ਨਾ ਸੈਲਫੀ ਲਈ ਤੇ ਨਾ ਹੀ ਨਹਿਰ 'ਚ ਡਿੱਗੀਆਂ ਕੁੜੀਆਂ


ਗੁਰਦਾਸਪੁਰ (ਨਵਾਂ ਜ਼ਮਾਨਾ ਸਰਵਿਸ)-ਸ੍ਰੀ ਹਰਿਗੋਬਿੰਦਪੁਰ ਸੜਕ 'ਤੇ ਸਠਿਆਲੀ ਨਹਿਰ 'ਤੇ ਸੈਲਫੀ ਲੈਂਦੀਆਂ ਦੋ ਕੁੜੀਆਂ ਦੇ ਡੁੱਬਣ ਦੀ ਘਟਨਾ 'ਚ ਵੱਡਾ ਖੁਲਾਸਾ ਹੋਇਆ ਹੈ। ਲਾਪਤਾ ਕੁੜੀਆਂ ਦੀ ਭੈਣ ਸੋਫੀਆ ਨੇ ਦੱਸਿਆ ਕਿ ਦੋਵੇਂ ਭੈਣਾਂ ਨਹਿਰ 'ਚ ਨਹੀਂ ਡਿੱਗੀਆਂ, ਜਦਕਿ ਉਹ ਗੱਡੀ 'ਚ ਬੈਠ ਕੇ ਕਿਸੇ ਨਾਲ ਭੱਜ ਗਈਆਂ ਹਨ। ਉਸ ਨੇ ਕਿਹਾ ਕਿ ਘਰ ਵਾਲਿਆਂ ਤੋਂ ਬਚਣ ਲਈ ਉਨ੍ਹਾਂ ਇਹ ਡਰਾਮਾ ਕੀਤਾ ਹੈ।
ਡੀ ਐੱਸ ਪੀ ਪ੍ਰਲਾਦ ਸਿੰਘ ਨੇ ਦੱਸਿਆ ਕਿ ਨਿਸ਼ਾ ਤੇ ਲਵਪ੍ਰੀਤ ਨਹਿਰ 'ਚ ਨਹੀਂ ਡਿੱਗੀਆਂ, ਕਿਸੇ ਗੱਡੀ 'ਚ ਬੈਠ ਕੇ ਚਲੀਆਂ ਗਈਆਂ ਹਨ। ਉਨ੍ਹਾਂ ਆਪਣੇ ਪਿਤਾ ਨੂੰ ਵੀ ਸਹੁੰ ਖਵਾਈ ਸੀ ਕਿ ਉਹ ਘਟਨਾ ਦਾ ਸੱਚ ਕਿਸੇ ਨੂੰ ਨਾ ਦੱਸੇ। ਪੁਲਸ ਨੇ ਸਾਰੇ ਬਿਆਨ ਲੈ ਕੇ ਕੁੜੀਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਸ ਨੂੰ ਇਹ ਸੂਚਨਾ ਮਿਲੀ ਸੀ ਕਿ ਸਠਿਆਲੀ ਦੇ ਨੇੜੇ ਸਵੇਰੇ ਤਿੰਨ ਲੜਕੀਆਂ ਸੈਰ ਕਰ ਰਹੀਆਂ ਸਨ। ਇਨ੍ਹਾਂ ਵਿਚੋਂ ਦੋ ਸੈਲਫੀ ਲੈਣ ਸਮੇਂ ਨਹਿਰ ਵਿਚ ਡੁੱਬ ਗਈਆਂ।ਲੜਕੀਆਂ ਦੀ ਸਹੇਲੀ ਨੇ ਵੀ ਸ਼ਾਮ ਤੱਕ ਇਹੀ ਦੱਸਿਆ ਕਿ ਉਹ ਲੱਗਭੱਗ 5 ਵਜੇ ਆਪਣੀ ਭੈਣ ਅਤੇ ਸਹੇਲੀ ਨਾਲ ਨਹਿਰ ਕਿਨਾਰੇ ਸੈਰ ਕਰ ਰਹੀ ਸੀ।ਇਸ ਦੌਰਾਨ ਉਸ ਦੀ ਭੈਣ ਸੈਲਫੀ ਲੈਣ ਲੱਗੀ।ਜਿਵੇਂ ਹੀ ਉਹ ਸੈਲਫੀ ਲੈਣ ਲੱਗੀ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ ਵਿਚ ਡਿੱਗ ਗਈ।