Latest News
ਸੇਵਾ-ਮੁਕਤ ਫੌਜੀ ਦੇ ਦਲਿਤ ਕੋਟੇ 'ਚੋਂ ਲਏ ਪੈਟਰੋਲ ਪੰਪ 'ਤੇ ਕਾਂਗਰਸੀ ਵਿਧਾਇਕ ਦੀ ਸ਼ਹਿ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼

Published on 08 Jul, 2017 11:06 AM.


ਬਠਿੰਡਾ (ਬਖਤੌਰ ਢਿੱਲੋਂ)
ਭਾਰਤ ਦੀ ਸਰਹੱਦ 'ਤੇ ਜਾਨ ਹੂਲ ਕੇ 28 ਸਾਲ ਦੇਸ਼ ਦੀ ਰਾਖੀ ਕਰਨ ਵਾਲਾ ਸੂਬੇਦਾਰ ਸੁਖਦਰਸ਼ਨ ਸਿੰਘ ਸੇਵਾ-ਮੁਕਤ ਹੋਣ ਉਪਰੰਤ ਦਲਿਤ ਕੋਟੇ 'ਚੋਂ ਹਾਸਿਲ ਕੀਤੇ ਆਪਣੇ ਪੈਟਰੋਲ ਪੰਪ 'ਤੇ ਪੈਸੇ ਦੇ ਜ਼ੋਰ, ਪੁਲਸ ਅਧਿਕਾਰੀਆਂ ਦੀ ਬੇਇਨਸਾਫੀ ਅਤੇ ਕਾਂਗਰਸੀ ਵਿਧਾਇਕ ਤੇ ਕੰਪਨੀ ਅਧਿਕਾਰੀਆਂ ਦੀ ਸ਼ਹਿ 'ਤੇ ਕਬਜ਼ਾ ਕਰਨ ਦੀ ਕੋਸ਼ਿਸ ਕਰਨ ਵਾਲੇ ਜਨਰਲ ਵਰਗ ਦੇ ਵਿਅਕਤੀ ਤੋਂ ਬਚਾਉਣ ਲਈ ਹੁਣ ਉਦੋਂ ਭੁੱਖ ਹੜਤਾਲ ਕਰਨ ਲਈ ਮਜਬੂਰ ਹੋ ਰਿਹਾ ਹੈ, ਜਦ ਰਾਜ ਦੀ ਸੱਤਾ ਦੀ ਵਾਗਡੋਰ ਇੱਕ ਸੇਵਾ-ਮੁਕਤ ਫੌਜੀ ਅਫ਼ਸਰ ਕੋਲ ਹੈ।
ਦਲਿਤ ਸੇਵਾ-ਮੁਕਤ ਸੂਬੇਦਾਰ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਉਸਨੇ ਅਨੁਸੂਚਿਤ ਜਾਤੀ ਦੇ ਕੋਟੇ 'ਚੋਂ ਇੰਡੀਅਨ ਆਇਲ ਕੰਪਨੀ ਦਾ ਇੱਕ ਪੈਟਰੋਲ ਪੰਪ ਭਾਰਤ ਆਟੋ ਕੇਅਰ ਲਾਇਸੰਸ ਨੰਬਰ ਪੀ ਬੀ 1736 ਫੂਸ ਮੰਡੀ ਹਾਸਿਲ ਕਰਕੇ ਜੱਸੀ ਪੌ ਵਾਲੀ ਚੌਕ ਕੋਲ ਸਥਾਪਿਤ ਕੀਤਾ ਸੀ। ਕੁਝ ਸਮੇਂ ਬਾਅਦ ਜਨਰਲ ਵਰਗ ਦੇ ਇੱਕ ਵਿਅਕਤੀ ਜੀਤ ਸਿੰਘ ਨੇ ਉਸ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਅਤੇ ਪੰਪ ਦਾ ਕੰਮ ਚੰਗੇ ਢੰਗ ਨਾਲ ਚਲਾਉਣ ਦਾ ਭਰੋਸਾ ਦੇ ਕੇ ਪੰਪ ਵਿੱਚ 25 ਫੀਸਦੀ ਦੀ ਹਿੱਸੇਦਾਰ ਆਪਣੀ ਪਤਨੀ ਕਮਲਾ ਦੇਵੀ ਬਣਾ ਲਈ, ਜਦਕਿ ਕਾਨੂੰਨ ਅਨੁਸਾਰ ਦਲਿਤ ਕੋਟੇ ਵਾਲਾ ਪੈਟਰੋਲ ਪੰਪ ਜਨਰਲ ਵਰਗ ਦਾ ਵਿਅਕਤੀ ਖਰੀਦ ਨਹੀਂ ਸਕਦਾ। ਇਸ ਉਪਰੰਤ ਜਦ ਉਹ ਪੈਟਰੋਲ ਪੰਪ 'ਤੇ ਖੁਦ ਬੈਠਣ ਲੱਗ ਗਿਆ ਤਾਂ ਉਸਦੀ ਨੀਅਤ ਵਿਗੜ ਗਈ ਤੇ ਪੰਪ ਦਾ ਇਕੱਲਾ ਮਾਲਕ ਬਣਨ ਦੀਆਂ ਸਾਜ਼ਿਸ਼ਾਂ ਕਰਨ ਲੱਗ ਪਿਆ। ਪੀੜਤ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਪਤਨੀ ਦੀ ਅਚਾਨਕ ਮੌਤ ਉਪਰੰਤ ਜਦ ਉਹ ਬੀਮਾਰ ਹੋ ਗਿਆ ਤਾਂ ਮੌਕੇ ਦਾ ਫਾਇਦਾ ਉਠਾਉਂਦਿਆਂ ਉਸਨੇ ਮਾਲਕ ਦੇ ਨਾਂਅ 'ਤੇ ਬੈਂਕ ਪਾਸੋਂ 50 ਲੱਖ ਦੀ ਲਿਮਟ ਬਣਾ ਕੇ ਰਕਮ ਕਢਵਾ ਕੇ ਵਰਤ ਲਈ। ਇੱਥੇ ਹੀ ਬੱਸ ਨਹੀਂ, ਉਸਨੇ ਮਾਲਕ ਦੇ ਚੈੱਕਾਂ ਰਾਹੀਂ ਕਈ ਲੱਖ ਰੁਪਏ ਹੋਰ ਕਢਵਾ ਲਏ। ਪੀੜਤ ਨੇ ਦੱਸਿਆ ਕਿ ਜਦ ਉਹ ਤੰਦਰੁਸਤ ਹੋ ਕੇ ਪੈਟਰੋਲ ਪੰਪ 'ਤੇ ਗਿਆ ਤਾਂ ਉਸਨੂੰ ਉੱਥੇ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਉਸਨੇ ਸਾਲ 2015 ਵਿੱਚ ਜ਼ਿਲ੍ਹਾ ਪੁਲਸ ਮੁਖੀ ਬਠਿੰਡਾ ਨੂੰ ਸ਼ਿਕਾਇਤ ਕਰਕੇ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ, ਪਰ ਕਥਿਤ ਦੋਸ਼ੀ ਜੀਤ ਸਿੰਘ ਨੇ ਪੈਸੇ ਅਤੇ ਸਿਫਾਰਸ਼ ਦੇ ਜ਼ੋਰ ਨਾਲ ਇਹ ਸ਼ਿਕਾਇਤ ਦਬਾਅ ਦਿੱਤੀ।
ਪੀੜਤ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਜਦ ਪੁਲਸ ਅਤੇ ਕੰਪਨੀ ਦੇ ਸਥਾਨਕ ਅਧਿਕਾਰੀਆਂ ਨੇ ਵੀ ਉਸਦੀ ਸੁਣਵਾਈ ਨਾ ਕੀਤੀ ਤਾਂ ਉਸਨੇ ਮੈਂਬਰ ਪਾਰਲੀਮੈਂਟ ਚਿਰਾਗ ਪਾਸਵਾਨ ਰਾਹੀਂ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਕੋਲ ਪੱਤਰ ਭੇਜਿਆ, ਜਿਸਦਾ ਜਵਾਬ ਮੰਗਣ 'ਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸਥਾਨਕ ਅਧਿਕਾਰੀਆਂ ਨੇ ਕਥਿਤ ਦੋਸ਼ੀ ਨੂੰ ਬਚਾਉਣ ਵਾਲਾ ਗੋਲਮੋਲ ਉੱਤਰ ਭੇਜ ਦਿੱਤਾ। ਉਸ ਅਨੁਸਾਰ ਜਦ ਉਹਨਾਂ ਮੁੜ ਕੇਂਦਰੀ ਮੰਤਰੀ ਨੂੰ ਅਸਲੀਅਤ ਤੋਂ ਜਾਣੂ ਕਰਵਾਇਆ ਤਾਂ ਉਹਨਾਂ ਦੀ ਦੁਬਾਰਾ ਕੀਤੀ ਹਦਾਇਤ 'ਤੇ ਸਥਾਨਕ ਕੰਪਨੀ ਅਧਿਕਾਰੀਆਂ ਨੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ, ਪਰ ਸਿੱਟਾ ਕੱਢਣ 'ਤੇ ਜਦ ਇੰਡੀਅਨ ਆਇਲ ਕੰਪਨੀ ਦੇ ਸੇਲ ਅਫਸਰ ਰਾਹੁਲ ਕੁਮਾਰ ਤੇ ਡਵੀਜ਼ਨਲ ਅਫਸਰ ਅਤੁਲ ਗੁਪਤਾ ਦੇ ਕਹਿਣ 'ਤੇ ਉਹ ਅਤੇ ਉਸਦਾ ਮੈਨੇਜਰ ਜਰਮਨਜੀਤ ਸਿੰਘ ਪੈਟਰੋਲ ਪੰਪ 'ਤੇ ਗਏ ਤਾਂ ਕਥਿਤ ਦੋਸ਼ੀ ਜੀਤ ਸਿੰਘ ਨੇ ਉਹਨਾਂ ਦੀ ਜਾਤੀ ਪ੍ਰਤੀ ਅਪਸ਼ਬਦ ਬੋਲਦਿਆਂ ਪੰਪ ਨੂੰ ਤਾਲਾ ਲਾ ਦਿੱਤਾ ਅਤੇ ਹੋਰ ਆਦਮੀ ਲਿਆਉਣ ਦੀ ਧਮਕੀ ਦੇ ਕੇ ਚਲਾ ਗਿਆ।
ਪੀੜਤ ਸੇਵਾ-ਮੁਕਤ ਸੂਬੇਦਾਰ ਨੇ ਦੱਸਿਆ ਕਿ ਉਹਨਾਂ ਜਦ ਇਸ ਸੰਬੰਧੀ ਜ਼ਿਲ੍ਹਾ ਪੁਲਸ ਮੁਖੀ ਕੋਲ ਪਹੁੰਚ ਕੀਤੀ ਤਾਂ ਉਹਨਾਂ ਕੋਈ ਗੱਲ ਨਾ ਸੁਣੀ, ਜਿਸ ਬਾਰੇ ਉਹਨਾਂ ਨੂੰ ਪਤਾ ਲੱਗਾ ਕਿ ਪੁਲਸ ਅਧਿਕਾਰੀ ਕੋਲ ਇੱਕ ਕਾਂਗਰਸੀ ਵਿਧਾਇਕ ਦਾ ਫੋਨ ਆ ਚੁੱਕਾ ਸੀ। ਪੀੜਤ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਜਦ ਉਸਦੀ ਕਿਤੇ ਵੀ ਸੁਣਵਾਈ ਨਾ ਹੋਈ ਤਾਂ ਉਸਨੇ ਇਹ ਮਾਮਲਾ ਲੋਕਾਂ ਦੀ ਕਚਿਹਰੀ ਵਿੱਚ ਲਿਆਉਣ ਲਈ ਲੋਕ ਜਨਸ਼ਕਤੀ ਪਾਰਟੀ ਦੇ ਸੂਬਾਈ ਪ੍ਰਧਾਨ ਕਿਰਨਜੀਤ ਸਿੰਘ ਦੇ ਸਹਿਯੋਗ ਨਾਲ ਪ੍ਰੈੱਸ ਕਾਨਫਰੰਸ ਕਰਕੇ ਮੀਡੀਆ ਨੂੰ ਜਾਣੂ ਕਰਵਾ ਦਿੱਤਾ ਹੈ। ਉਸਨੇ ਐਲਾਨ ਕੀਤਾ ਕਿ ਜੇਕਰ ਉਸਨੂੰ ਹੱਕ ਨਾ ਮਿਲਿਆ ਅਤੇ ਕਥਿਤ ਦੋਸ਼ੀ ਜੀਤ ਸਿੰਘ ਤੇ ਕਮਲਾ ਦੇਵੀ ਵਿਰੁੱਧ ਬਣਦੀ ਕਾਰਵਾਈ ਨਾ ਕੀਤੀ ਤਾਂ ਉਹ 14 ਜੁਲਾਈ ਤੋਂ ਭੁੱਖ ਹੜਤਾਲ ਸ਼ੁਰੂ ਕਰੇਗਾ।

346 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper