ਮੇਲੇ ਦੌਰਾਨ ਸਰੇਆਮ ਫਾਇਰਿੰਗ 'ਚ ਗੈਂਗਸਟਰ ਲਵੀ ਦਿਓੜਾ ਹਲਾਕ

ਸ਼ਹਿਰ ਦੀ ਨਵੀਂ ਅਨਾਜ ਮੰਡੀ ਵਿੱਚ ਚੱਲ ਰਹੇ ਮੇਲੇ ਦੌਰਾਨ ਸਰੇਆਮ ਹੋਈ ਗੈਂਗਵਾਰ ਵਿੱਚ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੈਂਗਸਟਰ ਲਵੀ ਦਿਓੜਾ 'ਤੇ ਅੰਨ੍ਹੇਵਾਹ ਫਾਇਰਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ। ਗੈਂਗਸਟਰ ਲਵੀ ਦਿਓੜਾ ਕੁਝ ਦਿਨ ਪਹਿਲਾਂ ਹੀ ਪੁਰਾਣੇ ਮਾਮਲੇ ਵਿੱਚ ਜੇਲ੍ਹ ਤੋਂ ਛੁੱਟ ਕੇ ਆਇਆ ਸੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੋਟਕਪੂਰਾ ਦੇ ਪੁਰਾਣੇ ਸ਼ਹਿਰ ਦਾ ਰਹਿਣ ਵਾਲਾ ਗੈਂਗਸਟਰ ਲਵੀ ਦਿਓੜਾ ਪੁੱਤਰ ਬੰਟੀ ਦਿਓੜਾ ਕਿਸੇ ਪੁਰਾਣੇ ਮਾਮਲੇ ਵਿੱਚ ਸਜ਼ਾ ਭੁਗਤ ਰਿਹਾ ਸੀ। ਕਰੀਬ ਦਸ ਦਿਨ ਪਹਿਲਾਂ ਹੀ ਜ਼ਮਾਨਤ ਉੱਤੇ ਜੇਲ੍ਹ ਤੋਂ ਬਾਹਰ ਆਇਆ ਸੀ। ਅੱਜ ਨਵੀਂ ਅਨਾਜ ਮੰਡੀ ਵਿੱਚ ਲੱਗੇ ਮੇਲੇ ਵਿੱਚ ਘੁੰਮਦੇ ਸਮੇਂ ਅਚਾਨਕ ਉੱਥੇ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਅਚਾਨਕ ਹੋਈ ਫਾਇਰਿੰਗ ਵਿੱਚ ਲਵੀ ਦਿਓੜਾ ਨੂੰ ਸੱਤ ਗੋਲੀਆਂ ਲੱਗੀਆਂ। ਇਸ ਵਿੱਚ ਇੱਕ ਲਵੀ ਦੀ ਖੋਪੜੀ ਵਿੱਚ, ਇੱਕ ਦਿਲ ਦੇ ਉਪਰ ਛਾਤੀ ਵਿੱਚ, ਦੋ ਢਿੱਡ ਵਿੱਚ ਤੇ ਇੱਕ ਬਾਂਹ ਉੱਤੇ ਲੱਗੀ। ਹਮਲਾਵਰ ਮੋਟਰਸਾਈਕਲ ਸਮੇਤ ਘਟਨਾ ਸਥਾਨ ਤੋਂ ਫਰਾਰ ਹੋ ਗਏ। ਮੌਕੇ ਉੱਤੇ ਮੌਜੂਦ ਲੋਕ ਲਵੀ ਦਿਓੜਾ ਨੂੰ ਚੁੱਕ ਕੇ ਸਿਵਲ ਹਸਪਤਾਲ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਦੇ ਮੌਕੇ ਦੇ ਗਵਾਹਾਂ ਅਨੁਸਾਰ ਘਟਨਾ ਦੇ ਸਮੇਂ ਗੈਂਗਸਟਰ ਲਵੀ ਦਿਓੜਾ ਮੇਲੇ ਵਿੱਚ ਜਾਣ ਲਈ ਟਿਕਟ ਲੈ ਰਿਹਾ ਸੀ। ਠੀਕ ਉਸੇ ਸਮੇਂ ਦੋ ਹਮਲਾਵਰਾਂ ਨੇ ਮੇਲੇ ਵਾਲੀ ਜਗ੍ਹਾ ਦੇ ਅੰਦਰ ਆ ਕੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ, ਜਦੋਂ ਕਿ ਤੀਜਾ ਸਾਥੀ ਬਾਹਰ ਖੜ੍ਹਾ ਰਿਹਾ।