ਪਰਵਾਰ ਮੁੜ ਮਿਲੇ ਸੁਸ਼ਮਾ ਨੂੰ

ਇਰਾਕ 'ਚ 3 ਸਾਲ ਤੋਂ 39 ਭਾਰਤੀ ਲਾਪਤਾ ਹਨ। ਬਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਐਤਵਾਰ ਨੂੰ ਕਿਹਾ ਕਿ ਇਹ ਲਾਪਤਾ ਭਾਰਤੀ ਨਾਗਰਿਕ ਸ਼ਾਇਦ ਇਰਾਕ ਦੀ ਇੱਕ ਜੇਲ੍ਹ 'ਚ ਕੈਦ ਹਨ। ਉਨ੍ਹਾ ਕਿਹਾ ਕਿ ਸੂਤਰਾਂ ਤੋਂ ਸੂਚਨਾ ਮਿਲੀ ਹੈ ਕਿ ਮੋਸੁਲ ਦੇ ਨਜ਼ਦੀਕ ਸਥਿਤ ਬਾਦੁਸ਼ ਪਿੰਡ 'ਚ ਇੱਕ ਜੇਲ੍ਹ ਹੈ ਤੇ ਸੰਭਾਵਨਾ ਹੈ ਕਿ ਇਹ ਭਾਰਤੀ ਨਾਗਰਿਕ ਉਥੇ ਹੀ ਕੈਦ ਹਨ। ਬਦੇਸ਼ ਮੰਤਰੀ ਨੇ ਦੱਸਿਆ ਕਿ ਬਾਦੁਸ਼ ਪਿੰਡ 'ਚ ਇਹਨੀਂ ਦਿਨੀਂ ਲੜਾਈ ਜਾਰੀ ਹੈ। ਮਾਹੌਲ ਸ਼ਾਂਤ ਹੋਣ ਤੋਂ ਬਾਅਦ ਹੀ ਲਾਪਤਾ ਭਾਰਤੀਆਂ ਦੀ ਭਾਲ ਕੀਤੀ ਜਾ ਸਕੇਗੀ।
ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਨੇ ਬਦੇਸ਼ ਰਾਜ ਮੰਤਰੀ ਵੀ ਕੇ ਸਿੰਘ ਅਤੇ ਐੱਮ ਜੇ ਅਕਬਰ ਨਾਲ ਸਭਨਾਂ ਲਾਪਤਾ 39 ਭਾਰਤੀਆਂ ਦੇ ਪਰਵਾਰਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਭਾਰਤੀਆਂ ਬਾਰੇ 2014 ਤੋਂ ਕੋਈ ਉੱਘ-ਸੁੱਘ ਨਹੀਂ ਹੈ। ਪਰਵਾਰਾਂ ਨੂੰ ਬਦੇਸ਼ ਮੰਤਰਾਲੇ ਦੇ ਤਿੰਨਾਂ ਮੰਤਰੀਆਂ ਨੇ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੇ ਆਪਣਿਆਂ ਨੂੰ ਸੁਰੱਖਿਅਤ ਭਾਰਤ ਲਿਆਉਣ 'ਚ ਉਨ੍ਹਾਂ ਦੀ ਹਰ ਮਦਦ ਕਰਨਗੇ। ਇਨ੍ਹਾਂ ਲਾਪਤਾ ਭਾਰਤੀਆਂ 'ਚ ਜ਼ਿਆਦਤਰ ਪੰਜਾਬੀ ਹਨ।
ਸੁਸ਼ਮਾ ਸਵਰਾਜ ਨੇ ਕਿਹਾ ਕਿ ਜਿਸ ਦਿਨ ਇਰਾਕ ਦੇ ਪ੍ਰਧਾਨ ਮੰਤਰੀ ਨੇ ਆਈ ਐੱਸ ਆਈ ਐੱਸ ਤੋਂ ਅਜ਼ਾਦੀ ਦਾ ਐਲਾਨ ਕੀਤਾ, ਉਸੇ ਦਿਨ ਮੈਂ ਵੀ ਕੇ ਸਿੰਘ ਨੂੰ ਇਰਬਿਲ ਜਾਣ ਲਈ ਕਿਹਾ। ਉਥੇ ਸੂਤਰਾਂ ਨੇ ਉਨ੍ਹਾ ਨੂੰ ਦੱਸਿਆ ਕਿ ਲਾਪਤਾ ਭਾਰਤੀ ਸੰਭਾਵਿਤ ਤੌਰ 'ਤੇ ਬਾਦੁਸ਼ ਦੀ ਕਿਸੇ ਜੇਲ੍ਹ 'ਚ ਬੰਦ ਹਨ, ਜਿੱਥੇ ਅਜੇ ਜੰਗ ਖਤਮ ਨਹੀਂ ਹੋਈ।
