ਲਾਲੂ ਪਰਵਾਰ ਦੇ ਟਿਕਾਣਿਆਂ 'ਤੇ ਛਾਪੇਮਾਰੀ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਸੀ ਬੀ ਆਈ ਨੇ ਹੋਟਲਾਂ ਦੀ ਦੇਖਭਾਲ ਲਈ ਟੈਂਡਰ ਦੇਣ 'ਚ ਕਥਿਤ ਕੀਤੀਆਂ ਗਈਆਂ ਬੇਨਿਯਮੀਆਂ ਦੇ ਇੱਕ ਤਾਜ਼ਾ ਮਾਮਲੇ 'ਚ ਸ਼ੁੱਕਰਵਾਰ ਨੂੰ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਪਰਵਾਰ ਦੇ ਮੈਂਬਰਾਂ ਦੀਆਂ ਰਿਹਾਇਸ਼ਾਂ 'ਤੇ ਛਾਪੇਮਾਰੀ ਕੀਤੀ। ਸੀ ਬੀ ਆਈ ਨੇ ਪ੍ਰੈਸ ਕਾਨਫ਼ਰੰਸ ਕਰਕੇ ਦਸਿਆ ਹੈ ਕਿ ਲਾਲੂ ਨੇ ਰੇਲ ਮੰਤਰੀ ਹੁੰਦਿਆਂ ਘੁਟਾਲਾ ਕੀਤਾ ਸੀ। ਸੀ ਬੀ ਆਈ ਨੇ ਖੁਲਾਸਾ ਵੀ ਕੀਤਾ ਕਿ ਕਿਵੇਂ ਟੈਂਡਰ ਦੇ ਬਦਲੇ ਲਾਲੂ ਨੇ 32 ਕਰੋੜ ਦੀ ਜ਼ਮੀਨ ਨੂੰ 65 ਲੱਖ ਰੁਪਏ 'ਚ ਖ਼ਰੀਦਿਆ ਸੀ। ਸੀ ਬੀ ਆਈ ਅਧਿਕਾਰੀ ਰਾਕੇਸ਼ ਅਸਥਾਨਾ ਨੇ ਦਸਿਆ ਕਿ ਪੰਜ ਜੁਲਾਈ ਨੂੰ ਕੇਸ ਦਰਜ ਕੀਤਾ ਗਿਆ ਸੀ। ਸੀ ਬੀ ਆਈ ਨੇ ਲਾਲੂ ਅਤੇ ਉਨ੍ਹਾ ਦੇ ਪਰਵਾਰ ਸਮੇਤ 8 ਵਿਅਕਤੀਆਂ ਵਿਰੁੱਧ ਆਈ ਪੀ ਸੀ ਦੀ ਧਾਰਾ 420 (ਧੋਖਾਧੜੀ) 120 ਬੀ (ਅਪਰਾਧਿਕ ਸਾਜ਼ਿਸ਼) 13, 13(1) (ਡੀ) ਪੀ ਸੀ ਐਕਟ ਦਾ ਮਾਮਲਾ ਦਰਜ ਕੀਤਾ ਹੈ।
ਸੀ ਬੀ ਆਈ ਅਧਿਕਾਰੀ ਨੇ ਦਸਿਆ ਹੈ ਕਿ ਰੇਲਵੇ ਦੇ ਦੋ ਹੋਟਲ ਬੀ ਐਨ ਆਰ ਹੋਟਲ ਪੁਰੀ ਅਤੇ ਰਾਂਚੀ ਬੀ ਐਨ ਆਰ ਹੋਟਲ ਨੂੰ ਆਈ ਆਰ ਸੀ ਟੀ ਸੀ ਨੂੰ ਟ੍ਰਾਂਸਫਰ ਕੀਤੇ ਗਏ ਸਨ। ਇਹਨਾ ਹੋਟਲਾਂ ਨੂੰ ਦੇਖਭਾਲ ਅਤੇ ਰੱਖਰਖਾਵ ਲਈ ਪ੍ਰਾਈਵੇਟ ਕੰਪਨੀ ਨੂੰ ਲੀਜ਼ ਆਊਟ ਦਾ ਫ਼ੈਸਲਾ ਲਿਆ ਗਿਆ ਸੀ ਅਤੇ ਲੀਜ਼ ਆਊਟ ਕਰਨ ਲਈ ਟੈਂਡਰ ਕੱਢੇ ਗਏ ਸਨ। ਇਹ ਟੈਂਡਰ ਸੁਜਾਤਾ ਪ੍ਰਾਈਵੇਟ ਲਿਮਟਿਡ ਨੂੰ ਦਿੱਤੇ ਗਏ ਸਨ। ਸੁਜਾਤਾ ਪ੍ਰਾਈਵੇਟ ਲਿਮਟਿਡ ਦੇ ਮਾਲਕ ਵਿਜੇ ਕੋਚਰ ਅਤੇ ਵਿਨੇ ਕੋਚਰ ਹਨ। ਸੁਜਾਤਾ ਕੰਪਨੀ ਨੇ ਟੈਂਡਰ ਮਿਲਣ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਨੂੰ ਜ਼ਮੀਨ ਦਿੱਤੀ ਸੀ। ਇਹ ਜ਼ਮੀਨ ਸਿੱਧੀ ਲਾਲੂ ਦੇ ਨਾਂਅ ਕੀਤੀ ਗਈ ਸੀ। ਪਹਿਲਾਂ ਇਹ ਜ਼ਮੀਨ ਸਰਲਾ ਗੁਪਤਾ ਦੀ ਕੰਪਨੀ ਮੈਸਰਜ਼ ਡਿਲਾਈਟ ਪ੍ਰਾਈਵੇਟ ਲਿਮਟਿਡ ਨੂੰ ਟ੍ਰਾਂਸਫਰ ਕੀਤੀ ਗਈ। ਸਾਲ 2010 ਅਤੇ 2014 'ਚ ਜਦੋਂ ਲਾਲੂ ਰੇਲ ਮੰਤਰੀ ਨਹੀਂ ਸਨ ਤਾਂ ਇਹ ਜ਼ਮੀਨ ਲਾਲੂ ਪ੍ਰਸ਼ਾਦ ਯਾਦਵ ਦੀ ਕੰਪਨੀ ਮੈਸਰਜ਼ ਲਾਰਾ ਪ੍ਰਾਜੈਕਟ ਐਲ ਐਲ ਪੀ ਨੂੰ ਟ੍ਰਾਂਸਫਰ ਕੀਤੀ ਗਈ।
ਸੀ ਬੀ ਆਈ ਅਧਿਕਾਰੀ ਨੇ ਦਸਿਆ ਹੈ ਕਿ 32 ਕਰੋੜ ਦੀ ਜ਼ਮੀਨ ਨੂੰ ਸਿਰਫ਼ 65 ਲੱਖ ਰੁਪਏ 'ਚ ਟ੍ਰਾਂਸਫਰ ਕੀਤਾ ਗਿਆ। ਇਹਨਾਂ ਗੜਬੜੀਆਂ ਨੂੰ ਦੇਖਦਿਆਂ ਸੀ ਬੀ ਆਈ ਨੇ ਸ਼ੁੱਕਰਵਾਰ ਨੂੰ ਲਾਲੂ ਦੇ 12 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਲਾਲੂ ਤੋਂ ਇਲਾਵਾ ਉਸ ਦੇ ਪੁੱਤਰ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਉਸ ਵੇਲੇ ਦੇ ਆਈ ਆਰ ਸੀ ਟੀ ਸੀ ਦੇ ਐਸ ਡੀ ਪੀ ਕੇ ਗੋਇਲ, ਲਾਲੂ ਦੇ ਨਜ਼ਦੀਕੀ ਪ੍ਰੇਮ ਚੰਦ ਗੁਪਤਾ ਦੀ ਪਤਨੀ ਸਰਲਾ ਗੁਪਤਾ ਅਤੇ ਕੁਝ ਹੋਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।