ਅਮਰਨਾਥ ਯਾਤਰਾ ਦੀ ਬੱਸ ਉੱਤੇ ਹਮਲਾ


ਜੰਮੂ-ਕਸ਼ਮੀਰ ਵਿੱਚ ਚੱਲਦੀ ਅਮਰਨਾਥ ਯਾਤਰਾ ਨਾਲ ਸੰਬੰਧਤ ਇੱਕ ਬੱਸ ਪਰਸੋਂ ਰਾਤ ਅੱਤਵਾਦੀਆਂ ਦੇ ਹਮਲੇ ਦਾ ਨਿਸ਼ਾਨਾ ਬਣੀ ਤਾਂ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਭਾਰਤ ਦੇ ਲੋਕਾਂ ਦੀ ਬਹੁਤ ਵੱਡੀ ਗਿਣਤੀ ਇਸ ਧਾਰਮਿਕ ਯਾਤਰਾ ਪ੍ਰਤੀ ਸ਼ਰਧਾ ਰੱਖਦੀ ਹੈ ਤੇ ਹਰ ਸਾਲ ਹਜ਼ਾਰਾਂ ਯਾਤਰੂ ਓਥੇ ਜਾਇਆ ਕਰਦੇ ਹਨ। ਗਵਾਂਢੀ ਦੇਸ਼ ਵੱਲੋਂ ਹੱਲਾਸ਼ੇਰੀ ਦੇ ਕੇ ਚਲਾਈ ਜਾਂਦੀ ਦਹਿਸ਼ਤਗਰਦੀ ਦੇ ਹੱਲੇ ਇਸ ਯਾਤਰਾ ਉੱਤੇ ਹੋਣ ਦੀ ਹਰ ਵਾਰੀ ਗੁੰਜਾਇਸ਼ ਰਹਿੰਦੀ ਹੈ ਤੇ ਹਰ ਵਾਰੀ ਖੁਫੀਆ ਏਜੰਸੀਆਂ ਇਸ ਬਾਰੇ ਅਗੇਤੇ ਸੰਦੇਸ਼ ਵੀ ਦੇਂਦੀਆਂ ਹਨ ਕਿ ਕੁਝ ਮਾੜਾ ਵਾਪਰ ਸਕਦਾ ਹੈ। ਆਮ ਕਰ ਕੇ ਇਸ ਤਰ੍ਹਾਂ ਦੇ ਪੱਕੇ ਪ੍ਰਬੰਧ ਹੋ ਜਾਂਦੇ ਹਨ ਕਿ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ, ਪਰ ਜਦੋਂ ਅਤੇ ਜਿੱਥੇ ਕੋਈ ਕਮਜ਼ੋਰੀ ਰਹਿ ਜਾਂਦੀ ਹੈ, ਦੁਸ਼ਮਣ ਨੂੰ ਓਥੇ ਵਾਰ ਕਰਨ ਦਾ ਮੌਕਾ ਮਿਲ ਜਾਂਦਾ ਅਤੇ ਦੇਸ਼ ਦੇ ਲੋਕਾਂ ਨੂੰ ਦੁਖੀ ਹੋਣਾ ਪੈ ਜਾਂਦਾ ਹੈ।
ਇਸ ਵਾਰੀ ਵੀ ਖੁਫੀਆ ਏਜੰਸੀਆਂ ਨੇ ਅਗੇਤੇ ਸੰਦੇਸ਼ ਭੇਜੇ ਸਨ ਕਿ ਹਮਲਾ ਹੋ ਸਕਦਾ ਹੈ ਤੇ ਸਰਕਾਰ ਨੇ ਸੁਰੱਖਿਆ ਦੇ ਪ੍ਰਬੰਧ ਵੀ ਕਰੜੇ ਕੀਤੇ ਹੋਣ ਦਾ ਭਰੋਸਾ ਦਿੱਤਾ ਹੋਇਆ ਸੀ। ਫਿਰ ਵੀ ਹਮਲਾ ਹੋ ਗਿਆ ਅਤੇ ਸੱਤ ਲੋਕਾਂ ਦੀ ਮੌਤ ਦੀ ਖ਼ਬਰ ਆ ਗਈ। ਕਾਰਨ ਇਹ ਸੀ ਕਿ ਇੱਕ ਇਕੱਲੀ ਬੱਸ ਨੈਸ਼ਨਲ ਹਾਈਵੇ ਤੋਂ ਜਾਂਦੀ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾ ਕੇ ਗੋਲੀਆਂ ਚਲਾ ਦਿੱਤੀਆਂ ਸਨ। ਰਿਪੋਰਟਾਂ ਕਹਿੰਦੀਆਂ ਹਨ ਕਿ ਇਸ ਬੱਸ ਦਾ ਡਰਾਈਵਰ ਜੇ ਬੱਸ ਭਜਾ ਕੇ ਨਾ ਲੈ ਜਾਂਦਾ ਤਾਂ ਮੌਤਾਂ ਦੀ ਗਿਣਤੀ ਵਧ ਜਾਣੀ ਸੀ। ਉਂਜ ਪਹਿਲੀਆਂ ਖ਼ਬਰਾਂ ਵਿੱਚ ਇਹ ਕਿਹਾ ਗਿਆ ਸੀ ਕਿ ਡਰਾਈਵਰ ਨੇ ਹਨੇਰੇ ਹੋਏ ਤੋਂ ਇਕੱਲੇ ਨਾ ਜਾਣ ਦੀ ਚੇਤਾਵਨੀ ਦੀ ਉਲੰਘਣਾ ਕੀਤੀ ਤੇ ਇਸ ਕਾਰਨ ਨੁਕਸਾਨ ਹੋਇਆ ਹੈ। ਬਾਅਦ ਵਿੱਚ ਇਹ ਪਤਾ ਲੱਗਾ ਕਿ ਬੱਸ ਕਾਫਲੇ ਨਾਲ ਵੀ ਨਹੀਂ ਸੀ, ਦਿੱਤੇ ਸਮੇਂ ਤੋਂ ਵੀ ਦੇਰੀ ਨਾਲ ਚੱਲ ਰਹੀ ਸੀ, ਪਰ ਇਸ ਵਿੱਚ ਬੱਸ ਡਰਾਈਵਰ ਦਾ ਕਸੂਰ ਕੱਢਣ ਦੀ ਗੁੰਜਾਇਸ਼ ਨਹੀਂ ਸੀ। ਪਿੱਛੋਂ ਇਹ ਬੱਸ ਬਾਕੀ ਲੋਕਾਂ ਵਾਂਗ ਕਾਫਲੇ ਨਾਲ ਆਈ ਸੀ, ਪਰ ਰਾਹ ਵਿੱਚ ਕਿਸੇ ਕਾਰਨ ਨਿੱਖੜ ਗਈ ਸੀ। ਕਾਰਨ ਦੋ ਦੱਸੇ ਜਾ ਰਹੇ ਹਨ। ਕੁਝ ਲੋਕ ਕਹਿੰਦੇ ਹਨ ਕਿ ਯਾਤਰੂਆਂ ਨੇ ਖਾਣਾ ਖਾਣ ਦੀ ਜ਼ਿਦ ਕੀਤੀ ਅਤੇ ਇਸ ਚੱਕਰ ਵਿੱਚ ਸਮਾਂ ਏਨਾ ਲੰਘਾ ਦਿੱਤਾ ਕਿ ਬੱਸ ਬਾਕੀ ਕਾਫਲੇ ਤੋਂ ਪਿੱਛੇ ਰਹਿ ਗਈ ਅਤੇ ਫਿਰ ਇਕੱਲੀ ਨੂੰ ਜਾਣਾ ਪਿਆ ਸੀ। ਦੂਸਰਾ ਕਾਰਨ ਟਾਇਰ ਫਟਣਾ ਦੱਸਿਆ ਗਿਆ ਹੈ।
ਕੁਝ ਵੀ ਕਾਰਨ ਰਿਹਾ ਹੋਵੇ, ਇਹ ਗੱਲ ਸਾਬਤ ਹੁੰਦੀ ਹੈ ਕਿ ਬੱਸ ਇਕੱਲੀ ਸੀ ਅਤੇ ਕਾਫਲੇ ਦੇ ਨਾਲ ਨਹੀਂ ਸੀ ਤੇ ਮਿੱਥੀ ਸਮਾਂ ਹੱਦ ਵਿੱਚ ਵੀ ਨਹੀਂ ਸੀ। ਜਦੋਂ ਇਹ ਇਕੱਲੀ ਬੱਸ ਸਮਾਂ ਹੱਦ ਲੰਘ ਜਾਣ ਤੋਂ ਬਾਅਦ ਜਾਂਦੀ ਪਈ ਸੀ ਤਾਂ ਕਿਸੇ ਨਾ ਕਿਸੇ ਨਾਕੇ ਉੱਤੇ ਇਸ ਨੂੰ ਰੋਕਣਾ ਚਾਹੀਦਾ ਸੀ। ਕਿਉਂਕਿ ਰੋਕਿਆ ਨਹੀਂ ਗਿਆ, ਇਸ ਨਾਲ ਇਹ ਗੱਲ ਸਾਬਤ ਹੁੰਦੀ ਹੈ ਕਿ ਨਾਕੇ ਪੂਰੇ ਨਹੀਂ ਸਨ ਜਾਂ ਪੂਰੇ ਚੌਕਸ ਨਹੀਂ ਸਨ। ਖ਼ਬਰਾਂ ਇਹ ਵੀ ਹਨ ਕਿ ਅੱਤਵਾਦੀਆਂ ਨੇ ਪਹਿਲਾਂ ਪੁਲਸ ਦੇ ਇੱਕ ਨਾਕੇ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਦਾਗੀਆਂ ਤੇ ਜਦੋਂ ਉਸ ਬੁਲੇਟ ਪਰੂਫ ਨਾਕੇ ਦਾ ਕੁਝ ਨਾ ਵਿਗਾੜ ਸਕੇ ਤਾਂ ਇੱਕ ਪੁਲਸ ਗੱਡੀ ਉੱਤੇ ਵੀ ਗੋਲੀਆਂ ਚਲਾਈਆਂ ਸਨ, ਪਰ ਪੁਲਸ ਗੱਡੀ ਵਾਲਿਆਂ ਦਾ ਵੀ ਬਚਾਅ ਹੋ ਗਿਆ। ਇਸ ਦੇ ਬਾਅਦ ਉਨ੍ਹਾਂ ਯਾਤਰੂ ਬੱਸ ਵਾਲੀ ਵਾਰਦਾਤ ਕੀਤੀ ਸੀ, ਜਿਸ ਵਿੱਚ ਸੱਤ ਮੌਤਾਂ ਹੋਈਆਂ ਸਨ। ਜੋ ਵੀ ਹੋਇਆ ਹੈ, ਮਾੜਾ ਹੀ ਹੋਇਆ ਹੈ।
ਪਿਛਲੀ ਵਾਰੀ ਹੁਣ ਤੋਂ ਸਤਾਰਾਂ ਸਾਲ ਪਹਿਲਾਂ ਜਦੋਂ ਇਹੋ ਜਿਹੀ ਮੰਦੀ ਘਟਨਾ ਵਾਪਰੀ, ਓਦੋਂ ਵੀ ਦੇਸ਼ ਦੀ ਸਰਕਾਰ ਭਾਜਪਾ ਕੋਲ ਹੋਣ ਕਾਰਨ ਕੁਝ ਲੋਕ ਝੱਟ ਇਸ ਤੋਂ ਬਾਅਦ ਰਾਜਸੀ ਨਿਸ਼ਾਨੇ ਵਿੰਨ੍ਹਣ ਦੇ ਰਾਹ ਪੈ ਗਏ ਸਨ, ਜਿਨ੍ਹਾਂ ਵਿੱਚ ਉਮਰ ਅਬਦੁੱਲਾ ਵੀ ਸਨ। ਉਹ ਇਹ ਗੱਲ ਭੁੱਲ ਗਏ ਕਿ ਅਮਨ-ਕਾਨੂੰਨ ਲਈ ਕਿਸੇ ਵੀ ਹੋਰ ਤੋਂ ਪਹਿਲੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੁੰਦੀ ਹੈ, ਕੇਂਦਰ ਨੇ ਸਿਰਫ਼ ਮਦਦ ਦੇਣੀ ਹੁੰਦੀ ਹੈ ਤੇ ਜਿਸ ਸਤਾਰਾਂ ਸਾਲ ਪੁਰਾਣੀ ਘਟਨਾ ਦਾ ਉਨ੍ਹਾਂ ਨੇ ਜ਼ਿਕਰ ਕੀਤਾ ਹੈ, ਉਸ ਵੇਲੇ ਕੇਂਦਰੀ ਸਰਕਾਰ ਕੋਈ ਹੋਵੇ, ਇਸ ਰਾਜ ਦੀ ਕਮਾਨ ਉਮਰ ਅਬਦੁੱਲਾ ਦੇ ਬਾਪ ਫਾਰੂਕ ਅਬਦੁੱਲਾ ਕੋਲ ਸੀ। ਏਦਾਂ ਦੀਆਂ ਗੱਲਾਂ ਅੱਗੋਂ ਪਿੱਛੋਂ ਕਰ ਲਈਏ ਤਾਂ ਠੀਕ ਹੁੰਦਾ ਹੈ, ਦੁਖਾਂਤ ਦੇ ਸਮੇਂ ਸਾਰਿਆਂ ਨੂੰ ਪਹਿਲੀ ਗੱਲ ਪੀੜਤ ਪਰਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਦੀ ਕਰਨੀ ਚਾਹੀਦੀ ਹੈ, ਦੂਸਰੀ ਅੱਗੇ ਲਈ ਹੋਰ ਪੱਕੇ ਪ੍ਰਬੰਧ ਕਰਨ ਵਾਸਤੇ ਬਣਦੀ ਹਮਾਇਤ ਦੀ ਪੇਸ਼ਕਸ਼ ਕਰਨੀ ਬਣਦੀ ਹੈ। ਜਦੋਂ ਇਹ ਸਾਰਾ ਕੁਝ ਹੋ ਚੁੱਕਾ ਹੋਵੇ ਤਾਂ ਰਾਜਨੀਤੀ ਦਾ ਅਖਾੜਾ ਅਗਲੇ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਵੀ ਬਣਾਇਆ ਜਾ ਸਕਦਾ ਹੈ ਅਤੇ ਬਣਾਉਣਾ ਵੀ ਚਾਹੀਦਾ ਹੈ।
ਸਾਨੂੰ ਅਫਸੋਸ ਹੈ ਕਿ ਭਾਰਤ ਦੇ ਰਾਜਸੀ ਆਗੂ ਖ਼ੁਦ ਜਦੋਂ ਰਾਜ ਕਰਦੇ ਹਨ ਤਾਂ ਜਿਹੜੀਆਂ ਗੱਲਾਂ ਲਈ ਬਦਨਾਮੀ ਖੱਟਦੇ ਹਨ, ਰਾਜ ਤੋਂ ਬਾਹਰ ਹੁੰਦੇ ਸਾਰ ਉਨ੍ਹਾਂ ਗੱਲਾਂ ਵਾਸਤੇ ਦੂਸਰਿਆਂ ਨੂੰ ਮਿਹਣੇ ਦੇਣ ਵਾਸਤੇ ਵੇਲਾ-ਕੁਵੇਲਾ ਵੇਖੇ ਬਿਨਾਂ ਬਾਂਗਾਂ ਦੇਈ ਜਾਂਦੇ ਹਨ। ਅਮਰਨਾਥ ਦੀ ਯਾਤਰਾ ਹਾਲੇ ਚੱਲਦੀ ਪਈ ਹੈ ਤੇ ਇਸ ਦੇ ਨਾਲ ਹੀ ਕਾਂਵੜ ਯਾਤਰਾ ਵੀ ਚੱਲ ਰਹੀ ਹੈ। ਖ਼ਤਰਾ ਓਸ ਪਾਸੇ ਵੀ ਹੈ। ਖ਼ੁਫੀਆ ਏਜੰਸੀਆਂ ਕਾਂਵੜੀਆਂ ਵਾਸਤੇ ਵੀ ਖ਼ਤਰੇ ਦੀ ਚਰਚਾ ਕਰ ਰਹੀਆਂ ਹਨ। ਇਸ ਮੌਕੇ ਹਰ ਕਿਸੇ ਧਿਰ ਨੂੰ ਇਨ੍ਹਾਂ ਯਾਤਰਾਵਾਂ ਦੇ ਸੁਖਾਵੇਂ ਗੁਜ਼ਰਨ ਲਈ ਸਹਿਯੋਗ ਦੀ ਪੇਸ਼ਕਸ਼ ਹੀ ਕਰਨੀ ਚਾਹੀਦੀ ਹੈ, ਬਾਕੀ ਸਭ ਗੱਲਾਂ ਪਿੱਛੋਂ ਹੋ ਜਾਣਗੀਆਂ।