ਕਿਸਾਨ ਕਰਜ਼ਾ ਮੁਕਤੀ ਯਾਤਰਾ 'ਤੇ ਮੱਧ ਪ੍ਰਦੇਸ਼ ਦੀ ਪੁਲਸ ਵੱਲੋਂ ਜਬਰ


ਚੰਡੀਗੜ੍ਹ
(ਨਵਾਂ ਜ਼ਮਾਨਾ ਸਰਵਿਸ)
ਅੱਜ 6 ਜੁਲਾਈ ਨੂੰ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੀ ਅਗਵਾਈ ਵਿਚ ਕੋਈ 150 ਕਿਸਾਨਾਂ ਦੀਆਂ ਜਥੇਬੰਦੀਆਂ ਵਲੋਂ ਕਰਜ਼ਾ ਮੁਕਤੀ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ।
ਇਹ ਯਾਤਰਾ ਸ਼ੁਰੂ ਪਿੰਡ ਪਿੱਪਲੀਆਂ ਮੰਡੀ, ਜ਼ਿਲ੍ਹਾ ਮਦਸੌਰ, ਮੱਧ ਪ੍ਰਦੇਸ਼ ਵਿਖੇ ਅੱਜ ਤੋਂ ਇਕ ਮਹੀਨਾ ਪਹਿਲਾਂ ਮੱਧ ਪ੍ਰਦੇਸ਼ ਦੀ ਪੁਲਸ ਵਲੋਂ ਸੰਘਰਸ਼ ਕਰ ਰਹੇ 6 ਕਿਸਾਨਾਂ ਨੂੰ ਜਿੱਥੇ ਸ਼ਹੀਦ ਕੀਤਾ, ਨੂੰ ਸ਼ਰਧਾਂਜਲੀ ਦੇ ਕੇ ਪਿੰਡ ਪਿੱਪਲੀਆਂ ਵਿਖੇ ਸ਼ੁਰੂ ਕਰਨਾ ਸੀ। ਇਥੇ ਕੱਲ੍ਹ ਦੇਰ ਰਾਤ ਤੱਕ ਹੀ ਹਜ਼ਾਰਾਂ ਕਿਸਾਨ ਨੇੜੇ ਇਕ ਪਿੰਡ ਬੁਖ ਕਸਬਾ ਪਹੁੰਚ ਗਏ ਸਨ, ਜੋ ਪਿੱਪਲੀਆਂ ਮੰਡੀ ਤੋਂ 12 ਕਿਲੋਮੀਟਰ ਦੀ ਦੂਰੀ 'ਤੇ ਹੈ।
ਜਦੋਂ ਅੱਜ ਸਵੇਰੇ 10-11 ਵਜੇ ਉਥੋਂ ਯਾਤਰਾ ਸ਼ੁਰੂ ਕੀਤੀ ਗਈ ਤਾਂ ਵੱਡੀ ਪੁਲਸ ਫੋਰਸ ਤੇ ਪੈਰਾ ਮਿਲਟਰੀ ਫੋਰਸ ਨੇ ਉਨ੍ਹਾਂ ਨੂੰ ਦੁਪਹਿਰੇ 1.30 ਵਜੇ ਪਿੰਡ ਪਿੱਪਲੀਆਂ ਮੰਡੀ ਵਿਖੇ ਜਬਰੀ ਰੋਕ ਲਿਆ। ਔਰਤਾਂ ਅਤੇ ਆਗੂਆਂ ਨਾਲ ਸਮੇਤ ਕਿਸਾਨਾਂ ਦੇ ਕਾਫ਼ੀ ਧੱਕਾ-ਮੁੱਕੀ ਬਾਅਦ ਹਜ਼ਾਰਾਂ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਅਣਦੱਸੀ ਥਾਂ 'ਤੇ ਲੈ ਗਏ, ਜਿਨ੍ਹਾਂ ਦੀ ਅਗਵਾਈ ਮੁੱਖ ਰੂਪ ਵਿਚ ਡਾ. ਦਰਸ਼ਨਪਾਲ ਆਗੂ ਬੀ. ਕੇ. ਯੂ. ਡਕੌਂਦਾ, ਰੁਲਦੂ ਸਿੰਘ ਮਾਨਸਾ ਆਗੂ ਪੰਜਾਬ ਕਿਸਾਨ ਯੂਨੀਅਨ, ਮੇਧਾ ਪਾਟਕਰ ਔਰਤ ਕਿਸਾਨ ਆਗੂ ਤੇ ਨਰਮਦਾ ਬਚਾਓ ਅੰਦੋਲਨ, ਯੋਗਿੰਦਰ ਯਾਦਵ ਜੈ ਕਿਸਾਨ, ਜੈ ਜਵਾਨ ਅੰਦੋਲਨ, ਵੀ. ਐਮ. ਸਿੰਘ ਕਿਸਾਨ ਆਗੂ ਯੂ. ਪੀ., ਪ੍ਰੇਮ ਸਿੰਘ ਗਹਿਲਾਵਤ ਕਿਸਾਨ ਆਗੂ ਹਰਿਆਣਾ ਅਤੇ ਰਾਮਪਾਲ ਜਾਟ ਰਾਜਸਥਾਨ ਅਤੇ ਹੋਰ ਸੈਂਕੜੇ ਕਿਸਾਨ ਆਗੂ ਅਤੇ ਔਰਤ ਆਗੂ ਹਨ। ਯਾਦ ਰਹੇ ਕਿ ਕਿਸਾਨ ਕਰਜ਼ਾ ਮੁਕਤੀ ਯਾਤਰਾ ਨੇ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਦੀ ਅਗਵਾਈ ਵਿਚ ਪਿੱਪਲੀਆਂ ਮੰਡੀ ਮੱਧ ਪ੍ਰਦੇਸ਼ ਤੋਂ ਸ਼ੁਰੂ ਹੋ ਕੇ, ਗੁਜਰਾਤ, ਰਾਜਸਥਾਨ, ਹਰਿਆਣਾ ਵਿਚ ਦੀ ਹੁੰਦਾ ਹੋਇਆ 18 ਜੁਲਾਈ ਨੂੰ ਜੰਤਰ ਮੰਤਰ ਦਿੱਲੀ ਵਿਖੇ ਕਿਸਾਨਾਂ ਦੇ ਕਰਜ਼ੇ ਦੇ ਖਾਤਮੇ ਤੇ ਉਨ੍ਹਾਂ ਦੀਆਂ ਫਸਲਾਂ ਦੇ ਵਾਜਬ ਲਾਹੇਵੰਦ ਭਾਅ ਲਈ ਅਣਮਿਥੇ ਸਮੇਂ ਦਾ ਅੰਦੋਲਨ, ਅਣਮਿਥੇ ਸਮੇਂ ਦਾ ਧਰਨਾ ਦੇ ਕੇ ਕਰਨਾ ਹੈ।
ਅੱਜ ਦੇ ਪ੍ਰੈਸ ਬਿਆਨ ਵਿਚ ਬੂਟਾ ਸਿੰਘ ਬੁਰਜਗਿੱਲ ਤੇ ਜਗਮੋਹਨ ਸਿੰਘ ਪਟਿਆਲਾ ਬੀ. ਕੇ. ਯੂ. ਡਕੌਂਦਾ ਨੇ ਮੱਧ ਪ੍ਰਦੇਸ਼ ਸਰਕਾਰ ਦੀ ਜਬਰੀ ਇਸ ਅੰਦੋਲਨ ਨੂੰ ਰੋਕਣ ਦੀ ਨਿਖੇਧੀ ਕੀਤੀ। ਉਥੇ ਕਿਸਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਨਾ ਭੇਟ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ ਤੇ ਬਿਨਾਂ ਸ਼ਰਤ ਸਾਰੇ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਹ ਐਲਾਨ ਵੀ ਕੀਤੀ ਕਿ ਕਿਸਾਨਾਂ ਦੀ ਕਰਜ਼ਾ ਮੁਕਤੀ ਅਤੇ ਲਾਹੇਵੰਦ ਫਸਲਾਂ ਦੇ ਭਾਅ ਮਿਲਣ ਤੱਕ ਇਹ ਦੇਸ਼ ਪੱਧਰੀ ਸਾਂਝਾ ਅੰਦੋਲਨ ਜਾਰੀ ਰਹੇਗਾ।