ਜਨਮ ਤਾਂ ਦੇ ਦਿੱਤਾ, ਧੀ ਨੂੰ ਸਵੀਕਾਰ ਨਹੀਂ ਕਰ ਰਹੀ ਮਾਂ!


ਬਠਿੰਡਾ (ਬਖਤੌਰ ਢਿੱਲੋਂ)
ਅੱਜ ਦੇ ਵਿਗਿਆਨਕ ਯੁੱਗ 'ਚ ਵੀ ਪਿੰਡਾਂ ਵਿੱਚ ਰਹਿ ਰਹੇ ਦਲਿਤ ਪਰਵਾਰਾਂ ਦਾ ਇਕ ਹਿੱਸਾ ਪੰਦਰ੍ਹਵੀਂ ਸਦੀ ਦੀ ਸੋਚ ਦੇ ਧਾਰਨੀ ਦਿਖਾਈ ਦੇ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਇੱਕ ਮੁਟਿਆਰ ਪ੍ਰਿਅੰਕਾ ਵੱਲੋਂ ਪੁੱਤਰੀ ਪੈਦਾ ਹੋਣ ਉਪਰੰਤ ਮਾਂ ਦੇ ਕਹਿਣ 'ਤੇ ਆਪਣੇ ਢਿੱਡ ਦੀਆਂ ਆਂਦਰਾਂ ਨਵਜੰਮੀ ਬੱਚੀ ਨੂੰ ਹਸਪਤਾਲ ਵਿੱਚ ਵਿਲਕਦਿਆਂ ਛੱਡ ਕੇ ਪੇਕੇ ਚਲੀ ਜਾਣ ਤੋਂ ਪਰਤੱਖ ਹੁੰਦੀ ਹੈ, ਪਰ ਮਰਨ ਲਈ ਛੱਡੀ ਇਸ ਬੱਚੀ ਨੂੰ ਉਸ ਦੇ ਬਾਪ ਅਤੇ ਦਾਦੀ ਨੇ ਮੌਤ ਦੇ ਮੂੰਹ 'ਚੋਂ ਬਚਾਅ ਲਿਆ ਹੈ। ਬੱਚੀ ਦੇ ਬਾਪ ਨੇ ਜ਼ਿਲ੍ਹਾ ਪੁਲਸ ਮੁਖੀ ਬਠਿੰਡਾ ਨੂੰ ਇੱਕ ਦਰਖਾਸਤ ਪੇਸ਼ ਕਰਕੇ ਨਵਜੰਮੀ ਬੱਚੀ ਨੂੰ ਮੌਤ ਵੱਲ ਧੱਕਣ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਜ਼ਿਲ੍ਹੇ ਦੇ ਪਿੰਡ ਝੰਡੂ ਕੇ ਦੇ ਰਮਦਾਸੀਆ ਜਾਤੀ ਨਾਲ ਸੰਬੰਧਤ ਪੱਪੂ ਸਿੰਘ ਨੇ ਦੱਸਿਆ ਕਿ ਉਸ ਦੀ ਸ਼ਾਦੀ ਸਾਲ 2016 ਵਿੱਚ ਪ੍ਰਿਅੰਕਾ ਪੁੱਤਰੀ ਅਮੀ ਚੰਦ ਵਾਸੀ ਸਿੰਘੇਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਨਾਲ ਹੋਈ ਸੀ। ਉਸ ਅਨੁਸਾਰ ਜਦ ਪ੍ਰਿਅੰਕਾ ਗਰਭਵਤੀ ਹੋ ਗਈ ਤਾਂ, ਉਸ ਦੀ ਮਾਤਾ ਛਿੰਦਰਪਾਲ ਕੌਰ ਅਤੇ ਪਿਤਾ ਅਮੀ ਚੰਦ ਭਰੂਣ ਟੈਸਟ ਕਰਾਉਣ ਲਈ ਦਬਾਅ ਪਾਉਣ ਲੱਗੇ, ਤਾਂ ਜੋ ਲੜਕੀ ਪੈਦਾ ਹੋਣ ਤੋਂ ਬਚਾਇਆ ਜਾ ਸਕੇ। ਪੱਪੂ ਨੇ ਦੱਸਿਆ ਕਿ ਉਹ ਖੁਦ ਬੀ ਏ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਉਹਨਾਂ ਦਾ ਪਰਵਾਰ ਸਿਆਸੀ ਤੇ ਵਿਗਿਆਨਕ ਸਮਝ ਵਾਲਾ ਹੋਣ ਕਰਕੇ ਉਹਨਾਂ ਅਜਿਹਾ ਟੈਸਟ ਕਰਾਉਣ ਤੋਂ ਕੋਰਾ ਜਵਾਬ ਦੇ ਦਿੱਤਾ, ਪਰ ਜਦ ਸਹੁਰਾ ਪਰਵਾਰ ਨੇ ਬਹੁਤ ਦਬਾਅ ਪਾਇਆ ਤਾਂ ਉਸ ਨੇ ਭਰੂਣ ਟੈਸਟ ਨਾਲੋਂ ਆਪਣਾ ਜੀਵਨ ਖਤਮ ਕਰਨ ਨੂੰ ਤਰਜੀਹ ਦਿੰਦਿਆਂ ਕੀੜੇਮਾਰ ਦਵਾਈ ਪੀ ਲਈ, ਪਰੰਤੂ ਪਰਵਾਰ ਨੇ ਸਮੇਂ ਸਿਰ ਇਲਾਜ ਕਰਵਾ ਕੇ ਉਸ ਨੂੰ ਬਚਾਅ ਲਿਆ।
