ਮਾਮਲਾ ਪਾਦਰੀ ਦੀ ਹੱਤਿਆ ਦਾ; ਕੈਪਟਨ ਵੱਲੋਂ ਫਿਰਕੂ ਤਾਕਤਾਂ ਖਿਲਾਫ ਸਖਤ ਕਾਰਵਾਈ ਦੇ ਹੁਕਮ

ਲੁਧਿਆਣਾ ਵਿਖੇ ਇਕ ਈਸਾਈ ਪਾਦਰੀ ਦੀ ਹੱਤਿਆ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਸੂਬੇ ਵਿਚ ਇਸ ਤਰ੍ਹਾਂ ਦੀ ਕਾਰਵਾਈਆਂ ਨਾਲ ਫਿਰਕਾਪ੍ਰਸਤੀ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰਨ ਵਾਲੇ ਤੱਤਾਂ ਵਿਰੁੱਧ ਤਿੱਖੀ ਕਾਰਵਾਈ ਕਰਨ ਅਤੇ ਅਜਿਹੀਆਂ ਸ਼ਕਤੀਆਂ ਤੋਂ ਅਤਿ ਚੌਕਸ ਰਹਿਣ ਲਈ ਪੁਲਸ ਨੂੰ ਹੁਕਮ ਜਾਰੀ ਕਰਨ।
ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸੂਬੇ ਦੀ ਪੁਲਸ ਅਤੇ ਖੁਫੀਆ ਵਿਭਾਗਾਂ ਵਿਚ ਆਪਸੀ ਤਾਲਮੇਲ ਅਤੇ ਸੰਪਰਕ ਬਣਾਉਣ ਨੂੰ ਯਕੀਨੀ ਬਣਾਉਣ ਵਾਸਤੇ ਵੀ ਡੀ ਜੀ ਪੀ ਸੁਰੇਸ਼ ਅਰੋੜਾ ਨੂੰ ਨਿਰਦੇਸ਼ ਦਿੱਤੇ ਹਨ, ਤਾਂ ਜੋ ਅਜਿਹੀਆਂ ਘਟਨਾਵਾਂ ਦੇ ਮੁੜ ਵਾਪਰਨ ਤੋਂ ਰੋਕਣ ਲਈ ਅਗਾਊਂ ਖੁਫੀਆ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।
ਮੁੱਖ ਮੰਤਰੀ ਨੇ ਸੂਬਾ ਅਤੇ ਕੇਂਦਰੀ ਪੁਲਸ ਅਤੇ ਖੁਫੀਆ ਏਜੰਸੀਆਂ ਵਿਚ ਨੇੜੇ ਦੇ ਤਾਲਮੇਲ ਦਾ ਵੀ ਸੁਝਾਅ ਦਿੱਤਾ ਹੈ, ਤਾਂ ਜੋ ਅਜਿਹੀ ਸਥਿਤੀ ਨਾਲ ਨਿਪਟਣ ਦੇ ਸਮਰੱਥ ਹੋਣ ਲਈ ਠੋਸ ਅਤੇ ਵਿਆਪਕ ਖੁਫੀਆ ਜਾਣਕਾਰੀ ਇਕੱਤਰ ਕਰਨ ਲਈ ਸੁਵਿਧਾ ਮਿਲ ਸਕੇ। ਮੁੱਖ ਮੰਤਰੀ ਨੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਸਾਰੇ ਜ਼ਰੂਰੀ ਹਿਫਾਜ਼ਤੀ ਕਦਮ ਚੁੱਕਣ ਨੂੰ ਯਕੀਨੀ ਬਣਾਉਣ ਵਾਸਤੇ ਵੀ ਡੀ ਜੀ ਪੀ ਨੂੰ ਹੁਕਮ ਜਾਰੀ ਕੀਤੇ ਹਨ, ਤਾਂ ਜੋ ਸੂਬੇ ਵਿਚ ਸ਼ਾਂਤੀ ਅਤੇ ਸਦਭਾਵਨਾ ਬਰਕਰਾਰ ਰੱਖੀ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾ ਇਸ ਸੰਬੰਧ ਵਿਚ ਆਪਣੀ ਡਿਊਟੀ 'ਚ ਅਣਗਹਿਲੀ ਵਰਤਣ ਵਾਲੇ ਪੁਲਸ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।
ਮੋਟਰਸਾਇਕਲ ਸਵਾਰ ਦੋ ਅਣਪਛਾਤੇ ਹਮਲਾਵਾਰਾਂ ਵੱਲੋਂ ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਸੰਬੰਧੀ ਵਾਪਰੀ ਘਿਨਾਉਣੀ ਤੇ ਨਿੰਦਣਯੋਗ ਘਟਨਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਇਸ ਸੰਦਰਭ ਵਿਚ ਵਾਪਰਨ ਵਾਲੀ ਕਿਸੇ ਵੀ ਨਾਂਹ ਪੱਖੀ ਘਟਨਾ ਨੂੰ ਰੋਕਣ ਲਈ ਪੁਲਸ ਵਿਭਾਗ ਨੂੰ ਸਥਿਤੀ 'ਤੇ ਨੇੜਿਓਂ ਨਜ਼ਰ ਰੱਖਣ ਲਈ ਆਖਿਆ ਹੈ। ਉਨ੍ਹਾ ਹੱਤਿਆ ਤੋਂ ਬਾਅਦ ਪੈਦਾ ਹੋਈ ਸਥਿਤੀ ਨੂੰ ਆਮ ਵਰਗੀ ਬਣਾਉਣ ਲਈ ਫੀਲਡ ਅਧਿਕਾਰੀਆਂ ਨੂੰ ਸਥਾਨਕ ਈਸਾਈ ਆਗੂਆਂ ਨਾਲ ਤਾਲਮੇਲ ਬਣਾਉਣ ਅਤੇ ਉਨ੍ਹਾਂ ਦਾ ਸਮਰਥਨ ਲੈਣ ਲਈ ਵੀ ਨਿਰਦੇਸ਼ ਜਾਰੀ ਕਰਨ ਲਈ ਡੀ.ਜੀ.ਪੀ. ਨੂੰ ਆਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਆਰ ਐੱਸ ਐੱਸ ਅਤੇ ਸ਼ਿਵ ਸੈਨਾ ਆਗੂਆਂ ਸਣੇ ਜਨਵਰੀ 2016 ਤੋਂ ਪੰਜਾਬ ਵਿਚ ਮਿੱਥ ਕੇ ਕੀਤੀਆਂ ਹੱਤਿਆਵਾਂ ਦੀ ਸੀ.ਬੀ.ਆਈ. ਦੀ ਜਾਂਚ ਵਿਚ ਤੇਜ਼ੀ ਲਿਆਉਣ ਦਾ ਮਾਮਲਾ ਪਹਿਲਾਂ ਹੀ ਪ੍ਰਧਾਨ ਮੰਤਰੀ ਕੋਲ ਉਠਾਇਆ ਹੈ। 11 ਜੁਲਾਈ ਨੂੰ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਾਲ ਹੋਈ ਮੀਟਿੰਗ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕੇਂਦਰੀ ਅਤੇ ਸੂਬਾ ਪੁਲਸ ਅਤੇ ਖੁਫੀਆ ਏਜੰਸੀਆਂ ਦੀਆਂ ਵਧੀਆ ਕੋਸ਼ਿਸ਼ਾਂ ਦੇ ਬਾਵਜੂਦ ਇਨ੍ਹਾਂ ਹੱਤਿਆਵਾਂ ਦਾ ਪਤਾ ਲਾਉਣ ਬਾਰੇ ਅਜੇ ਕੋਈ ਵੀ ਸਫਲਤਾ ਨਹੀਂ ਮਿਲੀ। ਉਹਨਾ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਸੀ ਕਿ ਉਹ ਕੇਂਦਰੀ ਖੁਫੀਆ ਅਤੇ ਜਾਂਚ ਏਜੰਸੀਆਂ ਨੂੰ ਇਨ੍ਹਾਂ ਮਾਮਲਿਆਂ ਦੀ ਘੋਖ ਕਰਨ ਵਾਸਤੇ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰਨ ਲਈ ਨਿਰਦੇਸ਼ ਦੇਣ।