ਯੂ ਪੀ ਵਿਧਾਨ ਸਭਾ ਅੰਦਰੋਂ ਮਿਲੀ ਵਿਸਫੋਟਕ ਸਮੱਗਰੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਉੱਤਰ ਪ੍ਰਦੇਸ਼ ਵਿਧਾਨ ਸਭਾ 'ਚ ਪੀ ਈ ਟੀ ਐਨ ਵਿਸਫੋਟਕ ਮਿਲਣ 'ਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾ ਕਿਹਾ ਕਿ ਸਦਨ 'ਚ ਵਿਸਫੋਟਕ ਸਮੱਗਰੀ ਮਿਲਣਾ ਇੱਕ ਸਾਜ਼ਿਸ਼ ਹੈ ਅਤੇ ਇਸ ਮਾਮਲੇ ਦੀ ਕੌਮੀ ਜਾਂਚ ਏਜੰਸੀ ਐਨ ਆਈ ਏ ਤੋਂ ਜਾਂਚ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸਦਨ 'ਚ ਪੁੜੀਆਂ ਅੰਦਰ 150 ਗ੍ਰਾਮ ਪੀ ਈ ਟੀ ਐਨ ਵਿਸਫੋਟਕ ਸਮੱਗਰੀ ਮਿਲੀ ਅਤੇ ਇਸ ਤਰ੍ਹਾਂ ਦੀ 500 ਗ੍ਰਾਮ ਵਿਸਫੋਟਕ ਸਮੱਗਰੀ ਨਾਲ ਵਿਧਾਨ ਸਭਾ ਦੀ ਪੂਰੀ ਇਮਾਰਤ ਉੱਡ ਸਕਦੀ ਹੈ।
ਵਿਧਾਨ ਸਭਾ 'ਚ ਵਿਸਫੋਟਕ ਸਮੱਗਰੀ ਮਿਲਣ ਤੋਂ ਬਾਅਦ ਭੜਥੂ ਪੈ ਗਿਆ। ਜਾਂਚ ਦੌਰਾਨ ਸਦਨ 'ਚ 150 ਗ੍ਰਾਮ ਸਫੇਦ ਰੰਗ ਦਾ ਪਾਊਡਰ ਮਿਲਿਆ। ਜਾਂਚ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਕਿ ਇਹ ਸ਼ੱਕੀ ਪਾਊਡਰ ਪਲਾਸਟਿਕ ਐਕਸਪਲੋਸਿਵ (ਪੀ ਈ ਟੀ ਐਨ) ਹੈ। ਇਹ ਪਾਊਡਰ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਨੇੜਿਓਂ ਮਿਲਿਆ। ਪਾਊਡਰ ਦਾ ਪਤਾ ਲੱਗਣ 'ਤੇ ਭਵਨ ਨੂੰ ਬੰਦ ਕਰ ਦਿੱਤਾ ਗਿਆ ਅਤੇ ਸੁਰੱਖਿਆ ਅਮਲਾ ਜਾਂਚ ਦੇ ਕੰਮ 'ਚ ਜੁੱਟ ਗਿਆ।
ਸੂਬੇ ਦੇ ਡੀ ਜੀ ਪੀ (ਕਾਨੂੰਨ ਤੇ ਵਿਵਸਥਾ) ਆਨੰਦ ਕੁਮਾਰ ਨੇ ਦਸਿਆ ਹੈ ਕਿ ਸੁਰੱਖਿਆ 'ਚ ਖਾਮੀ ਹੋਈ ਹੈ। ਉਨ੍ਹਾ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ। ਵਿਸਫੋਟਕ ਮਿਲਣ ਤੋਂ ਬਾਅਦ ਸਕਤਰੇਤ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਕੱਤਰੇਤ ਅੰਦਰ ਸੁਰੱਖਿਆ ਦੀ ਜ਼ਿੰਮੇਵਾਰੀ ਸਕੱਤਰੇਤ ਵਿਭਾਗ ਕੋਲ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਦੇ ਵਿਧਾਇਕ ਮਹੇਸ਼ ਗੁਪਤਾ ਨੇ ਅਧਿਕਾਰੀਆਂ ਦੀ ਕਲਾਸ ਲਾਈ। ਮਹੇਸ਼ ਗੁਪਤਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਬਿਨਾਂ ਪਾਸ ਗੱਡੀ ਭਾਵੇਂ ਕਿਸੇ ਵੀ ਵੱਡੇ ਅਫ਼ਸਰ ਦੀ ਹੋਵੇ, ਭਵਨ ਅੰਦਰ ਨਹੀਂ ਆਉਣੀ ਚਾਹੀਦੀ ਹੈ ਅਤੇ ਉਨ੍ਹਾ ਨੇ ਮੁੱਖ ਗੇਟ 'ਤੇ ਸੁਰੱਖਿਆ ਵਧਾਉਣ ਦੇ ਹੁਕਮ ਵੀ ਦਿੱਤੇ।