ਰਾਹੁਲ ਨੂੰ ਭੰਡਾਰਕਰ ਦਾ ਸਵਾਲ; ਕੀ ਮੈਨੂੰ ਪ੍ਰਗਟਾਵੇ ਦੀ ਆਜ਼ਾਦੀ ਨਹੀਂ?

ਫਿਲਮ ਨਿਰਮਾਤਾ ਮਧੁਰ ਭੰਡਾਰਕਰ ਨੇ ਐਤਵਾਰ ਨੂੰ ਟਵਿੱਟਰ 'ਤੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਤੋਂ ਪੁੱਛਿਆ ਹੈ ਕਿ ਉਨ੍ਹਾ ਨੂੰ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਹੈ ਜਾਂ ਨਹੀਂ। ਭੰਡਾਰਕਰ ਦੀ ਫਿਲਮ 'ਇੰਦੂ ਸਰਕਾਰ' ਦੇ ਵਿਰੋਧ ਦੀ ਵਜ੍ਹਾ ਕਾਰਨ ਉਨ੍ਹਾ ਨੂੰ ਨਾਗਪੁਰ ਵਿੱਚ ਹੋਣ ਵਾਲੀ ਪ੍ਰੈੱਸ ਕਾਨਫਰੰਸ ਰੱਦ ਕਰਨੀ ਪਈ, ਜਿਸ ਤੋਂ ਬਾਅਦ ਭੰਡਾਰਕਰ ਨੇ ਸਿੱਧਾ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਹੈ। ਭੰਡਾਰਕਰ ਨੇ ਕਾਂਗਰਸ ਉਪ ਪ੍ਰਧਾਨ ਨੂੰ ਟੈਗ ਕਰਕੇ ਟਵੀਟ ਕੀਤਾ ਹੈ, 'ਡੀਅਰ ਰਾਹੁਲ ਗਾਂਧੀ, ਪੂਨੇ ਤੋਂ ਬਾਅਦ ਮੈਨੂੰ ਅੱਜ ਨਾਗਪੁਰ 'ਚ ਹੋਣ ਵਾਲੀ ਪ੍ਰੈੱਸ ਕਾਨਫਰੰਸ ਵੀ ਰੱਦ ਕਰਨੀ ਪਈ ਹੈ। ਕੀ ਤੁਸੀਂ ਇਸ ਗੁੰਡਾਗਰਦੀ ਨੂੰ ਮਨਜ਼ੂਰੀ ਦਿੰਦੇ ਹੋ? ਕੀ ਮੇਰੇ ਕੋਲ ਪ੍ਰਗਟਾਵੇ ਦੀ ਆਜ਼ਾਦੀ ਹੈ? '
ਨਾਗਪੁਰ ਦੇ ਪੋਰਟੋ ਹੋਟਲ 'ਚ ਇਹ ਪ੍ਰੈੱਸ ਕਾਨਫਰੰਸ ਕੀਤੀ ਜਾਣੀ ਸੀ, ਪਰ ਪ੍ਰੈੱਸ ਕਾਨਫਰੰਸ ਤੋਂ ਠੀਕ ਪਹਿਲਾਂ ਕਾਂਗਰਸ ਵਰਕਰਾਂ ਨੇ ਓਥੇ ਜ਼ੋਰਦਾਰ ਮੁਜ਼ਾਹਰਾ ਕੀਤਾ ਤੇ ਭੰਡਾਰਕਰ ਨੂੰ ਪ੍ਰੈੱਸ ਕਾਨਫਰੰਸ ਰੱਦ ਕਰਨੀ ਪਈ। ਇਸ ਤੋਂ ਪਹਿਲਾਂ ਭੰਡਾਰਕਰ ਸ਼ਨੀਵਾਰ ਨੂੰ ਪੂਨੇ 'ਚ ਫਿਲਮ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰਨ ਵਾਲੇ ਸਨ, ਪਰ ਉਥੇ ਵੀ ਕਾਂਗਰਸ ਦੇ ਮੁਜ਼ਾਹਰੇ ਤੋਂ ਬਾਅਦ ਪ੍ਰੈੱਸ ਕਾਨਫਰੰਸ ਰੱਦ ਕਰਨੀ ਪਈ। ਫਿਲਮ 'ਇੰਦੂ ਸਰਕਾਰ' ਸਾਲ 1975 ਤੋਂ 1977 ਦੇ ਸਮੇਂ 'ਤੇ ਆਧਾਰਤ ਫਿਲਮ ਹੈ, ਜਦੋਂ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਫਿਲਮ ਦਾ ਟਰੇਲਰ ਆਉਣ ਪਿੱਛੋਂ ਕਾਂਗਰਸ ਵਰਕਰ ਇਸ ਦਾ ਵਿਰੋਧ ਕਰ ਰਹੇ ਹਨ ਤੇ ਮੰਗ ਕਰ ਰਹੇ ਹਨ ਕਿ ਸੈਂਸਰ ਬੋਰਡ ਇਸ ਫਿਲਮ ਨੂੰ ਮੁੜ ਤੋਂ ਜਾਂਚੇ। ਇਹ ਫਿਲਮ 28 ਜੁਲਾਈ ਨੂੰ ਸਿਨੇਮਾ ਘਰਾਂ 'ਚ ਆਉਣ ਵਾਲੀ ਹੈ।