ਪੱਪੂ ਸਿੰਘ ਨੇ ਦੱਸਿਆ ਕਿ ਇੱਕ ਵਾਰ ਪ੍ਰਿਅੰਕਾ ਆਪਣੇ ਪੇਕੇ ਸਿੰਘੇਵਾਲਾ ਵਿਖੇ ਗਈ ਅਤੇ ਉਸ ਨੇ ਆ ਕੇ ਦੱਸਿਆ ਕਿ ਉਸ ਦੇ ਪੇਟ ਵਿਚਲਾ ਬੱਚਾ ਲੜਕੀ ਹੈ, ਜਿਸ ਨੂੰ ਉਹ ਅਤੇ ਉਸ ਦਾ ਪੇਕਾ ਪਰਵਾਰ ਪੈਦਾ ਨਹੀਂ ਕਰਨਾ ਚਾਹੁੰਦਾ। ਬਹੁਤ ਦਬਾਅ ਪਾਉਣ 'ਤੇ ਵੀ ਉਹਨਾਂ ਦੇ ਪਰਵਾਰ ਨੇ ਕੋਈ ਪ੍ਰਵਾਹ ਨਾ ਕੀਤੀ। ਆਖਰ ਬੱਚੇ ਦੇ ਜਨਮ ਲਈ ਪ੍ਰਿਅੰਕਾ ਨੂੰ ਜਨਵਰੀ 2017 'ਚ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਵੱਡੇ ਅਪਰੇਸ਼ਨ ਨਾਲ ਪੁੱਤਰੀ ਪੈਦਾ ਹੋਈ, ਜਿਸ ਦਾ ਨਾਂ ਨਵਦੀਪ ਕੌਰ ਰੱਖਿਆ ਗਿਆ।
ਪੱਪੂ ਸਿੰਘ ਨੇ ਦੱਸਿਆ ਕਿ ਜਨਮ ਸਮੇਂ ਬੱਚੀ ਦੀ ਹਾਲਤ ਬਹੁਤ ਨਾਜ਼ੁਕ ਸੀ, ਇਸ ਮੌਕੇ ਬੱਚੀ ਨੂੰ ਸੰਭਾਲਣ ਦੇ ਉਲਟ ਪ੍ਰਿਅੰਕਾਂ ਆਪਣੀ ਇਸ ਨਵਜੰਮੀ ਬੱਚੀ ਨੂੰ ਮਰਨ ਲਈ ਵਿਲਕਦਿਆਂ ਛੱਡ ਕੇ ਆਪਣੀ ਮਾਂ ਨਾਲ ਪੇਕੇ ਘਰ ਚਲੀ ਗਈ, ਪਰ ਉਸ ਨੇ ਅਤੇ ਬੱਚੀ ਦੀ ਦਾਦੀ ਨੇ ਬਹੁਤ ਮਿਹਨਤ ਕਰਕੇ ਇਸ ਬੱਚੀ ਨੂੰ ਬਚਾਅ ਲਿਆ।
ਪੱਪੂ ਸਿੰਘ ਨੇ ਦੱਸਿਆ ਕਿ ਇਸ ਉਪਰੰਤ ਵੀ ਉਹ ਖੁਦ ਕਈ ਵਾਰ ਪ੍ਰਿਅੰਕਾ ਨੂੰ ਲੈਣ ਲਈ ਉਸ ਦੇ ਪੇਕੇ ਘਰ ਗਿਆ ਅਤੇ ਪੰਚਾਇਤੀ ਵਿਅਕਤੀ ਵੀ ਗਏ ਤਾਂ ਜੋ ਪ੍ਰਿਅੰਕਾ ਆਪਣੇ ਸਹੁਰੇ ਘਰ ਆ ਕੇ ਬੱਚੀ ਨੂੰ ਪਾਲ ਲਵੇ, ਪਰ ਉਸ ਨੇ ਆਉਣ ਤੋਂ ਜਵਾਬ ਦੇ ਦਿੱਤਾ ਹੈ। ਬੱਚੀ ਨਵਦੀਪ ਕੌਰ ਨੂੰ ਉਸ ਦੀ ਦਾਦੀ ਸੰਭਾਲ ਰਹੀ ਹੈ ਅਤੇ ਹੁਣ ਉਹ ਕਈ ਮਹੀਨਿਆਂ ਦੀ ਹੋ ਗਈ ਹੈ। ਪੱਪੂ ਸਿੰਘ ਨੇ ਜ਼ਿਲ੍ਹਾ ਪੁਲਸ ਮੁਖੀ ਬਠਿੰਡਾ ਕੋਲ ਦਰਖਾਸਤ ਪੇਸ਼ ਕਰਕੇ ਇਸ ਸਾਰੇ ਮਾਮਲੇ ਤੋਂ ਜਾਣੂ ਕਰਵਾ ਕੇ ਬੱਚੀ ਨੂੰ ਮੌਤ ਦੇ ਮੂੰਹ ਵੱਲ ਧੱਕਣ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਜਿਹਨਾਂ ਐਸ ਪੀ ਐਚ ਸ੍ਰੀ ਭੁਪਿੰਦਰ ਸਿੰਘ ਨੂੰ ਜਾਂਚ ਅਧਿਕਾਰੀ ਨਿਯੁਕਤ ਕਰਕੇ ਇਸ ਸੰਬੰਧੀ ਡੂੰਘਾਈ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।