ਬਿਜਲੀ ਬਿੱਲਾਂ ਉੱਤੇ ਲੱਗਣ ਵਾਲੀ ਚੁੰਗੀ ਖਤਮ ਕਰ ਦਿੱਤੀ ਹੈ। ਇਸ ਸੰਬੰਧੀ ਜਦੋਂ ਬਿਜਲੀ ਨਿਗਮ ਦੇ ਸੀ.ਐਮ.ਡੀ. ਏ. ਵੇਨੂੰਪ੍ਰਸਾਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਜਦੋਂ ਦੇਸ਼ 'ਚ ਜੀ.ਐਸ.ਟੀ. ਲਾਗੂ ਹੋ ਗਿਆ ਹੈ ਤਾਂ ਬਾਕੀ ਰਹਿੰਦੇ ਕਰ ਖ਼ਤਮ ਹੋ ਗਏ ਹਨ, ਇਸ ਲਈ ਬਿਜਲੀ 'ਤੇ ਲਗਦੀ ਬਿਜਲੀ ਚੁੰਗੀ ਖ਼ਤਮ ਹੋ ਗਈ ਹੈ। ਅਗਲੀਆਂ ਬਿਜਲੀ ਦਰਾਂ 'ਤੇ ਬਿਜਲੀ ਬਿੱਲਾਂ 'ਚ ਚੁੰਗੀ ਲੱਗ ਕੇ ਨਹੀਂ ਆਵੇਗੀ।।
ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਚੁੰਗੀ ਤਾਂ ਮੁਆਫ਼ ਕਰ ਦਿੱਤੀ ਸੀ, ਪਰ ਬਿਜਲੀ ਨਿਗਮ ਆਪਣੇ ਖਪਤਕਾਰਾਂ ਤੋਂ ਬਿਜਲੀ ਦੇ ਬਿੱਲਾਂ 'ਤੇ ਚੁੰਗੀ ਦੀ ਵਸੂਲੀ ਕਰ ਰਿਹਾ ਸੀ ਤੇ ਇਹ ਪੈਸੇ ਸਥਾਨਕ ਸਰਕਾਰ ਵਿਭਾਗ ਨੂੰ ਜਾਂਦੇ ਦੱਸੇ ਜਾਂਦੇ ਹਨ।।
ਬਿਜਲੀ ਨਿਗਮ ਦੇ ਸੂਤਰ ਦੱਸਦੇ ਹਨ ਕਿ ਲੰਘੇ ਵਿੱਤੀ ਵਰ੍ਹੇ ਭਾਵ ਸਾਲ 2016-17 ਦੌਰਾਨ ਬਿਜਲੀ ਬਿੱਲਾਂ ਰਾਹੀਂ ਖਪਤਕਾਰਾਂ ਤੋਂ ਬਿਜਲੀ ਚੁੰਗੀ ਦੀ ਰਾਸ਼ੀ ਦੇ 128 ਕਰੋੜ ਵਸੂਲ ਹੋਏ ਸਨ। ਇਸ ਚੁੰਗੀ ਦੀ ਮੁਆਫ਼ੀ ਨਾਲ ਇਸ ਵਾਰ ਇਹ ਰਾਸ਼ੀ ਹੋਰ ਵਧਣ ਦੀ ਸੰਭਾਵਨਾ ਸੀ, ਪਰ ਪੰਜਾਬ ਸਰਕਾਰ ਨੇ ਇਸ ਨੂੰ ਮੁਆਫ਼ ਕਰਕੇ ਪੰਜਾਬ ਦੇ 60 ਲੱਖ ਤੋਂ ਵੱਧ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ।