ਸੋਸ਼ਲ ਮੀਡੀਆ ਬਾਰੇ ਚੌਕਸ ਰਹਿਣ ਦੀ ਲੋੜ


ਅਸੀਂ ਲੋਕ ਸੋਸ਼ਲ ਮੀਡੀਆ ਦੇ ਇਹੋ ਜਿਹੇ ਯੁੱਗ ਵਿੱਚ ਜੀਉ ਰਹੇ ਹਾਂ, ਜਿੱਥੇ ਸ਼ੀਸ਼ਾ ਵੀ ਝੂਠ ਬੋਲਦਾ ਹੋ ਸਕਦਾ ਹੈ। ਸਾਡੇ ਅੱਖੀਂ ਵੇਖੀ ਹੋਈ ਕੋਈ ਗੱਲ ਵੀ ਉਹ ਨਹੀਂ ਨਿਕਲਦੀ, ਜੋ ਅਸੀਂ ਸਮਝਦੇ ਹਾਂ। ਬਾਤ ਦਾ ਬਤੰਗੜ ਬਣ ਜਾਣਾ ਅੱਜ-ਕੱਲ੍ਹ ਸਾਧਾਰਨ ਵਿਹਾਰ ਸਮਝਿਆ ਜਾ ਸਕਦਾ ਹੈ। ਕੁਝ ਤਾਜ਼ਾ ਘਟਨਾਵਾਂ ਇਸ ਬਾਰੇ ਕਿਸੇ ਦੀਆਂ ਵੀ ਅੱਖਾਂ ਖੋਲ੍ਹਣ ਵਿੱਚ ਸਹਾਈ ਹੋ ਸਕਦੀਆਂ ਹਨ ਅਤੇ ਹੋਣੀਆਂ ਵੀ ਚਾਹੀਦੀਆਂ ਹਨ।
ਪਿਛਲੇ ਦੋ ਮਹੀਨਿਆਂ ਤੋਂ ਅਸੀਂ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ਵਿੱਚ ਹੀ ਨਹੀਂ, ਸਾਡੇ ਟੀ ਵੀ ਚੈਨਲਾਂ ਉੱਤੇ ਵੀ ਕਈ ਵਾਰੀ ਵੇਖ ਚੁੱਕੇ ਹਾਂ, ਜਿਸ ਵਿੱਚ ਭਾਰਤੀ ਅਤੇ ਚੀਨੀ ਫ਼ੌਜੀ ਸਿੱਧੇ ਹੱਥੋ-ਪਾਈ ਹੋ ਰਹੇ ਹਨ ਅਤੇ ਇਸ ਨੂੰ ਲੈ ਕੇ ਲੋਕਾਂ ਦੇ ਜਜ਼ਬਾਤ ਭੜਕਾਏ ਜਾ ਰਹੇ ਹਨ। ਬਾਅਦ ਵਿੱਚ ਸੱਚਾਈ ਇਹ ਨਿਕਲੀ ਕਿ ਉਹ ਵੀਡੀਓ ਕਈ ਸਾਲ ਪਹਿਲਾਂ ਦੀ ਹੈ ਅਤੇ ਤਨਾਅ ਦਾ ਕੇਂਦਰ ਬਣੇ ਸਿੱਕਮ ਵਾਲੇ ਖੇਤਰ ਦੀ ਬਜਾਏ ਲੱਦਾਖ ਦੇ ਖੇਤਰ ਦੀ ਹੈ, ਜਿਸ ਦਾ ਹੱਲ ਓਦੋਂ ਹੀ ਨਿਕਲ ਚੁੱਕਾ ਸੀ। ਸਾਫ਼ ਹੈ ਕਿ ਉਸ ਨੂੰ ਵਰਤਿਆ ਗਿਆ ਹੈ। ਚੀਨ ਦੇ ਨਾਲ ਭਾਰਤ ਦੇ ਸੰਬੰਧ ਪਿਛਲੇ ਸਮੇਂ ਵਿੱਚ ਲਗਾਤਾਰ ਤਨਾਅ ਦੇ ਵਧਦੇ ਅਤੇ ਘਟਦੇ ਦੌਰ ਵਾਲੇ ਰਹਿਣ ਦਾ ਲਾਭ ਉਠਾ ਕੇ ਦੋਵਾਂ ਦੇਸ਼ਾਂ ਦਾ ਭੇੜ ਕਰਾਉਣ ਲਈ ਇਸ ਵੀਡੀਓ ਕਲਿੱਪ ਨੂੰ ਚਲਾਇਆ ਗਿਆ ਹੈ। ਭਾਰਤ ਦੇ ਫ਼ੌਜੀ ਹੈੱਡ ਕੁਆਰਟਰ ਨੇ ਦੋ ਵਾਰੀ ਇਸ ਦਾ ਖੰਡਨ ਕੀਤਾ, ਪਰ ਉਹ ਓਨਾ ਸਾਫ਼ ਪੇਸ਼ ਨਹੀਂ ਕੀਤਾ ਗਿਆ।
ਇਸ ਤੋਂ ਪਹਿਲਾਂ ਇੱਕ ਦੱਖਣ ਭਾਰਤੀ ਵਿੱਦਿਅਕ ਸੰਸਥਾ ਬਾਰੇ ਫੋਟੋ ਪੇਸ਼ ਕੀਤੀ ਗਈ ਸੀ ਕਿ ਓਥੋਂ ਦੇ ਪ੍ਰਬੰਧਕ ਹੁਣ ਕੁੜੀਆਂ ਨੂੰ ਇਹੋ ਜਿਹਾ ਲੁੰਗੀ ਵਾਂਗ ਦਿੱਸਦਾ ਪਹਿਰਾਵਾ ਪਾਉਣ ਨੂੰ ਕਹਿੰਦੇ ਹਨ। ਬਾਅਦ ਵਿੱਚ ਗੱਲ ਸਾਫ਼ ਹੋਈ ਕਿ ਇੱਕ ਫ਼ਿਲਮ ਵਿੱਚ ਸਲਮਾਨ ਖ਼ਾਨ ਨੇ ਏਦਾਂ ਦਾ ਪਹਿਰਾਵਾ ਪਾਇਆ ਸੀ ਤੇ ਕੁਝ ਕੁੜੀਆਂ ਨੇ ਉਸ ਦੀ ਨਕਲ ਕਰ ਕੇ ਏਦਾਂ ਦੀ ਇੱਕ ਗਰੁੱਪ ਫੋਟੋ ਖਿਚਵਾਈ ਸੀ। ਉਹ ਕੁੜੀਆਂ ਨਾ ਉਸ ਕਾਲਜ ਦੀਆਂ ਸਨ ਤੇ ਨਾ ਉਸ ਸ਼ਹਿਰ ਦੀਆਂ, ਸਗੋਂ ਉਸ ਰਾਜ ਦੀਆਂ ਵੀ ਨਹੀਂ ਸਨ। ਉਹ ਫੋਟੋ ਸ਼ਰਾਰਤ ਨਾਲ ਏਦਾਂ ਪ੍ਰਚਾਰ ਦਾ ਮੁੱਦਾ ਬਣਾਈ ਗਈ ਕਿ ਹਾਲਾਤ ਵਿਗੜ ਚੱਲੇ ਸਨ। ਏਦਾਂ ਕਈ ਵਾਰੀ ਹੁੰਦਾ ਰਹਿੰਦਾ ਹੈ।
ਤਾਜ਼ਾ ਮਾਮਲਾ ਪੱਛਮੀ ਬੰਗਾਲ ਵਿਚਲੇ ਚੌਵੀ ਪਰਗਣਾ ਜ਼ਿਲੇ ਦੀ ਹਿੰਸਾ ਨਾਲ ਸੰਬੰਧਤ ਹੈ। ਫਿਰ ਇੱਕ ਸ਼ਰਾਰਤੀ ਨੇ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ਉੱਤੇ ਪਾਈ ਅਤੇ ਨਾਲ ਇਹ ਲਿਖ ਦਿੱਤਾ ਕਿ ਬੰਗਾਲ ਦੇ ਵਿੱਚ ਹਿੰਦੂਆਂ ਨਾਲ ਆਹ ਕੁਝ ਹੁੰਦਾ ਹੈ। ਫੋਟੋ ਵਿੱਚ ਇੱਕ ਬੰਦਾ ਇੱਕ ਲੜਕੀ ਦੀ ਸਾੜ੍ਹੀ ਖਿੱਚ ਕੇ ਲਾਹੁਣ ਦਾ ਯਤਨ ਕਰ ਰਿਹਾ ਹੈ ਤੇ ਉਹ ਜਦੋਂ ਬਚਾਉਣ ਦਾ ਯਤਨ ਕਰ ਰਹੀ ਹੈ ਤਾਂ ਆਸੇ-ਪਾਸੇ ਖੜੀ ਭੀੜ ਤਮਾਸ਼ਾ ਦੇਖ ਰਹੀ ਹੈ। ਫੋਟੋ ਵਿੱਚ ਕੁੜੀ ਸਾੜ੍ਹੀ ਵਾਲੀ ਹੋਣ ਕਾਰਨ ਇਸ ਨੂੰ ਇੱਕ ਧਰਮ ਨਾਲ ਜੋੜਿਆ ਗਿਆ। ਫਿਰ ਸੋਸ਼ਲ ਮੀਡੀਆ ਉੱਤੇ ਭੜਕਾਊ ਟਿੱਪਣੀਆਂ ਪਾਈਆਂ ਗਈਆਂ ਅਤੇ ਇਸ ਦੇ ਬਾਅਦ ਉਸ ਰਾਜ ਵਿੱਚ ਇੱਕ ਉੱਭਰਦੀ ਉਮਰ ਦੇ ਮੁੰਡੇ ਨੇ ਦੂਸਰੇ ਧਰਮ ਦੇ ਬਾਰੇ ਕੋਈ ਭੱਦੀ ਚੀਜ਼ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ। ਹੁਣ ਉਹ ਮੁੰਡਾ ਜੇਲ੍ਹ ਵਿੱਚ ਹੈ। ਸਾੜ-ਫੂਕ ਦੌਰਾਨ ਕਈ ਲੋਕਾਂ ਦੇ ਘਰ ਅਤੇ ਦੁਕਾਨਾਂ ਸਾੜੇ ਜਾ ਚੁੱਕੇ ਹਨ। ਬਾਅਦ ਵਿੱਚ ਸੱਚੀ ਗੱਲ ਇਹ ਨਿਕਲੀ ਕਿ ਪੁਆੜੇ ਦਾ ਕਾਰਨ ਬਣੀ ਵੀਡੀਓ ਕਲਿੱਪ ਇੱਕ ਭੋਜਪੁਰੀ ਫ਼ਿਲਮ ਦੀ ਸੀ ਅਤੇ ਬਿਹਾਰ ਵਿੱਚ ਉਹ ਫ਼ਿਲਮ ਕੁਝ ਸਾਲ ਪਹਿਲਾਂ ਚੱਲ ਚੁੱਕੀ ਸੀ। ਓਦੋਂ ਕੋਈ ਰੇੜਕਾ ਨਹੀਂ ਸੀ ਪਿਆ। ਫ਼ਿਲਮ ਵੇਖ ਚੁੱਕੇ ਸਾਰੇ ਲੋਕ ਜਾਣਦੇ ਸਨ ਕਿ ਉਸ ਦ੍ਰਿਸ਼ ਦਾ ਕਿਸੇ ਧਰਮ ਜਾਂ ਫ਼ਿਰਕੂ ਝਗੜੇ ਨਾਲ ਕੋਈ ਸੰਬੰਧ ਨਹੀਂ ਸੀ।
ਪਿਛਲੇ ਦਿਨਾਂ ਵਿੱਚ ਪੰਜਾਬ ਵਿੱਚ ਕੁਝ ਵੀਡੀਓ ਕਲਿੱਪ ਏਦਾਂ ਹੀ ਪ੍ਰਚਾਰੇ ਗਏ ਹਨ। ਬਹੁਤੇ ਦਿਨ ਹਾਲੇ ਨਹੀਂ ਹੋਏ, ਜਦੋਂ ਪੰਜਾਬ ਵਿੱਚ ਇੱਕ ਵੀਡੀਓ ਚੱਲਦੀ ਰਹੀ, ਜਿਸ ਵਿੱਚ ਇੱਕ ਖ਼ਾਸ ਧਰਮ ਨਾਲ ਸੰਬੰਧ ਰੱਖਦੇ ਨੌਜਵਾਨ ਨੂੰ ਕੁਝ ਲੋਕ ਸਰੇ ਰਾਹ ਡਾਂਗਾਂ ਨਾਲ ਕੁੱਟਦੇ ਵਿਖਾਈ ਦੇਂਦੇ ਸਨ ਅਤੇ ਇਸ ਨੂੰ ਧਾਰਮਿਕ ਰੰਗ ਦਿੱਤਾ ਜਾ ਰਿਹਾ ਸੀ। ਬਾਅਦ ਵਿੱਚ ਇਹ ਭੇਦ ਖੁੱਲ੍ਹਾ ਕਿ ਦੋ ਗੈਂਗਾਂ ਦੀ ਲੜਾਈ ਦਾ ਮਾਮਲਾ ਸੀ। ਗੈਂਗਾਂ ਵਿੱਚ ਜਿਹੜੇ ਲੋਕ ਸ਼ਾਮਲ ਹੁੰਦੇ ਹਨ, ਉਹ ਕਿਸੇ ਵੀ ਧਰਮ ਨਾਲ ਸੰਬੰਧਤ ਹੋ ਸਕਦੇ ਹਨ, ਪਰ ਉਹ ਉਸ ਖ਼ਾਸ ਧਰਮ ਲਈ ਕੰਮ ਨਹੀਂ ਕਰ ਰਹੇ ਹੁੰਦੇ। ਉਨ੍ਹਾਂ ਦੇ ਝਗੜੇ ਦਾ ਮਾਮਲਾ ਵੀ ਉਸ ਧਰਮ ਦਾ ਨਹੀਂ ਹੋ ਸਕਦਾ।
ਅੱਜ-ਕੱਲ੍ਹ ਜਦੋਂ ਕਿਸੇ ਵੀ ਫੋਟੋ ਜਾਂ ਕਿਸੇ ਵੀ ਲਿਖਤ ਜਾਂ ਫਿਰ ਕਿਸੇ ਵੀ ਆਵਾਜ਼ ਨੂੰ ਕਾਂਟ-ਸ਼ਾਂਟ ਨਾਲ ਉਸ ਦਾ ਸਾਰਾ ਹੁਲੀਆ ਵਿਗਾੜ ਕੇ ਪੇਸ਼ ਕਰਨਾ ਸਾਧਾਰਨ ਗੱਲ ਹੋ ਗਈ ਹੈ ਤਾਂ ਹਰ ਕਿਸੇ ਨੂੰ ਇਸ ਤੋਂ ਕਾਫ਼ੀ ਸਾਵਧਾਨ ਰਹਿਣ ਦੀ ਲੋੜ ਹੈ। ਏਦਾਂ ਦੀ ਕੋਈ ਚੀਜ਼ ਕਿਸੇ ਕੋਲ ਆਵੇ ਤਾਂ ਅੱਗੇ ਨਹੀਂ ਭੇਜਣੀ ਚਾਹੀਦੀ। ਜਦੋਂ ਲੋਕ ਇਹੋ ਜਿਹੀ ਕੋਈ ਚੀਜ਼ ਫਾਰਵਰਡ ਕਰਦੇ ਹਨ ਤਾਂ ਉਸ ਦੇ ਗ਼ਲਤ ਹੋਣ ਦੀ ਸੂਰਤ ਵਿੱਚ ਉਸ ਜੁਰਮ ਦੇ ਭਾਈਵਾਲ ਵੀ ਗਿਣੇ ਜਾ ਸਕਦੇ ਹਨ। ਕਾਨੂੰਨ ਦੀ ਕੁੜਿੱਕੀ ਏਦਾਂ ਕਰਨ ਵਾਲੇ ਦੇ ਗਲ ਪੈ ਸਕਦੀ ਹੈ। ਸਾਰਿਆਂ ਨੂੰ ਇਸ ਮਾਮਲੇ ਵਿੱੱਚ ਬਹੁਤ ਸੰਭਲ ਕੇ ਚੱਲਣ ਦੀ ਲੋੜ ਹੈ, ਕਿਉਂਕਿ ਹੁਣ ਸ਼ੀਸ਼ਾ ਵੀ ਝੂਠ ਬੋਲ ਸਕਦਾ ਹੈ।