ਸੰਸਦ ਦਾ ਮਾਨਸੂਨ ਸਮਾਗਮ ਅੱਜ ਤੋਂ

ਸੰਸਦ ਦਾ ਮਾਨਸੂਨ ਸਮਾਗਮ ਅੱਜ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਮਾਗਮ ਦੌਰਾਨ ਦੋਵਾਂ ਸਦਨਾਂ 'ਚ ਘੱਟੋ-ਘੱਟ 16 ਨਵੇਂ ਬਿੱਲ ਪੇਸ਼ ਕੀਤੇ ਜਾਣਗੇ, ਜਿਨ੍ਹਾਂ 'ਚ ਜੰਮੂ-ਕਸ਼ਮੀਰ ਵਸਤੂ ਤੇ ਸੇਵਾ ਕਰ (ਜੀ ਐੱਸ ਟੀ) ਬਿੱਲ ਅਤੇ ਨਾਗਰਿਕਤਾ ਸੋਧ ਬਿੱਲ ਸ਼ਾਮਲ ਹਨ। ਨਾਗਰਿਕਤਾ ਸੋਧ ਬਿੱਲ ਜ਼ਰੀਏ ਸਰਕਾਰ ਗੈਰ-ਕਾਨੂੰਨੀ ਢੰਗ ਨਾਲ ਭਾਰਤ 'ਚ ਦਾਖਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਇੱਕ ਖਾਸ ਵਰਗ ਨੂੰ ਭਾਰਤੀ ਨਾਗਰਿਕਤਾ ਦੇਣਾ ਚਾਹੁੰੰਦੀ ਹੈ। ਇਸ ਤੋਂ ਇਲਾਵਾ ਸਰਕਾਰ ਦੀ ਕੋਸ਼ਿਸ਼ ਰਾਜ ਸਭਾ ਵਿੱਚ 16 ਅਤੇ ਲੋਕ ਸਭਾ 'ਚ 9 ਪੁਰਾਣੇ ਬਿੱਲਾਂ ਨੂੰ ਪਾਸ ਕਰਵਾਉਣ ਦੀ ਹੋਵੇਗੀ।
ਰਾਸ਼ਟਰਪਤੀ ਚੋਣ ਦੀ ਵੋਟਿੰਗ ਦੇ ਨਾਲ ਸ਼ੁਰੂ ਹੋਣ ਜਾ ਰਿਹਾ ਇਹ ਸਮਾਗਮ 11 ਅਗਸਤ ਤੱਕ ਚੱਲੇਗਾ। ਇਸ ਦੌਰਾਨ ਹੀ ਨਵੇਂ ਰਾਸ਼ਟਰਪਤੀ ਲਈ ਵੋਟਿੰਗ, ਰਾਸ਼ਟਰਪਤੀ ਪ੍ਰਣਵ ਮੁਖਰਜੀ ਦਾ ਵਿਦਾਇਗੀ ਪ੍ਰੋਗਰਾਮ, ਨਵੇਂ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਅਤੇ ਉਪ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ, ਵੋਟਿੰਗ, ਵਿਦਾਇਗੀ ਤੇ ਸਹੁੰ ਚੁੱਕ ਸਮਾਗਮ ਵੀ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਸਮਾਗਮ ਘੱਟ ਸ਼ੋਰ-ਸ਼ਰਾਬੇ ਦੇ ਨਾਲ ਸ਼ੁਰੂ ਹੋ ਕੇ ਖਤਮ ਹੋ ਜਾਵੇਗਾ।
ਇਸ ਮਾਨਸੂਨ ਸਮਾਗਮ 'ਚ 19 ਕਾਰਜ ਦਿਨ ਤੈਅ ਕੀਤੇ ਗਏ ਹਨ।
ਇਸ ਦੌਰਾਨ ਪਹਿਲਾ ਦਿਨ ਰਾਸ਼ਟਰਪਤੀ ਚੋਣ ਅਤੇ ਦੋ ਮਰਹੂਮ ਮੈਂਬਰਾਂ ਵਿਨੋਦ ਖੰਨਾ ਤੇ ਪਲਵੀ ਰੈਡੀ ਨੂੰ ਸ਼ਰਧਾਂਜਲੀ ਦੇ ਨਾਲ ਖਤਮ ਹੋ ਜਾਵੇਗਾ। ਇਸ ਤਰ੍ਹਾਂ ਸਹੀ ਅਰਥਾਂ 'ਚ ਇਹ ਸਮਾਗਮ ਮੰਗਲਵਾਰ ਤੋਂ ਹੀ ਸ਼ੁਰੂ ਹੋਵੇਗਾ। ਇਸ ਦੌਰਾਨ ਵਿਰੋਧੀ ਧਿਰ ਗਊ ਰੱਖਿਆ ਦੇ ਨਾਂਅ 'ਤੇ ਕਤਲਾਂ, ਕਿਸਾਨ ਅੰਦੋਲਨ, ਲਾਲੂ ਯਾਦਵ 'ਤੇ ਸੀ ਬੀ ਆਈ ਛਾਪੇ ਅਤੇ ਚੀਨ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ ਤਾਂ ਓਧਰ ਸਰਕਾਰ ਵੀ ਬੰਗਾਲ 'ਚ ਹਿੰਸਾ ਵਰਗੇ ਮੁੱਦਿਆਂ ਨਾਲ ਪਲਟਵਾਰ ਕਰਨ ਦੀ ਕੋਸ਼ਿਸ਼ ਕਰੇਗੀ।
ਸਮਾਗਮ ਦੌਰਾਨ ਕਦੋਂ ਕੀ ਹੋਵੇਗਾ
17 ਜੁਲਾਈ-ਰਾਸ਼ਟਰਪਤੀ ਲਈ ਵੋਟਿੰਗ
18 ਜੁਲਾਈ-ਉਪ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਦੀ ਅੰਤਿਮ ਤਰੀਕ
23 ਜੁਲਾਈ-ਮੌਜੂਦਾ ਰਾਸ਼ਟਰਪਤੀ ਪ੍ਰਣਵ ਮੁਖਰਜੀ ਦੀ ਵਿਦਾਇਗੀ
25 ਜੁਲਾਈ-ਨਵੇਂ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ
5 ਅਗਸਤ-ਉਪ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ
11 ਅਗਸਤ-ਨਵੇਂ ਉਪ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ।