ਜੇਲ੍ਹ ਭਰੋ ਅੰਦੋਲਨ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ : ਅਰਸ਼ੀ


ਅੰਮ੍ਰਿਤਸਰ
(ਜਸਬੀਰ ਸਿੰਘ ਪੱਟੀ)
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੀ ਹੋ ਰਹੀ ਬਦਤਰ ਹਾਲਤ ਨੂੰ ਲੈ ਕੇ 24 ਤੋਂ 26 ਜੁਲਾਈ ਤੱਕ ਜੇਲ੍ਹ ਭਰੋ ਅੰਦੋਲਨ ਦੀਆਂ ਤਿਆਰੀਆਂ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਵੱਖ-ਵੱਖ ਯੂਨਿਟਾਂ ਨਾਲ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਜ਼ਿਲ੍ਹਾ ਕੌਂਸਲਾਂ ਨਾਲ ਵੱਖ-ਵੱਖ ਮੀਟਿੰਗਾਂ ਕਰਕੇ ਵੱਡੀ ਗਿਣਤੀ ਵਿੱਚ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਦੇਸ਼ ਦਾ ਅੰਨਦਾਤਾ ਅਖਵਾਉਂਦਾ ਕਿਸਾਨ ਅੱਜ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ ਤੇ ਹਰ ਰੋਜ਼ ਕਰੀਬ 35 ਕਿਸਾਨ ਖੁਦਕੁਸ਼ੀਆ ਕਰ ਰਹੇ ਹਨ ਤੇ ਮਜ਼ਦੂਰਾਂ ਦੀ ਗਿਣਤੀ ਵਿੱਚ ਇਸ ਦੇ ਬਰਾਬਰ ਹੀ ਚੱਲ ਰਹੀ ਹੈ।
Êਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ 70 ਸਾਲਾਂ ਦੀ ਅਜ਼ਾਦੀ ਤੋਂ ਬਾਅਦ ਵੀ ਦੇਸ਼ ਗੰਭੀਰ ਸੰਕਟ ਵਿੱਚਂੋ ਦੀ ਗੁਜ਼ਰ ਰਿਹਾ ਹੈ। 1995 ਤੋਂ ਲੈ ਕੇ ਹੁਣ ਤੱਕ ਪੰਜ ਲੱਖ ਤੋਂ ਵਧੇਰੇ ਕਿਸਾਨ ਖੁਦਕੁਸ਼ੀਆ ਕਰ ਗਏ ਹਨ, ਜਿਸ ਲਈ ਸਮੇਂ-ਸਮੇਂ 'ਤੇ ਕੇਂਦਰ ਸਰਕਾਰਾਂ ਦੋਸ਼ੀ ਹਨ। ਉਹਨਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਮੰਨੇ ਗਏ ਹਨ ਤੇ ਪੰਜ ਪ੍ਰਕਾਰ ਦੇ ਕਾਮਿਆਂ ਵਿੱਚ ਸਭ ਤੋਂ ਪਹਿਲਾਂ ਕਿਸਾਨ ਦਾ ਨੰਬਰ ਹੀ ਆਉਂਦਾ ਹੈ, ਪਰ ਕਿਸਾਨ ਦੀਆਂ ਮੁਸ਼ਕਲਾਂ ਵੱਲ ਕੇਂਦਰ ਸਰਕਾਰ ਦੇ ਕੋਈ ਧਿਆਨ ਨਹੀਂ ਹੈ ਸਗੋਂ ਕਾਰਪੋਰੇਟ ਘਰਾਣਿਆਂ ਦੇ ਬੇਲੋੜੇ ਲੱਖਾਂ ਕਰੋੜ ਮੁਆਫ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਜਿਹੜਾ ਕਿਸਾਨ ਵੈਂਟੀਲੇਟਰ 'ਤੇ ਪਿਆ ਸੀ, ਉਸ ਦੀ ਹਾਲਤ ਹੋਰ ਪਤਲੀ ਕਰਨ ਲਈ ਕਿਸਾਨ ਨੂੰ ਵੀ ਜੀ.ਐਸ.ਟੀ ਦੇ ਮੱਕੜਜਾਲ ਦੇ ਘੇਰੇ ਵਿੱਚ ਲੈ ਕੇ ਕਿਸਾਨਾਂ 'ਤੇ ਕਰੋੜਾਂ ਰੁਪਏ ਦਾ ਹੋਰ ਬੋਝ ਪਾ ਦਿੱਤਾ ਗਿਆ ਹੈ, ਪਰ ਅੰਬਾਨੀਆਂ, ਅਡਾਨੀਆਾਂ ਨੂੰ ਫਾਇਦਾ ਪਹੁੰਚਾਉਣ ਲਈ ਦੇਸ਼ ਦੇ ਸਭ ਤੋਂ ਵੱਡੇ ਸਰਮਾਏ ਤੇਲ ਤੇ ਡੀਜ਼ਲ ਨੂੰ ਜੀ.ਐਸ.ਟੀ ਤੋਂ ਬਾਹਰ ਰੱਖ ਕੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਵਰਗੇ ਸਿਰਫ ਮੋਹਰੇ ਹੀ ਹਨ, ਦੇਸ਼ ਨੂੰ ਕੋਈ ਹੋਰ ਹੀ ਸ਼ਕਤੀਆਂ ਚਲਾ ਰਹੀਆਂ ਹਨ। ਉਹਨਾਂ ਕਿਹਾ ਕਿ ਕਿਸਾਨ ਹੁਣ ਕਰੋ ਜਾਂ ਮਰੋ, ਡੂ ਔਰ ਡਾਈ ਵਾਲੀ ਨੀਤੀ ਅਪਨਾ ਚੁੱਕੇ ਹਨ ਤੇ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ। ਫਸਲਾਂ ਦੀ ਘੱਟੋ-ਘੱਟ ਵਿਕਰੀ ਮੁੱਲ ਨਿਰਧਾਰਤ ਕਰਨ ਦੀ ਗੱਲ ਕਰਦਿਆਂ ਕਾਮਰੇਡ ਅਰਸ਼ੀ ਨੇ ਕਿਹਾ ਕਿ ਸਰਕਾਰ ਦੋ ਚਾਰ ਫਸਲਾਂ ਨੂੰ ਛੱਡ ਕੇ ਬਾਕੀ ਕਿਸੇ ਵੀ ਫਸਲ ਦਾ ਮੁੱਲ ਨਿਰਧਾਰਤ ਨਹੀਂ ਕਰਦੀ ਹੈ ਤੇ ਨਾ ਹੀ ਮਾਰਕੀਟਿੰਗ ਕਰਨ ਵਿੱਚ ਕਿਸਾਨਾਂ ਦਾ ਸਹਿਯੋਗ ਕਰਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਆਪਣੀ ਸੋਨੇ ਦੇ ਮੁੱਲ ਦੀ ਫਸਲ ਵਪਾਰੀਆਂ ਕੋਲ ਕੌਡੀਆਂ ਦੇ ਭਾਅ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਮੱਰਥਨ ਮੁੱਲ ਨਾ ਨਿਰਧਾਰਨ ਕਰਕੇ ਕਿਸਾਨਾਂ ਨੂੰ ਫਸਲ ਸਸਤੇ ਭਾਅ ਵੇਚਣੀ ਪੈਂਦੀ ਹੈ ਅਤੇ ਵਿਚਕਾਰਲਾ ਵਿਅਕਤੀ ਵਪਾਰੀ ਵੇਚਣ ਵਾਲੇ ਦਾ ਵੀ ਸ਼ੋਸ਼ਣ ਕਰਦਾ ਹੈ ਤੇ ਖਰੀਦਣ ਵਾਲੇ ਨੂੰ ਵੀ ਲੁੱਟਦਾ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਇਹ ਲੁੱਟ ਬੰਦ ਨਹੀਂ ਹੁੰਦੀ ਉਨਾ ਚਿਰ ਤੱਕ ਕਿਸਾਨ ਤੇ ਮਜ਼ਦੂਰ ਪਿੱਸਦੇ ਰਹਿਣਗੇ। ਉਹਨਾਂ ਕਿਹਾ ਕਿ ਝੋਨਾ ਤੇ ਕਣਕ ਦੀ ਖਰੀਦਾਰੀ ਵੀ ਸਰਕਾਰ ਸਿਰਫ ਪੰਜਾਬ, ਹਰਿਆਣਾ ਤੇ ਪੱਛਮੀ ਉੱੇਤਰ ਪ੍ਰਦੇਸ਼ ਵਿੱਚ ਹੀ ਕਰਦੀ ਹੈ, ਜਦ ਕਿ ਬਾਕੀ ਸਾਰੇ ਦੇਸ਼ ਵਿੱਚ ਕਿਸਾਨਾਂ ਦਾ ਭਵਿੱਖ ਵਪਾਰੀਆਂ 'ਤੇ ਹੀ ਨਿਰਭਰ ਕਰਦਾ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਮਿਰਚਾਂ ਦਾ ਭਾਅ ਤੇਰਾ ਚੌਦਾਂ ਹਜ਼ਾਰ ਸੀ, ਜੋ ਇਸ ਵਾਰੀ ਸਿਰਫ ਤਿੰਨ ਹਜ਼ਾਰ ਰਹਿ ਗਿਆ, ਪਰ ਕਾਲਾ ਬਜ਼ਾਰੀ ਕਰਨ ਵਾਲਿਆਂ ਦੇ ਖਿਲਾਫ ਸਰਕਾਰ ਕੋਈ ਵੀ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਇੱਕ ਭਾਗ ਵਿੱਚ ਟਮਾਟਰ 80 ਰੁਪਏ ਕਿਲੋ ਵਿਕ ਰਹੇ ਹਨ, ਜਦ ਕਿ ਦੂਜੇ ਪਾਸੇ ਕਿਸਾਨਾਂ ਨੂੰ ਭਾਅ ਨਾ ਮਿਲਣ ਕਾਰਨ ਕਿਸਾਨ ਸੜਕਾਂ 'ਤੇ ਖਿਲਾਰ ਰਹੇ ਹਨ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਕਿਸਾਨ ਦੀ ਦੋਹਰੀ ਲੁੱਟ ਬੰਦ ਨਹੀਂ ਹੁੰਦੀ, ਉਨਾ ਚਿਰ ਤੱਕ ਕਿਸਾਨ ਤੇ ਮਜ਼ਦੂਰ ਨੂੰ ਨਹੀਂ ਬਚਾਇਆ ਜਾ ਸਕਦਾ ਕਿਉਂਕਿ ਮਜ਼ਦੂਰ ਦਾ ਭਵਿੱਖ ਵੀ ਕਿਸਾਨੀ ਦੀ ਹਾਲਤ 'ਤੇ ਨਿਰਭਰ ਕਰਦਾ ਹੈ। ਉਹਨਾਂ ਕਿਹਾ ਕਿ ਜੇਲ੍ਹ ਭਰੋ ਅੰਦਲੋਨ ਲਈ ਸੀ.ਪੀ.ਆਈ ਨੂੰ ਪੂਰੇ ਪੰਜਾਬ ਵਿੱਚੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਤੇ ਪਾਰਟੀ ਵਰਕਰਾਂ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਜੱਥੇ ਮਾਰਚ ਆਰੰਭ ਕਰ ਦਿੱਤੇ ਹਨ ਤੇ ਦੇਸ਼ ਭਰ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਗ੍ਰਿਫਤਾਰੀਆਂ ਦੇ ਕੇ ਸਰਕਾਰ ਨੂੰ ਉਹਨਾਂ ਦੀਆ ਮੰਗਾਂ ਮੰਨਣ ਲਈ ਮਜਬੂਰ ਕਰ ਦੇਣਗੇ। ਉਹਨਾਂ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਦੇ ਵੀ ਕਰਜ਼ੇ ਮੁਆਫ ਕੀਤੇ ਜਾਣ। ਉਹਨਾਂ ਕਿਹਾ ਕਿ ਪੰਜਾਬ ਵਿੱਚਂੋ 15000 ਤੋਂ ਵਧੇਰੇ ਕਿਸਾਨ ਗ੍ਰਿਫਤਾਰੀਆਂ ਦੇਣਗੇ। ਇਸ ਸਮੇਂ ਉਹਨਾਂ ਦੇ ਨਾਲ ਜ਼ਿਲ੍ਹਾ ਇਕਾਈ ਦਿਹਾਤੀ ਦੇ ਸਕੱਤਰ ਕਾਮਰੇਡ ਲਖਬੀਰ ਸਿੰਘ ਨਿਜ਼ਾਮਪੁਰਾ, ਸ਼ਹਿਰੀ ਸਕੱਤਰ ਕਾਮਰੇਡ ਅਮਰਜੀਤ ਸਿੰਘ ਆਸਲ, ਕਾਮਰੇਡ ਜਗਤਾਰ ਸਿੰਘ ਮਹਿਲਾਂਵਾਲਾ, ਕਾਮਰੇਡ ਹਰਜੀਤ ਸਿੰਘ ਰਾਜਾਸਾਂਸੀ, ਕਾਮਰੇਡ ਚਰਨ ਦਾਸ ਤੇ ਇਸਤਰੀ ਸਭਾ ਦੀ ਆਗੂ ਕਾਮਰੇਡ ਦਸਵਿੰਦਰ ਕੌਰ ਵੀ ਨਾਲ ਸਨ। ਅਮਰਜੀਤ ਸਿੰਘ ਆਸਲ ਤੇ ਲਖਬੀਰ ਸਿੰਘ ਨਿਜ਼ਾਮਪੁਰਾ ਨੇ ਕਿਹਾ ਕਿ ਜ਼ਿਲ੍ਹੇ ਭਰ ਵਿੱਚੋਂ 1500 ਵਾਲੰਟੀਅਰ ਗ੍ਰਿਫਤਾਰੀਆਂ ਦੇਣ ਲਈ ਤਿਆਰ ਹਨ।