Latest News
ਟਰੈਕਸ ਗੱਡੀ ਦਰੱਖਤ ਨਾਲ ਟਕਰਾਉਣ ਨਾਲ ਡਰਾਈਵਰ ਸਮੇਤ 2 ਦੀ ਮੌਤ

Published on 15 Jul, 2017 10:54 AM.


ਜਲਾਲਾਬਾਦ (ਸਤਨਾਮ ਸਿੰਘ, ਜੀਤ ਕੁਮਾਰ, ਰਣਬੀਰ ਕੌਰ ਢਾਬਾਂ)
ਅੱਜ ਸਵੇਰੇ ਫਾਜ਼ਿਲਕਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਸਥਿਤ ਸਰਕਾਰੀ ਆਈ.ਟੀ.ਆਈ ਦੇ ਨੇੜੇ ਇੱਕ ਟਰੈਕਸ ਗੱਡੀ ਦੇ ਦਰੱਖਤਾਂ ਦੇ ਨਾਲ ਟਕਰਾਉਣ ਨਾਲ ਵਾਪਰੇ ਭਿਆਨਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 5 ਵਿਅਕਤੀ ਗੰਭੀਰ ਰੂਪ ਵਿੱਚ ਫੱਟੜ ਹੋ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਛੋਟਾ ਸਿੱਧੂਵਾਲਾ ਉਰਫ ਚੱਕ ਸੁਖੇਰਾ ਦਾ ਇਕ ਪਰਵਾਰ ਬਿਆਸ ਤੋਂ ਆਪਣੇ ਬਜ਼ੁਰਗ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਉਪਰੰਤ ਵਾਪਸ ਆ ਰਿਹਾ ਸੀ ਕਿ ਅੱਜ ਸਵੇਰੇ ਕਰੀਬ 3 ਵਜੇ ਹਾਦਸਾ ਵਾਪਰ ਗਿਆ।
ਇਸ ਹਾਦਸੇ ਵਿੱਚ ਡਰਾਈਵਰ ਰਜਿੰਦਰ ਸਿੰਘ ਉਰਫ ਰਿੰਕੂ (35) ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਚੱਕ ਸੁਖੇਰਾ (ਸਿੱਧੂਵਾਲਾ) ਅਤੇ ਇੱਕ ਬਜ਼ੁਰਗ ਮਾਤਾ ਭਾਗੋ ਰਾਣੀ (70) ਪਤਨੀ ਕਸ਼ਮੀਰ ਸਿੰਘ ਵਾਸੀ ਮਮਦੋਟ ਦੀ ਮੌਕੇ 'ਤੇ ਮੌਤ ਹੋ ਗਈ। ਟਰੈਕਸ ਵਿੱਚ ਦਰਜਨ ਤੋਂ ਵੱਧ ਲੋਕ ਸਵਾਰ ਸਨ, ਜਿਸ ਵਿੱਚ ਬੱਚੇ ਵੀ ਸ਼ਾਮਲ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਹਲਕੇ ਦੇ ਪਿੰਡ ਚੱਕ ਸੁਖੇਰਾ ਉਰਫ ਸਿੱਧੂਵਾਲਾ ਦਾ ਇੱਕ ਪਰਵਾਰ ਆਪਣੇ ਬਜ਼ੁਰਗ ਰੁਲੀਆ ਸਿੰਘ ਪੁੱਤਰ ਮੁਖਤਿਆਰ ਸਿੰਘ ਦੀਆਂ ਅਸਥੀਆਂ ਨੂੰ ਬਿਆਸ ਵਿਖੇ ਜਲ ਪ੍ਰਵਾਹ ਕਰਨ ਉਪਰੰਤ ਅੱੱਜ ਸਵੇਰੇ ਬਿਆਸ ਤੋਂ ਟਰੈਕਸ 'ਤੇ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ।
ਇਹ ਪਰਿਵਾਰ ਜਲਾਲਾਬਾਦ ਦੇ ਨਜ਼ਦੀਕ ਸਥਿਤ ਸਰਕਾਰੀ ਆਈ.ਟੀ.ਆਈ ਦੇ ਕੋਲ ਪੁੱਜਿਆ ਤਾਂ ਟਰੈਕਸ ਗੱਡੀ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਖੜੇ ਦਰੱਖਤ ਵਿੱਚ ਟਕਰਾਅ ਗਈ।
ਇਸ ਹਾਦਸੇ 'ਚ ਗੱਡੀ ਦੇ ਡਰਾਈਵਰ ਰਿੰਕੂ ਅਤੇ ਇੱਕ ਬਜ਼ੁਰਗ ਮਾਤਾ ਭਾਗੋ ਰਾਣੀ ਦੀ ਮੌਤ ਹੋ ਗਈ, ਜਦਕਿ ਟਰੈਕਸ ਵਿੱਚ ਬੈਠੇ ਬਾਕੀ ਵਿਅਕਤੀ, ਮਹਿਲਾਵਾਂ ਤੇ ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।
ਹਾਦਸੇ ਵਿੱਚ ਕਰਨੈਲ ਸਿੰਘ ਪੁੱਤਰ ਰੁਲੀਆ ਸਿੰਘ, ਗੁਰਮੀਤ ਕੌਰ ਪਤਨੀ ਗੁਰਨਾਮ ਸਿੰਘ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਹਨ, ਜਦ ਕਿ ਪ੍ਰੇਮ ਸਿੰਘ ਪੁੱਤਰ ਜੈ ਸਿੰਘ, ਕੁਸ਼ੱਲਿਆ ਬਾਈ ਪਤਨੀ ਰੁਲੀਆ ਸਿੰਘ, ਗੁੱਡੋ ਰਾਣੀ ਪਤਨੀ ਮੰਗਲ ਸਿੰਘ ਅਤੇ ਇੱਕ ਬੱਚੇ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਰਕੇ ਸਰਕਾਰੀ ਹਸਪਤਾਲ ਜਲਾਲਾਬਾਦ ਦੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ/ ਹਸਪਤਾਲ ਵਿਖੇ ਇਲਾਜ ਲਈ ਰੈਫਰ ਕੀਤਾ ਗਿਆ ਹੈ।

278 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper