ਕਿਸਾਨਾਂ ਤੇ ਮਜ਼ਦੂਰਾਂ ਦੇ ਸਾਰੇ ਕਰਜ਼ੇ 'ਤੇ ਲੀਕ ਮਾਰੀ ਜਾਵੇ : ਬੰਤ ਬਰਾੜ


ਫਤਿਹਗੜ੍ਹ ਸਾਹਿਬ (ਪ੍ਰਮੋਦ ਭਾਰਦਵਾਜ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਕਾਮਰੇਡ ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਟੇਟ ਵੱਲੋਂ ਕਾਮਰੇਡ ਬੰਤ ਬਰਾੜ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਕਾਮਰੇਡ ਬਰਾੜ ਨੇ ਕੌਮੀ ਕੌਂਸਲ ਦੀ ਰਿਪੋਰਟ 'ਤੇ ਵਿਸਥਾਰ ਨਾਲ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਾਰੇ ਭਾਰਤ ਵਿੱਚ ਹਾਲਾਤ ਮਾੜੇ ਹੋ ਰਹੇ ਹਨ। ਦਲਿਤਾਂ ਅਤੇ ਘੱਟ ਗਿਣਤੀਆਂ 'ਤੇ ਕੇਂਦਰ ਸਰਕਾਰ ਦੀ ਰਹਿਨੁਮਾਈ ਹੇਠ ਹਮਲੇ ਹੋ ਰਹੇ ਹਨ ਅਤੇ ਗਊ ਰੱਖਿਆ ਦੇ ਨਾਂਅ 'ਤੇ ਲੱਗਭੱਗ ਦੋ ਦਰਜਨ ਨਾਗਰਿਕਾਂ ਦੇ ਕਤਲ ਹੋ ਗਏ ਹਨ। ਉਨ੍ਹਾਂ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਦੁਰਦਸ਼ਾ ਅਤੇ ਖੁਦਕੁਸ਼ੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਇਹਨਾਂ ਖੁਦਕੁਸ਼ੀਆਂ ਬਾਰੇ, ਕੋਈ ਠੋਸ ਨੀਤੀ ਨਹੀਂ ਬਣਾ ਰਹੀ। ਕਰਜ਼ੇ ਹੇਠ ਦੱਬੇ ਕਿਸਾਨ ਅਤੇ ਮਜ਼ਦੂਰ ਲੱਗਭੱਗ ਸਾਰੇ ਹਿੰਦੁਸਤਾਨ ਵਿੱਚ ਖੁਦਕੁਸ਼ੀਆਂ ਕਰ ਰਹੇ ਹਨ। ਪੰਜਾਬ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਪਹਿਲਾਂ ਨਾਲੋਂ ਵਧੀਆਂ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਸਾਰੇ ਕਰਜ਼ੇ 'ਤੇ ਲਕੀਰ ਫੇਰੀ ਜਾਵੇ। ਸੁਆਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਫੌਰਨ ਲਾਗੂ ਕੀਤੀਆਂ ਜਾਣ। ਖੇਤੀ ਦੀਆਂ ਲੋੜੀਂਦਾ ਵਸਤੂਆਂ ਬੀਜ, ਖਾਦ, ਕੀਟਨਾਸ਼ਕਾਂ, ਡੀਜ਼ਲ, ਬਿਜਲੀ, ਪੰਪ ਸੈੱਟ ਅਤੇ ਜਨਰੇਟਰਾਂ ਉੱਤੇ ਕੋਈ ਵੀ ਟੈਕਸ ਨਾ ਲਾਇਆ ਜਾਵੇ ਅਤੇ ਇਸ ਨੂੰ ਜੀ ਐਸ ਟੀ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇ। ਕੌਮੀ ਕ੍ਰਿਤ ਬੈਂਕ, ਸਹਿਕਾਰੀ, ਪ੍ਰਾਈਵੇਟ ਬੈਂਕ ਅਤੇ ਸ਼ਾਹੂਕਾਰਾਂ ਤੋਂ ਲਏ ਸਾਰੇ ਕਰਜ਼ੀਆਂ ਉੱਤੇ ਲਕੀਰ ਫੇਰੀ ਜਾਵੇ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਅਤੇ ਪੇਂਡੂ ਦਸਤਕਾਰਾਂ ਨੂੰ ਸਾਰੇ ਮਰਦ ਤੇ ਔਰਤਾਂ ਨੂੰ 60 ਸਾਲ ਦੀ ਉਮਰ ਤੋਂ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ।
ਇਸ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਕਾਮਰੇਡ ਅਮਰਨਾਥ ਨੇ ਕਿਹਾ ਕਿ ਜ਼ਮੀਨੀ ਸੁਧਾਰ ਇਮਾਨਦਾਰੀ ਨਾਲ ਲਾਗੂ ਕੀਤੇ ਜਾਣ। ਸਾਰੇ ਪੇਂਡੂ ਬੇਘਰ ਲੋਕਾਂ ਨੂੰ ਲੱਗਭੱਗ 400 ਗੱਜ਼ ਦੇ ਪਲਾਟ ਦਿੱਤੇ ਜਾਣ ਅਤੇ ਮਕਾਨ ਬਣਾਉਣ ਲਈ ਕਰਜ਼ਾ ਦਿੱਤਾ ਜਾਵੇ। ਉਨ੍ਹਾਂ ਨੇ ਮਨਰੇਗਾ ਕਾਮਿਆ ਦੀ ਦਿਹਾੜੀ 500 ਰੁਪਏ ਕਰਨ ਅਤੇ ਸਾਲ ਵਿੱਚ ਕੰਮ 200 ਦਿਨ ਦੀ ਮੰਗ ਕੀਤੀ। ਮਨਰੇਗਾ ਕਾਨੂੰਨ ਨੂੰ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾਵੇ। ਮਨਰੇਗਾ ਕਾਮਿਆਂ ਦੀਆਂ ਦਿਹਾੜੀਆਂ ਦੀ ਤੁਰੰਤ ਅਦਾਇਗੀ ਕੀਤੀ ਜਾਵੇ, ਕਿਉਂਕਿ ਸਰਕਾਰ ਮਨਰੇਗਾ ਦੇ ਪੈਸੇ ਹੋਰ ਸਕੀਮਾਂ ਵਿੱਚ ਵਰਤ ਰਹੀ ਹੈ। ਸਰਬ-ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 24 ਜੁਲਾਈ ਨੂੰ ਲੱਗਭੱਗ 200 ਕਾਰਕੁਨ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕਰਨਗੇ।
ਇਸ ਮੀਟਿੰਗ ਵਿੱਚ ਕਾਮਰੇਡ ਵਿਨੋਦ ਕੁਮਾਰ ਪੱਪੂ, ਅਮਰਜੀਤ ਕੋਟਲਾ ਅਜਮੇਰ, ਬੀਬੀ ਸਿਮਰਤ ਕੌਰ ਝਾਮਪੁਰ, ਮਨਜੀਤ ਸਿੰਘ ਸੈਦਪੁਰ, ਰਘੁਬੀਰ ਸਿੰਘ ਮਹਿਮੁਦਪੁਰ, ਪਰਮਜੀਤ ਕੌਰ, ਪਰਮਜੀਤ ਸਿੰਘ ਪੰਮਾ, ਦਰਸ਼ਨ ਸਿੰਘ ਤੂਰਾਂ, ਰਤਨ ਸਿੰਘ ਕੋਟਲਾ ਅਜਮੇਰ, ਅਵਤਾਰ ਸਿੰਘ ਅਤੇ ਲਾਲ ਸਿੰਘ ਨੇ ਵੀ ਸ਼ਮੂਲੀਅਤ ਕੀਤੀ।