ਨਸ਼ਿਆਂ ਦੇ ਧੰਦੇਬਾਜ਼ਾਂ ਦਾ ਕੱਚਾ ਚਿੱਠਾ


ਨਸ਼ਿਆਂ ਦਾ ਚਲਣ ਅੱਜ ਦਾ ਨਹੀਂ, ਯੁੱਗਾਂ ਤੋਂ ਚਲਿਆ ਆ ਰਿਹਾ ਹੈ। ਨਸ਼ਿਆਂ ਦੀ ਇਹ ਸਮੱਸਿਆ ਕੇਵਲ ਇੱਕ ਦੇਸ਼ ਦੀ ਨਹੀਂ, ਬਲਕਿ ਇਸ ਨੇ ਸਮੁੱਚੇ ਸੰਸਾਰ ਨੂੰ ਆਪਣੇ ਘੇਰੇ ਵਿੱਚ ਲੈ ਰੱਖਿਆ ਹੈ। ਸਮੇਂ ਦੇ ਨਾਲ-ਨਾਲ ਇਹਨਾਂ ਨਸ਼ਿਆਂ ਦੇ ਰੂਪ ਵੀ ਬਦਲਦੇ ਰਹੇ ਹਨ ਅਤੇ ਗੱਲ ਵਧਦੀ-ਵਧਦੀ ਹੁਣ ਸਿੰਥੈਟਿਕ ਨਸ਼ਿਆਂ ਤੱਕ ਪਹੁੰਚ ਗਈ ਹੈ। ਇਹਨਾਂ ਨਸ਼ਿਆਂ ਕਾਰਨ ਇੱਕ ਨਹੀਂ, ਅਣਗਿਣਤ ਘਰ ਬਰਬਾਦ ਹੋ ਚੁੱਕੇ ਹਨ। ਮੌਤ ਨੂੰ ਮਖੌਲਾਂ ਕਰਨ ਵਾਲੇ ਕਹੇ ਜਾਂਦੇ ਪੰਜਾਬ ਦੇ ਨੌਜੁਆਨਾਂ ਦਾ ਚੋਖਾ ਹਿੱਸਾ ਅੱਜ ਇਹਨਾਂ ਦੀ ਗ੍ਰਿਫ਼ਤ ਵਿੱਚ ਆ ਚੁੱਕਾ ਹੈ।
ਜਦੋਂ ਛੇਵਾਂ ਦਰਿਆ ਨਸ਼ਿਆਂ ਦਾ ਵਗਣ ਦੀ ਗੱਲ ਕੀਤੀ ਜਾਣ ਲੱਗੀ ਤੇ ਇਹਨਾਂ ਦੀ ਵਰਤੋਂ ਕਾਰਨ ਨਿੱਤ ਹੁੰਦੀਆਂ ਮੌਤਾਂ ਨੂੰ ਲੈ ਕੇ ਲੋਕਾਂ ਵੱਲੋਂ ਤੇ ਖ਼ਾਸ ਕਰ ਕੇ ਮੀਡੀਆ ਵੱਲੋਂ ਇਹ ਮਾਮਲਾ ਵੱਡੇ ਪੱਧਰ 'ਤੇ ਉਠਾਇਆ ਗਿਆ ਤਾਂ ਕਿਧਰੇ ਜਾ ਕੇ ਸਮੇਂ ਦੇ ਸ਼ਾਸਕਾਂ ਦੇ ਕੰਨਾਂ 'ਤੇ ਜੂੰ ਸਰਕੀ। ਨਸ਼ਿਆਂ ਦੀ ਸਪਲਾਈ ਕਰਨ ਵਾਲਿਆਂ ਦੀ ਫੜੋ-ਫੜਾਈ ਦੀ ਚੱਲੀ ਕਾਰਵਾਈ ਦੌਰਾਨ ਡੀ ਐੱਸ ਪੀ ਜਗਦੀਸ਼ ਸਿੰਘ ਭੋਲਾ, ਜਿਸ ਨੂੰ ਖੇਡਾਂ ਦੇ ਖੇਤਰ ਵਿੱਚ ਕੀਤੀ ਪ੍ਰਾਪਤੀ ਬਦਲੇ ਅਰਜਨ ਐਵਾਰਡ ਵੀ ਮਿਲਿਆ ਸੀ, ਨੂੰ ਪਟਿਆਲਾ ਦੀ ਪੁਲਸ ਵੱਲੋਂ ਕਾਬੂ ਕੀਤਾ ਗਿਆ। ਉਸ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੇ ਜੋ ਤੱਥ ਸਾਹਮਣੇ ਲਿਆਂਦੇ, ਉਹ ਸਭ ਨੂੰ ਹੈਰਾਨ ਕਰ ਦੇਣ ਵਾਲੇ ਸਨ। ਕੀਤੇ ਖੁਲਾਸੇ ਵਿੱਚ ਉਸ ਨੇ ਸਿਆਸਤਦਾਨਾਂ ਦੇ ਵੀ ਨਾਂਅ ਸਾਹਮਣੇ ਲਿਆਂਦੇ, ਵਪਾਰੀਆਂ ਦੇ ਵੀ ਅਤੇ ਪੁਲਸ ਦੇ ਅਧਿਕਾਰੀਆਂ ਦੇ ਵੀ। ਉਸ ਨੇ ਇਹ ਤੱਥ ਵੀ ਸਾਹਮਣੇ ਲਿਆਂਦੇ ਕਿ ਇਹ ਨਸ਼ੇ ਬਣਦੇ ਕਿੱਥੇ ਹਨ ਤੇ ਇਹਨਾਂ ਲਈ ਕੱਚਾ ਮਾਲ ਕਿੱਥੋਂ ਪ੍ਰਾਪਤ ਕੀਤਾ ਜਾਂਦਾ ਹੈ। ਨਾਂਅ ਤਾਂ ਉਸ ਨੇ ਬਿਕਰਮ ਸਿੰਘ ਮਜੀਠੀਆ ਦਾ ਵੀ ਲਿਆ ਸੀ, ਪਰ ਅਸਰ-ਰਸੂਖ ਤੇ ਪੈਸੇ ਵਾਲੇ ਲੋਕ ਕਿਵੇਂ ਸਾਫ਼ ਬਚ ਨਿਕਲਦੇ ਹਨ, ਇਸ ਦੀ ਬਹੁਤੀ ਗੱਲ ਕਰਨ ਦੀ ਸ਼ਾਇਦ ਲੋੜ ਨਹੀਂ। ਏਸੇ ਦੌਰਾਨ ਇਨਕਮ ਟੈਕਸ ਅਧਿਕਾਰੀਆਂ ਵੱਲੋਂ ਇਸ ਸੰਬੰਧ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਫਿਲੌਰ ਦੇ ਅਕਾਲੀ ਆਗੂ ਚੂੰਨੀ ਲਾਲ ਗਾਬਾ ਦੇ ਮੁੰਡੇ ਕੋਲੋਂ ਇੱਕ ਡਾਇਰੀ ਬਰਾਮਦ ਕੀਤੀ ਗਈ। ਇਸ ਡਾਇਰੀ ਵਿੱਚ ਕਈ ਭੱਦਰ-ਪੁਰਸ਼ਾਂ ਦੇ ਨਾਂਅ ਸਾਹਮਣੇ ਆਏ।
ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਜਦੋਂ ਇਨਕਮ ਟੈਕਸ ਮਹਿਕਮੇ ਵਾਲਿਆਂ ਤੋਂ ਇਸ ਡਾਇਰੀ ਦੀ ਮੰਗ ਕੀਤੀ ਤਾਂ ਉਨ੍ਹਾਂ ਵੱਲੋਂ ਇਨਕਾਰ ਕਰ ਦਿੱਤਾ ਗਿਆ। ਇਸ ਦੇ ਪਿੱਛੇ ਸਿਆਸੀ ਦਬਾਅ ਕੰਮ ਕਰ ਰਿਹਾ ਸੀ ਜਾਂ ਕੋਈ ਹੋਰ ਕਾਰਨ ਸਨ, ਪੱਕ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਉਪਰੰਤ ਇਨਫੋਰਸਮੈਂਟ ਡਾਇਰੈਕਟੋਰੇਟ ਵਾਲਿਆਂ ਨੂੰ ਡਾਇਰੀ ਦੀ ਪ੍ਰਾਪਤੀ ਲਈ ਅਦਾਲਤ ਦਾ ਸਹਾਰਾ ਲੈਣਾ ਪਿਆ। ਤਦ ਕਿਧਰੇ ਜਾ ਕੇ ਉਨ੍ਹਾਂ ਨੂੰ ਡਾਇਰੀ ਦੀ ਫੋਟੋ ਕਾਪੀ ਹਾਸਲ ਹੋਈ। ਇਸ ਡਾਇਰੀ ਵਿੱਚ ਹੋਰ ਵੇਰਵਿਆਂ ਦੇ ਨਾਲ-ਨਾਲ ਇਹ ਗੱਲ ਵੀ ਦਰਜ ਹੈ ਕਿ ਚੂੰਨੀ ਲਾਲ ਗਾਬਾ ਦੇ ਮੁੰਡੇ ਦੀ ਹਿਮਾਚਲ ਪ੍ਰਦੇਸ਼ ਵਿਚਲੀ ਫ਼ੈਕਟਰੀ ਵਿੱਚੋਂ ਕੱਚਾ ਮਾਲ ਸਪਲਾਈ ਕੀਤਾ ਜਾਂਦਾ ਸੀ, ਜਿਸ ਨਾਲ ਸਿੰਥੈਟਿਕ ਨਸ਼ੇ ਤਿਆਰ ਕੀਤੇ ਜਾਂਦੇ ਸਨ।
