ਕਾਮਰੇਡ ਰਾਮਗੜ੍ਹ ਵੱਲੋਂ ਲੋਕ ਸੰਘਰਸ਼ਾਂ 'ਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ : ਜਗਰੂਪ
ਮਹਿਲ ਕਲਾਂ (ਪ੍ਰੀਤਮ ਸਿੰਘ ਦਰਦੀ)
ਬਰਤਾਨਵੀ ਸਾਮਰਾਜ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਉਸ ਤੋਂ ਬਾਅਦ ਦੇਸ਼ ਵਿਚ ਕਿਰਤੀ ਲੋਕਾਂ ਦੀ ਪੁਗਤ ਵਾਲਾ ਰਾਜ ਪ੍ਰਬੰਧ ਸਮਾਜਵਾਦ ਉਸਾਰਾਨ ਲਈ ਸਾਰੀ ਜ਼ਿੰਦਗੀ ਸੰਘਰਸ਼ ਕਰਨ ਵਾਲੇ ਮਿਸਾਲੀ ਕਮਿਊਨਿਸਟ ਅਤੇ ਸੀ.ਪੀ.ਆਈ.ਆਗੂ ਕਾਮਰੇਡ ਜਗਤ ਸਿੰਘ ਰਾਮਗੜ੍ਹ ਦਾ ਅੰਤਿਮ ਸੰਸਕਾਰ ਅੱਜ ਪਿੰਡ ਰਾਮਗੜ੍ਹ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਪੰਜਾਬ ਪੁਲਸ ਦੇ ਜਵਾਨਾਂ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਐਸ.ਡੀ.ਐਮ. ਬਰਨਾਲਾ ਬਿਕਰਮਜੀਤ ਸਿੰਘ ਸ਼ੇਰਗਿੱਲ, ਡੀ.ਐਸ.ਪੀ.ਬਰਨਾਲਾ ਅੱਛਰੂ ਰਾਮ, ਨਾਇਬ ਤਹਿਸੀਲਦਾਰ ਹਰਪਾਲ ਸਿੰਘ ਰਾਏ ਨੇ ਉਨ੍ਹਾਂ ਦੀ ਦੇਹ ਉੱਪਰ ਫੁੱਲ ਮਾਲਾਵਾਂ ਭੇਂਟ ਕਰਕੇ ਸਰਧਾਂਜਲੀ ਅਰਪਿਤ ਕੀਤੀ। ਸੀ.ਪੀ.ਆਈ. ਦੇ ਕੌਮੀ ਕੌਂਸਲ ਮੈਂਬਰ ਕਾ: ਜਗਰੂਪ ਸਿੰਘ ਅਤੇ ਬੰਤ ਸਿੰਘ ਬਰਾੜ ਦੀ ਅਗਵਾਈ 'ਚ ਕਾਮਰੇਡ ਜਗਤ ਸਿੰਘ ਦੀ ਦੇਹ ਉੱਪਰ ਲਾਲ ਝੰਡਾ ਪਾਇਆ ਗਿਆ। ਇਸ ਮੌਕੇ ਬੋਲਦਿਆਂ ਸੀ.ਪੀ.ਆਈ. ਦੇ ਕੌਮੀ ਕੌਂਸਲ ਮੈਂਬਰ ਕਾ: ਜਗਰੂਪ ਸਿੰਘ ਅਤੇ ਬੰਤ ਸਿੰਘ ਬਰਾੜ ਨੇ ਕਿਹਾ ਕਿ ਕਾਮਰੇਡ ਜਗਤ ਸਿੰਘ ਵੱਲੋਂ ਸੰਘਰਸ਼ਾਂ ਵਿਚ ਪਾਏ ਵਡਮੁੱਲੇ ਯੋਗਦਾਨ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਆਖਰੀ ਦਮ ਤੱਕ ਸੀ.ਪੀ.ਆਈ. ਦੇ ਆਗੂ ਵਜੋਂ ਸੇਵਾਵਾਂ ਨਿੱਜ ਤੋਂ ਉੱਪਰ ਉੱਠ ਕੇ ਨਿਭਾਈਆਂ। ਇਸ ਮਹਾਨ ਸ਼ੂਰਬੀਰ ਯੋਧੇ ਦਾ ਸੰਘਰਸ਼ਮਈ ਮਹਾਨ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾਸ੍ਰੋਤ ਰਹੇਗਾ। ਐਸ.ਡੀ.ਐਮ.ਬਰਨਾਲਾ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਇਨ੍ਹਾਂ ਮਹਾਨ ਸੂਰਬੀਰਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਕਾਮਰੇਡ ਜਗਤ ਸਿੰਘ ਰਾਮਗੜ੍ਹ ਦੀ ਯਾਦ ਵਿਚ ਇਸ ਪਿੰਡ ਨੂੰ ਹਰ ਸਹੂਲਤ ਪ੍ਰਦਾਨ ਕਰਵਾਈ ਜਾਵੇਗੀ। ਕਾ: ਮੱਖਣ ਸਿੰਘ ਰਾਮਗੜ੍ਹ ਨੇ ਕਿਹਾ ਕਾ: ਜਗਤ ਸਿੰਘ ਪੰਜਾਬ ਪੰਚਾਇਤ ਯੂਨੀਅਨ ਦੇ ਬਾਨੀ ਪ੍ਰਧਾਨ ਸਨ ਅਤੇ ਉਨ੍ਹਾਂ ਵੱਲੋਂ 2 ਦਹਾਕਿਆਂ ਤੋਂ ਵੱਧ ਸਮਾਂ ਪਿੰਡ ਦੇ ਸਰਪੰਚ ਹੁੰਦਿਆਂ ਹੋਇਆਂ ਕੀਤੇ ਕਾਰਜ ਆਪਣੇ ਆਪ 'ਚ ਵਿਲੱਖਣ ਮਿਸਾਲ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਮਹਾਨ ਸ਼ਖਸ਼ੀਅਤ ਕਾਮਰੇਡ ਜਗਤ ਸਿੰਘ ਦੇ ਕੱਦ ਬਰਾਬਰ ਦੀ ਢੁਕਵੀਂ ਯਾਦਗਾਰ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਵੱਖ-ਵੱਖ ਰਾਜਸੀ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕਰਕੇ ਬਾਈ ਜਗਤ ਸਿੰਘ ਰਾਮਗੜ੍ਹ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਮੌਕੇ ਪੰਜਾਬ ਕਿਸਾਨ ਸਭਾ ਦੇ ਸੂਬਾਈ ਆਗੂ ਗਿਆਨੀ ਗੁਰਦੇਵ ਸਿੰਘ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਸੀ.ਪੀ.ਆਈ. ਮੋਗਾ ਦੇ ਸਕੱਤਰ ਕੁਲਦੀਪ ਸਿੰਘ ਭੋਲਾ, ਜ਼ਿਲ੍ਹਾ ਬਰਨਾਲਾ ਦੇ ਸਹਾਇਕ ਸਕੱਤਰ ਖੁਸ਼ੀਆ ਸਿੰਘ ਬੰਗੜ, ਸੀਨੀਅਰ ਸੀ.ਪੀ.ਆਈ. ਆਗੂ ਜਗਰਾਜ ਸਿੰਘ ਰਾਮਾ, ਪ੍ਰੀਤਮ ਸਿੰਘ ਦਰਦੀ, ਐਡਵੋਕੇਟ ਹਾਕਮ ਸਿੰਘ ਭੁੱਲਰ, ਕਾਂਗਰਸੀ ਆਗੂ ਰਾਜਿੰਦਰ ਕੌਰ ਮੀਮਸਾ, ਜਥੇ: ਸਾਧੂ ਸਿੰਘ ਰਾਗੀ, ਮਾ: ਰਾਮ ਕੁਮਾਰ ਭਦੌੜ, ਡਾ. ਸੰਪੂਰਨ ਸਿੰਘ ਟੱਲੇਵਾਲ, ਸੁਰਿੰਦਰਪਾਲ ਸਿੰਘ ਬਰਾੜ, ਭਾਜਪਾ ਆਗੂ ਗੁਰਮੀਤ ਸਿੰਘ ਹੰਢਿਆਇਆ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ, ਗੁਰਵਿੰਦਰ ਸਿੰਘ ਟਹਿਣਾ, ਅਮਰ ਸਿੰਘ ਬੀਏ, ਪ੍ਰੈੱਸ ਕਲੱਬ ਮਹਿਲ ਕਲਾਂ ਦੇ ਚੇਅਰਮੈਨ ਅਵਤਾਰ ਸਿੰਘ ਅਣਖੀ, ਮੰਗਤ ਰਾਏ ਨਿਹਾਲ ਸਿੰਘ ਵਾਲਾ, ਸਿਕੰਦਰ ਸਿੰਘ ਮਧੇਕੇ, ਸੁਖਦੇਵ ਸਿੰਘ ਭੋਲਾ, ਪਾਲੀ ਖਾਈ, ਮਹਿੰਦਰ ਸਿੰਘ ਧੂਰਕੋਟ, ਨਰੰਗ ਸਿੰਘ ਸੈਦੋਕੇ, ਮਾ: ਰਾਜਿੰਦਰ ਸਿੰਘ ਤਖ਼ਤੂਪੁਰਾ, ਇਕਬਾਲ ਸਿੰਘ ਰਾਮਗੜ੍ਹ, ਡਾ. ਹਿਰਦੇਪਾਲ ਸਿੰਘ, ਦਿਲਸ਼ਾਦ ਧਾਲੀਵਾਲ, ਬੀਬੀ ਹਰਪਾਲ ਕੌਰ, ਕੁਲਵਿੰਦਰ ਸਿੰਘ, ਦਲਜੀਤ ਸਿੰਘ ਲੀਤਾ, ਜਗਸੀਰ ਸਿੰਘ ਕਾਨੂੰਗੋ, ਹਰਜੀਤ ਸਿੰਘ ਪਟਵਾਰੀ, ਕਾ. ਸੁਰਜੀਤ ਸਿੰਘ ਰਾਮਗੜ੍ਹ, ਹਰੀ ਸਿੰਘ ਬਾਵਾ, ਐਸ.ਐਚ.ਓ. ਅਜਾਇਬ ਸਿੰਘ, ਰਣਜੀਤ ਸਿੰਘ ਸਰਪੰਚ, ਬਲਵੀਰ ਸਿੰਘ ਜੋਧਪੁਰ, ਡਾ. ਬਲਵਿੰਦਰ ਸਿੰਘ ਦੀਪਗੜ੍ਹ ਆਦਿ ਹਾਜ਼ਰ ਸਨ।