ਬਦੇਸ਼ ਮੰਤਰੀ ਨੇ ਇਰਾਕ ਸਥਿਤ ਭਾਰਤੀ ਦੂਤਾਵਾਸ ਅਤੇ ਹਵਾਈ ਅੱਡਿਆਂ 'ਤੇ ਕੰਮ ਕਰ ਰਹੇ ਏਅਰ ਇੰਡੀਆ ਦੇ ਅਧਿਕਾਰੀਆਂ ਨੂੰ ਵੀ ਭਾਰਤੀਆਂ ਬਾਰੇ ਜਾਣਕਾਰੀ ਜੁਟਾਉਣ ਲਈ ਕਿਹਾ ਹੈ। ਹਾਲਾਂਕਿ ਬਦੇਸ਼ ਮੰਤਰਾਲਾ ਇਨ੍ਹਾਂ ਲਾਪਤਾ ਭਾਰਤੀਆਂ ਦੇ ਜਿਊਂਦੇ ਹੋਣ ਬਾਰੇ ਆਸਵੰਦ ਹੈ।
ਇਨ੍ਹਾ ਲਾਪਤਾ ਨਾਗਰਿਕਾਂ ਦੇ ਪਰਵਾਰਾਂ ਦੀ ਬਦੇਸ਼ ਮੰਤਰੀ ਨਾਲ ਚੌਥੀ ਸਮੂਹਿਕ ਮੁਲਾਕਾਤ ਸੀ, ਪਰ ਇਸ ਮੁਲਾਕਾਤ ਵਿੱਚ ਵੀ ਉਨ੍ਹਾਂ ਨੂੰ ਕੋਈ ਪੱਕਾ ਭਰੋਸਾ ਨਹੀਂ ਮਿਲਿਆ। ਲਾਪਤਾ ਮਨਜਿੰਦਰ ਸਿੰਘ ਦੀ ਮਾਂ ਸੁਖਵਿੰਦਰ ਕੌਰ ਸੁਸ਼ਮਾ ਨਾਲ ਮੁਲਾਕਾਤ ਤੋਂ ਪਹਿਲਾਂ ਕਾਫੀ ਆਸਵੰਦ ਸੀ, ਪਰ ਮੁਲਾਕਾਤ ਤੋਂ ਬਾਅਦ ਉਹ ਨਿਰਾਸ਼ ਨਜ਼ਰ ਆਈ। ਉਸ ਨੇ ਕਿਹਾ ਕਿ ਕੁਝ ਵੀ ਅਜਿਹਾ ਨਹੀਂ ਕਿਹਾ ਗਿਆ, ਜਿਸ ਤੋਂ ਤਸੱਲੀ ਮਿਲੇ। ਮਨਜਿੰਦਰ ਦੀ ਭੈਣ ਗੁਰਪਿੰਦਰ ਕੌਰ ਨੇ ਕਿਹਾ ਕਿ ਜਿੱਥੇ ਤਿੰਨ ਸਾਲ ਪਹਿਲਾਂ ਸੀ, ਉਥੇ ਹੀ ਹਾਂ। ਹਾਲਾਂਕਿ ਲਾਪਤਾ ਵਿੱਦਿਆ ਨਾਥ ਤਿਵਾੜੀ ਦੇ ਚਾਚਾ ਰਵਿੰਦਰ ਤਿਵਾੜੀ ਨੇ ਕਿਹਾ ਕਿ ਜਦ ਤੱਕ ਸਰਕਾਰ ਕੋਸ਼ਿਸ਼ ਕਰਦੀ ਰਹੇਗੀ, ਉਹ ਉਮੀਦ ਬਣਾਈ ਰੱਖਣਗੇ।
ਜ਼ਿਕਰਯੋਗ ਹੈ ਕਿ 39 ਭਾਰਤੀਆਂ ਨੂੰ 15 ਜੂਨ 2014 ਨੂੰ ਆਈ ਐੱਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਸੀ। ਉਨ੍ਹਾਂ ਨਾਲ ਕੀ ਵਾਪਰਿਆ, ਇਸ ਦਾ ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ। ਇਹੀ ਚਿੰਤਾ ਦਾ ਸਬੱਬ ਵੀ ਹੈ ਅਤੇ ਇਹੀ ਉਮੀਦ ਦੀ ਵਜ੍ਹਾ ਵੀ ਹੈ।