ਪੰਜਾਬ ਦੇ ਇਸ ਛੇ ਹਜ਼ਾਰ ਕਰੋੜ ਰੁਪਏ ਦੇ ਡਰੱਗ ਮਾਮਲੇ ਵਿੱਚ ਈ ਡੀ ਵੱਲੋਂ ਸੀ ਬੀ ਆਈ ਅਦਾਲਤ ਵਿੱਚ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਉਨ੍ਹਾ ਦੇ ਪੁੱਤਰ ਦਮਨਬੀਰ ਸਿੰਘ ਤੇ ਸਾਬਕਾ ਪਾਰਲੀਮਾਨੀ ਸਕੱਤਰ ਅਵਿਨਾਸ਼ ਚੰਦਰ ਸਮੇਤ ਬਾਰਾਂ ਦੋਸ਼ੀਆਂ ਦੇ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਕੁੱਲ ਮਿਲਾ ਕੇ ਹੁਣ ਤੱਕ ਸੱਠ ਜਣਿਆਂ ਦੇ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਜਾ ਚੁੱਕੀ ਹੈ। ਜਿਨ੍ਹਾਂ ਲੋਕਾਂ ਦੇ ਵਿਰੁੱਧ ਚਾਰਜਸ਼ੀਟ ਪੇਸ਼ ਕੀਤੀ ਗਈ ਹੈ, ਉਨ੍ਹਾਂ ਵਿੱਚ ਜਗਜੀਤ ਸਿੰਘ ਚਾਹਲ, ਜਿਸ ਦੇ ਬਿਕਰਮ ਸਿੰਘ ਮਜੀਠੀਆ ਨਾਲ ਨੇੜਲੇ ਸੰਬੰਧ ਦੱਸੇ ਜਾਂਦੇ ਹਨ, ਤੇ ਉਸ ਦੀਆਂ ਕਈ ਕੰਪਨੀਆਂ ਦੇ ਨਾਂਅ ਵੀ ਸ਼ਾਮਲ ਹਨ। ਇਹੋ ਨਹੀਂ, ਇਸ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨਸ਼ਿਆਂ ਦੇ ਧੰਦੇ ਵਿੱਚ ਕਈ ਪਰਵਾਸੀ ਪੰਜਾਬੀਆ ਦੇ ਨਾਂਅ ਵੀ ਬੋਲਦੇ ਹਨ। ਏਥੇ ਇਹ ਗੱਲ ਖ਼ਾਸ ਤੌਰ 'ਤੇ ਜ਼ਿਕਰ ਯੋਗ ਹੈ ਕਿ ਨਸ਼ਿਆਂ ਦੇ ਇਸ ਕਾਰੋਬਾਰ ਨਾਲ ਜੁੜੇ ਭੱਦਰ-ਪੁਰਸ਼ ਕਿੰਨੇ ਪ੍ਰਭਾਵਸ਼ਾਲੀ ਹਨ, ਉਸ ਦਾ ਪਤਾ ਈ ਡੀ ਦੇ ਡਿਪਟੀ ਡਾਇਰੈਕਟਰ ਨਰਿੰਜਣ ਸਿੰਘ ਦੇ ਤਬਾਦਲੇ ਤੋਂ ਲੱਗ ਜਾਂਦਾ ਹੈ, ਪਰ ਹਾਈ ਕੋਰਟ ਨੇ ਇੱਕ ਜਨਹਿੱਤ ਪਟੀਸ਼ਨ ਦੀ ਸੁਣਵਾਈ ਮਗਰੋਂ ਇਹ ਆਦੇਸ਼ ਦੇ ਦਿੱਤਾ ਕਿ ਜਦੋਂ ਤੱਕ ਜਾਂਚ ਦਾ ਕੰਮ ਸਿਰੇ ਨਹੀਂ ਚੜ੍ਹ ਜਾਂਦਾ, ਓਨੀ ਦੇਰ ਤੱਕ ਇਹ ਕੰਮ ਉਸ ਦੀ ਸੌਂਪਣਾ ਵਿੱਚ ਰਹੇਗਾ।
ਪਿਛਲੇ ਦਿਨੀਂ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਪੰਜਾਬ ਪੁਲਸ ਦੀ ਸਪੈਸ਼ਲ ਟਾਸਕ ਫ਼ੋਰਸ ਨੇ ਛਾਪੇ ਦੌਰਾਨ ਕਾਬੂ ਕੀਤਾ ਸੀ। ਉਸ ਕੋਲੋਂ ਤਿੰਨ ਕਿੱਲੋ ਸਮੈਕ, ਚਾਰ ਕਿਲੋ ਹੈਰੋਇਨ ਤੇ ਅਸਲਾ ਬਰਾਮਦ ਕੀਤਾ ਗਿਆ ਹੈ। ਉਸ ਤੋਂ ਕੀਤੀ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਸ ਦੇ ਨਾ ਕੇਵਲ ਨਸ਼ਿਆਂ ਦੇ ਸਮੱਗਲਰਾਂ ਨਾਲ ਸੰਬੰਧ ਸਨ, ਸਗੋਂ ਹਥਿਆਰ ਵੇਚਣ ਦਾ ਧੰਦਾ ਵੀ ਕਰਦਾ ਸੀ।
ਸਾਡੇ ਰਾਜ ਦੇ ਪੰਜ ਵਾਰ ਰਹਿ ਚੁੱਕੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਗੱਲ ਅਕਸਰ ਕਹਿੰਦੇ ਰਹੇ ਹਨ ਕਿ ਨਸ਼ੇ ਬਾਹਰੋਂ ਸਪਲਾਈ ਹੋ ਰਹੇ ਹਨ ਤੇ ਇਹਨਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ। ਹੁਣ ਭਲਾ ਉਹ ਜਗਦੀਸ਼ ਸਿੰਘ ਭੋਲਾ ਵੱਲੋਂ ਕੀਤੇ ਖੁਲਾਸਿਆਂ, ਡਾਇਰੀ ਤੋਂ ਸਾਹਮਣੇ ਆਏ ਤੱਥਾਂ ਤੇ ਇੰਦਰਜੀਤ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਕੀ ਕਹਿਣਗੇ?
ਮੁੱਕਦੀ ਗੱਲ, ਨਸ਼ੇ ਰਾਜ ਤੇ ਸਮਾਜ ਲਈ ਗੰਭੀਰ ਖ਼ਤਰਾ ਬਣ ਚੁੱਕੇ ਹਨ। ਇਹਨਾਂ ਦੇ ਖ਼ਾਤਮੇ ਲਈ ਨਸ਼ਿਆਂ ਦੇ ਵਪਾਰੀਆਂ, ਸਿਆਸਤਦਾਨਾਂ ਤੇ ਪੁਲਸ ਦੇ ਨਾਪਾਕ ਗੱਠਜੋੜ ਨੂੰ ਤੋੜਿਆ ਜਾਣਾ ਜ਼ਰੂਰੀ ਹੈ ਤੇ ਜਿਹੜੇ ਵੀ ਲੋਕ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ, ਉਨ੍ਹਾਂ ਨੂੰ ਮਿਸਾਲੀ ਸਜ਼ਾਵਾਂ ਦੇ ਭਾਗੀ ਬਣਾਇਆ ਜਾਣਾ ਚਾਹੀਦਾ ਹੈ।