ਪਾਕਿਸਤਾਨੀ ਫੌਜ ਦਾ ਬਿਆਨ; ਜਾਧਵ ਦੀ ਰਹਿਮ ਦੀ ਅਪੀਲ 'ਤੇ ਵਿਚਾਰ ਕਰ ਰਹੇ ਹਨ ਆਰਮੀ ਚੀਫ

ਪਾਕਿਸਤਾਨ ਦੀ ਫੌਜੀ ਅਦਾਲਤ ਵੱਲੋਂ ਕਥਿਤ ਜਾਸੂਸੀ ਦੇ ਜੁਰਮ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਰਹਿਮ ਦੀ ਅਪੀਲ 'ਤੇ ਪਾਕਿਸਤਾਨ ਦੇ ਫੌਜ ਮੁਖੀ ਵਿਚਾਰ ਕਰ ਰਹੇ ਹਨ। ਪਾਕਿਸਤਾਨੀ ਫੌਜ ਦੀ ਤਰਫੋਂ ਕਿਹਾ ਗਿਆ ਹੈ ਕਿ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਜਾਧਵ ਖਿਲਾਫ ਸਬੂਤਾਂ ਦਾ ਵਿਸ਼ਲੇਸ਼ਣ ਕਰ ਰਹੇ ਹਨ ਅਤੇ ਉਨ੍ਹਾ ਦੀ ਰਹਿਮ ਦੀ ਅਪੀਲ 'ਤੇ ਮੈਰਿਟ ਦੇ ਆਧਾਰ 'ਤੇ ਕੋਈ ਫੈਸਲਾ ਕਰਨਗੇ। ਪਾਕਿਸਤਾਨ ਦੀ ਮਿਲਟਰੀ ਕੋਰਟ ਵੱਲੋਂ ਰਹਿਮ ਦੀ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਜਾਧਵ ਨੇ ਪਾਕਿਸਤਾਨ ਦੇ ਫੌਜ ਮੁਖੀ ਅੱਗੇ ਰਹਿਮ ਦੀ ਅਪੀਲ ਦਾਇਰ ਕੀਤੀ ਹੋਈ ਹੈ। ਪਾਕਿਸਤਾਨੀ ਫੌਜੀ ਅਦਾਲਤ ਵੱਲੋਂ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਖਿਲਾਫ ਭਾਰਤ ਨੇ ਕੌਮਾਂਤਰੀ ਅਦਾਲਤ (ਇੰਟਰਨੈਸ਼ਨਲ ਕੋਰਟ ਆਫ ਜਸਟਿਸ) 'ਚ ਅਪੀਲ ਕੀਤੀ ਹੋਈ ਹੈ। ਕੌਮਾਂਤਰੀ ਅਦਾਲਤ ਨੇ ਫਿਲਹਾਲ ਜਾਧਵ ਦੀ ਫਾਂਸੀ 'ਤੇ ਰੋਕ ਲਗਾ ਰੱਖੀ ਹੈ ਅਤੇ ਭਾਰਤ ਨੂੰ ਜਾਧਵ ਮਾਮਲੇ 'ਚ ਹੋਰ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ 13 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ, ਜਦਕਿ ਪਾਕਿਸਤਾਨ ਨੇ 13 ਦਸੰਬਰ ਤੱਕ ਆਪਣਾ ਪੱਖ ਰੱਖਣਾ ਹੈ। ਭਾਰਤ ਪਾਕਿਸਤਾਨ ਕੋਲੋਂ ਜਾਧਵ ਤੱਕ ਕੂਟਨੀਤਕ ਪਹੁੰਚ ਲਈ 16 ਵਾਰ ਮੰਗ ਕਰ ਚੁੱਕਾ ਹੈ, ਪਰ ਹਰ ਵਾਰ ਪਾਕਿਸਤਾਨ ਨੇ ਇਸ ਮੰਗ ਨੂੰ ਠੁਕਰਾਇਆ ਹੈ।
