'ਊਂਚੀ ਦੁਕਾਨ, ਫੀਕਾ ਪਕਵਾਨ'!


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟ-ਬੰਦੀ ਦਾ ਐਲਾਨ ਕਰਨ ਸਮੇਂ ਕਿਹਾ ਸੀ ਕਿ ਇਸ ਨਾਲ ਇੱਕ ਤਾਂ ਕਾਲੇ ਧਨ ਦੇ ਚਲਣ 'ਤੇ ਰੋਕ ਲੱਗੇਗੀ; ਦੂਜੇ, ਦਹਿਸ਼ਤਗਰਦਾਂ ਤੇ ਨਕਸਲੀ ਗਰੋਹਾਂ ਨੂੰ ਬਾਹਰਲੇ ਵਸੀਲਿਆਂ ਤੋਂ ਹੁੰਦੀ ਮਾਲੀ ਵਸੀਲਿਆਂ ਦੀ ਪ੍ਰਾਪਤੀ ਅਸੰਭਵ ਹੋ ਜਾਵੇਗੀ ਤੇ ਤੀਜੇ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਿੱਚ ਮਦਦ ਮਿਲੇਗੀ। ਇਸ ਯੋਜਨਾ ਦੇ ਤਹਿਤ ਇੱਕ ਹਜ਼ਾਰ ਤੇ ਪੰਜ ਸੌ ਦੇ ਪੁਰਾਣੇ ਨੋਟਾਂ ਦੇ ਚਲਣ ਨੂੰ ਬੰਦ ਕਰਨ ਲਈ ਇੱਕ ਸਮਾਂ-ਸੀਮਾ ਵੀ ਤੈਅ ਕਰ ਦਿੱਤੀ ਗਈ ਸੀ।
ਨੋਟ-ਬੰਦੀ ਕਾਰਨ ਆਮ ਲੋਕਾਂ, ਛੋਟੇ ਵਪਾਰੀਆਂ, ਕਿਸਾਨਾਂ ਤੇ ਸਵੈ-ਰੁਜ਼ਗਾਰ 'ਤੇ ਲੱਗੇ ਲੋਕਾਂ ਨੂੰ ਜਿਹੜੀਆਂ ਮੁਸੀਬਤਾਂ ਝੱਲਣੀਆਂ ਪਈਆਂ ਤੇ ਬੈਂਕਾਂ ਵਿੱਚ ਜਮ੍ਹਾਂ ਆਪਣੇ ਹੀ ਪੈਸੇ ਕੱਢਵਾਉਣ ਲਈ ਜਿਵੇਂ ਖੱਜਲ-ਖੁਆਰ ਹੋਣਾ ਪਿਆ, ਇਹ ਗੱਲ ਕਿਸੇ ਤੋਂ ਲੁਕੀ-ਛੁਪੀ ਨਹੀਂ। ਨੋਟ-ਬੰਦੀ ਨੂੰ ਅੱਠ ਮਹੀਨਿਆਂ ਦਾ ਸਮਾਂ ਹੋ ਗਿਆ ਹੈ, ਪਰ ਖ਼ਜ਼ਾਨਾ ਮੰਤਰਾਲੇ ਦੇ ਅਧਿਕਾਰੀ ਤੇ ਖ਼ੁਦ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਇਹ ਨਹੀਂ ਦੱਸ ਸਕੇ ਕਿ ਹਜ਼ਾਰ ਤੇ ਪੰਜ ਸੌ ਦੇ ਨੋਟਾਂ ਦੀ ਜਿੰਨੀ ਕਰੰਸੀ ਜਾਰੀ ਹੋਈ ਸੀ, ਉਸ ਵਿੱਚੋਂ ਕਿੰਨੀ ਹੁਣ ਤੱਕ ਜਮ੍ਹਾਂ ਹੋਈ ਹੈ।
ਕਾਂਗਰਸੀ ਆਗੂ ਵੀਰੱਪਾ ਮੋਇਲੀ ਦੀ ਅਗਵਾਈ ਵਾਲੀ ਪਾਰਲੀਮੈਂਟਰੀ ਕਮੇਟੀ ਦੀ ਪਿਛਲੀ ਮੀਟਿੰਗ ਵਿੱਚ ਆਰ ਬੀ ਆਈ ਦੇ ਗਵਰਨਰ ਉਰਜਿਤ ਪਟੇਲ ਕੋਲੋਂ ਇਹ ਪੁੱਛਿਆ ਗਿਆ ਸੀ ਕਿ ਉਹ ਦੱਸਣ ਕਿ ਇੱਕ ਹਜ਼ਾਰ ਤੇ ਪੰਜ ਸੌ ਦੀ ਮਾਲੀਅਤ ਦੇ ਜਿੰਨੇ ਨੋਟ ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੇ ਗਏ ਸਨ, ਉਨ੍ਹਾਂ ਵਿੱਚੋਂ ਕਿੰਨੇ ਜਮ੍ਹਾਂ ਹੋਏ ਹਨ। ਇਸ ਦੇ ਜਵਾਬ ਵਿੱਚ ਉਨ੍ਹਾ ਨੇ ਕਿਹਾ ਸੀ ਕਿ ਹਾਲੇ ਤੱਕ ਬੈਂਕਾਂ ਵਿੱਚ ਜਮ੍ਹਾਂ ਹੋਏ ਪੁਰਾਣੇ ਨੋਟਾਂ ਦੀ ਗਿਣਤੀ ਦਾ ਕੰਮ ਪੂਰਾ ਨਹੀਂ ਹੋਇਆ, ਅਗਲੀ ਮੀਟਿੰਗ ਵਿੱਚ ਉਹ ਇਸ ਬਾਰੇ ਪੂਰਾ ਵੇਰਵਾ ਦੇ ਸਕਦੇ ਹਨ। ਉਰਜਿਤ ਪਟੇਲ ਨੇ ਇਹ ਇਕਰਾਰ ਜਨਵਰੀ ਮਹੀਨੇ ਵਿੱਚ ਹੋਈ ਮੀਟਿੰਗ ਸਮੇਂ ਕੀਤਾ ਸੀ, ਪਰ ਕੱਲ੍ਹ ਦੀ ਮੀਟਿੰਗ ਵਿੱਚ ਵੀ ਉਹ ਇਸ ਬਾਰੇ ਇਹ ਕਹਿ ਕੇ ਪੱਲਾ ਝਾੜ ਗਏ ਕਿ ਇਨ੍ਹਾਂ ਨੋਟਾਂ ਦੀ ਗਿਣਤੀ ਪੂਰੀ ਨਹੀਂ ਹੋ ਸਕੀ, ਕਿਉਂਕਿ ਨੋਟ ਗਿਣਨ ਵਾਲੀਆਂ ਮਸ਼ੀਨਾਂ ਦੀ ਘਾਟ ਹੈ ਤੇ ਨਵੀਂਆਂ ਮਸ਼ੀਨਾਂ ਖ਼ਰੀਦ ਕੇ ਬੈਂਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾ ਇਸ ਲਈ ਦੂਜਾ ਉਜ਼ਰ ਇਹ ਪੇਸ਼ ਕੀਤਾ ਕਿ ਰਿਜ਼ਰਵ ਬੈਂਕ ਕੋਲ ਪੰਦਰਾਂ ਹਜ਼ਾਰ ਦੇ ਕਰੀਬ ਕਰਮਚਾਰੀ ਹਨ, ਪਰ ਹਰ ਮਹੀਨੇ ਬੈਂਕਾਂ ਵਿੱਚ ਦੋ ਸ਼ਨੀਵਾਰ ਦੀਆਂ ਤੇ ਹੋਰ ਛੁੱਟੀਆਂ ਆਉਣ ਕਾਰਨ ਇਹ ਕੰਮ ਪ੍ਰਭਾਵਤ ਹੋ ਰਿਹਾ ਹੈ।
ਜਾਣਕਾਰ ਹਲਕਿਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਸਰਕਾਰ ਤੇ ਰਿਜ਼ਰਵ ਬੈਂਕ ਵਾਲੇ ਜਮ੍ਹਾਂ ਨੋਟਾਂ ਦੀ ਗਿਣਤੀ ਇਸ ਕਰ ਕੇ ਨਹੀਂ ਦੱਸ ਰਹੇ, ਕਿਉਂਕਿ ਜਾਰੀ ਹੋਏ ਨੋਟਾਂ ਨਾਲੋਂ ਜਮ੍ਹਾਂ ਹੋਏ ਨੋਟਾਂ ਦੀ ਮਾਲੀਅਤ ਵਿੱਚ ਫ਼ਰਕ ਦਾ ਅੰਦੇਸ਼ਾ ਹੈ। ਸ਼ਾਸਕਾਂ ਦੇ ਇਹ ਦਾਅਵੇ ਵੀ ਨਿਰਮੂਲ ਸਿੱਧ ਹੋ ਸਕਦੇ ਹਨ ਕਿ ਕਾਲੇ ਧਨ 'ਤੇ ਰੋਕ ਲੱਗ ਗਈ ਹੈ ਤੇ ਦਹਿਸ਼ਤਗਰਦੀ ਰੋਕਣ ਵਿੱਚ ਮਦਦ ਮਿਲੀ ਹੈ। ਨੋਟ-ਬੰਦੀ ਦੇ ਐਲਾਨ ਤੋਂ ਕੁਝ ਦਿਨ ਮਗਰੋਂ ਹੀ ਕਸ਼ਮੀਰ ਵਿੱਚ ਮਾਰੇ ਗਏ ਦਹਿਸ਼ਤਗਰਦ ਕੋਲੋਂ ਦੋ-ਦੋ ਹਜ਼ਾਰ ਦੇ ਨਵੇਂ ਨੋਟਾਂ ਦੇ ਬਰਾਮਦ ਹੋਣ ਨੇ ਸ਼ਾਸਕਾਂ ਦੇ ਦਾਅਵੇ ਦੀ ਪੋਲ ਖੋਲ੍ਹ ਦਿੱਤੀ ਸੀ ਕਿ ਨੋਟ-ਬੰਦੀ ਨਾਲ ਦਹਿਸ਼ਤਗਰਦਾਂ ਨੂੰ ਹਾਸਲ ਹੋਣ ਵਾਲੇ ਮਾਲੀ ਵਸੀਲਿਆਂ ਉੱਤੇ ਰੋਕ ਲੱਗ ਜਾਵੇਗੀ। ਜਿੱਥੋਂ ਤੱਕ ਭ੍ਰਿਸ਼ਟਾਚਾਰ ਦਾ ਸੰਬੰਧ ਹੈ, ਉਸ ਵਿੱਚ ਵੀ ਕੋਈ ਕਮੀ ਨਹੀਂ ਆਈ। ਆਏ ਦਿਨ ਰਾਜ ਸਰਕਾਰਾਂ ਦੇ ਕਰਮਚਾਰੀਆਂ ਕੋਲੋਂ ਹੀ ਨਹੀਂ, ਕੇਂਦਰੀ ਸਰਕਾਰ ਦੇ ਅਹਿਲਕਾਰਾਂ ਤੇ ਖ਼ਾਸ ਕਰ ਕੇ ਇਨਕਮ ਟੈਕਸ ਮਹਿਕਮੇ ਦੇ ਉੱਚ ਅਧਿਕਾਰੀਆਂ ਕੋਲੋਂ ਆਏ ਦਿਨ ਭਾਰੀ ਰਕਮਾਂ ਬਰਾਮਦ ਹੋ ਰਹੀਆਂ ਹਨ।
ਸੀ ਬੀ ਆਈ ਨੇ ਪਿਛਲੇ ਦਿਨ ਇਨਕਮ ਟੈਕਸ ਮਹਿਕਮੇ ਦੇ ਉੱਚ ਅਧਿਕਾਰੀਆਂ ਦੇ ਘਰਾਂ ਤੇ ਦੂਜੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪ੍ਰਿੰਸੀਪਲ ਕਮਿਸ਼ਨਰ, ਇਨਕਮ ਟੈਕਸ ਦੇ ਘਰ ਤੇ ਦੂਜਿਆਂ ਟਿਕਾਣਿਆਂ ਤੋਂ ਸੀ ਬੀ ਆਈ ਅਧਿਕਾਰੀਆਂ ਨੇ ਤਿੰਨ ਕਰੋੜ ਪੰਜਾਹ ਲੱਖ ਰੁਪਏ ਦੀ ਨਕਦੀ ਤੇ ਪੰਜ ਕਿਲੋ ਸੋਨਾ ਬਰਾਮਦ ਕੀਤਾ। ਇਸ ਸੋਨੇ ਦੀ ਕੀਮਤ ਇੱਕ ਕਰੋੜ ਚਾਲੀ ਲੱਖ ਦੱਸੀ ਜਾ ਰਹੀ ਹੈ। ਮਹਿਕਮੇ ਦੇ ਕਈ ਦੂਜੇ ਅਧਿਕਾਰੀਆਂ ਵਿਰੁੱਧ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਕੀਤੇ ਗਏ ਹਨ ਤੇ ਜਾਂਚ ਦਾ ਕੰਮ ਜਾਰੀ ਹੈ। ਇਸ ਘੁਟਾਲੇ ਵਿੱਚ ਛੇ ਵਪਾਰੀਆਂ ਤੇ ਚਾਰਟਰਡ ਅਕਾਊਂਟੈਂਟਾਂ ਦੇ ਨਾਂਅ ਵੀ ਪ੍ਰਕਾਸ਼ ਵਿੱਚ ਆਏ ਹਨ, ਜਿਹੜੇ ਲੈਣ-ਦੇਣ ਦੇ ਇਸ ਕੰਮ ਵਿੱਚ ਸ਼ਾਮਲ ਸਨ।
ਉਪਰੋਕਤ ਤੋਂ ਇਹੋ ਜ਼ਾਹਰ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟ-ਬੰਦੀ ਰਾਹੀਂ ਜਿਨ੍ਹਾਂ ਬੁਰਾਈਆਂ ਦੇ ਖ਼ਾਤਮੇ ਦਾ ਕੌਮ ਨੂੰ ਭਰੋਸਾ ਦਿਵਾਇਆ ਸੀ, ਉਹ ਅੱਜ ਵੀ ਪਹਿਲਾਂ ਵਾਂਗ ਜਾਰੀ ਹਨ। ਉਨ੍ਹਾ ਦੇ ਇਹਨਾਂ ਬੁਰਾਈਆਂ ਦੇ ਖ਼ਾਤਮੇ ਬਾਰੇ ਦਾਅਵੇ ਉੱਤੇ 'ਊਂਚੀ ਦੁਕਾਨ, ਫੀਕਾ ਪਕਵਾਨ' ਵਾਲੀ ਕਹਾਵਤ ਇੰਨ-ਬਿੰਨ ਢੁੱਕਦੀ ਹੈ।