ਪਾਕਿਸਤਾਨ ਦਾ ਦਾਅਵਾ ਹੈ ਕਿ ਜਾਧਵ ਭਾਰਤੀ ਜਲ ਸੈਨਾ ਦਾ ਸਰਵਿੰਗ ਅਫਸਰ ਹੈ ਅਤੇ ਉਸ ਨੂੰ ਬਲੋਚਿਸਤਾਨ ਦੇ ਮਸ਼ਕੇਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਦ ਕਿ ਭਾਰਤ ਦਾ ਕਹਿਣਾ ਹੈ ਕਿ ਜਾਧਵ ਨੇਵੀ ਦਾ ਰਿਟਾਇਰਡ ਅਫਸਰ ਹੈ। ਭਾਰਤ ਨੇ ਜਾਧਵ ਦੀ ਬਲੋਚਿਸਤਾਨ ਤੋਂ ਗ੍ਰਿਫਤਾਰੀ ਬਾਰੇ ਪਾਕਿਸਤਾਨ ਦੇ ਦਾਅਵੇ ਨੂੰ ਖਾਰਜ ਕਰਦਿਆਂ ਹੋਇਆਂ ਕਿਹਾ ਹੈ ਕਿ ਰਿਟਾਇਰਡ ਅਫਸਰ ਨੂੰ ਈਰਾਨ ਤੋਂ ਅਗਵਾ ਕੀਤਾ ਗਿਆ ਹੈ, ਜਿੱਥੇ ਉਹ ਰਿਟਾਇਰ ਹੋਣ ਤੋਂ ਬਾਅਦ ਕਾਰੋਬਾਰ ਕਰਦਾ ਸੀ।
ਪਾਕਿਸਤਾਨੀ ਫੌਜ ਜਾਧਵ ਨੂੰ ਜਾਸੂਸੀ ਦਾ ਦੋਸ਼ੀ ਦੱਸਦਿਆਂ ਦੋ ਵਾਰ ਉਸ ਦੇ ਕਥਿਤ ਕਬੂਲਨਾਮਿਆਂ ਦਾ ਵੀਡੀਓ ਜਾਰੀ ਕਰ ਚੁੱਕੀ ਹੈ। ਕਥਿਤ ਕਬੂਲਨਾਮਿਆਂ ਦੇ ਦੋਵਾਂ ਹੀ ਵੀਡੀਓ 'ਚ ਕਈ ਕੱਟ ਹਨ ਅਤੇ ਉਨ੍ਹਾਂ ਨੂੰ ਇੱਕ ਤੋਂ ਜ਼ਿਆਦਾ ਕੈਮਰਿਆਂ ਨਾਲ ਸ਼ੂਟ ਕੀਤਾ ਗਿਆ ਹੈ।
ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨੀ ਫੌਜ ਨੇ ਤਸੀਹੇ ਦੇ ਕੇ ਜਾਧਵ ਦਾ ਬਿਆਨ ਰਿਕਾਰਡ ਕਰਵਾਇਆ ਹੈ। ਪਾਕਿਸਤਾਨ ਨਾ ਸਿਰਫ ਜਾਧਵ ਤੱਕ ਕੂਟਨੀਤਕ ਪਹੁੰਚ ਬਾਰੇ ਭਾਰਤ ਦੀ ਮੰਗ ਖਾਰਜ ਕਰਦਾ ਰਿਹਾ ਹੈ, ਬਲਕਿ ਜਾਧਵ ਦੀ ਮਾਂ ਨੂੰ ਉਸ ਨਾਲ ਮਿਲਣ ਵਾਸਤੇ ਵੀਜ਼ਾ ਦੇਣ ਤੋਂ ਵੀ ਆਨਾਕਾਨੀ ਕਰ ਰਿਹਾ ਹੈ। ਜਾਧਵ ਦੀ ਮਾਂ ਨੇ ਆਪਣੇ ਬੇਟੇ ਨਾਲ ਮਿਲਣ ਲਈ ਪਾਕਿਸਤਾਨੀ ਵੀਜ਼ੇ ਵਾਸਤੇ ਅਰਜ਼ੀ ਦਿੱਤੀ ਹੈ, ਪਰ ਪਾਕਿਸਤਾਨ ਨੇ ਉਨ੍ਹਾ ਨੂੰ ਵੀਜ਼ਾ ਨਹੀਂ ਦਿੱਤਾ।