ਅਮਰਨਾਥ ਯਾਤਰੀਆਂ ਦੀ ਬੱਸ ਖੱਡ 'ਚ ਡਿੱਗੀ; 16 ਹਲਾਕ, 27 ਜ਼ਖਮੀ

ਜੰਮੂ-ਸ੍ਰੀਨਗਰ ਹਾਈਵੇ 'ਤੇ ਐਤਵਾਰ ਨੂੰ ਅਮਰਨਾਥ ਯਾਤਰੀਆਂ ਨਾਲ ਭਰੀ ਬੱਸ ਇੱਕ ਡੂੰਘੀ ਖੱਡ ਵਿੱਚ ਜਾ ਡਿੱਗੀ, ਜਿਸ ਵਿੱਚ 2 ਔਰਤਾਂ ਸਮੇਤ 16 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਜੰਮੂ-ਕਸ਼ਮੀਰ ਰਾਸ਼ਟਰੀ ਮਾਰਗ 'ਤੇ ਰਾਮਸੂ ਅਤੇ ਬਨਿਹਾਲ ਦੇ ਵਿਚਕਾਰ ਹੋਇਆ।
ਅਮਰਨਾਥ ਯਾਤਰੀਆਂ ਦੀ ਬੱਸ ਜੰਮੂ ਤੋਂ ਪਹਿਲਗਾਮ ਜਾ ਰਹੀ ਸੀ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਇਲਾਕੇ ਦੇ ਪੁਲਸ ਮੁਲਾਜ਼ਮਾਂ ਨੇ ਬਚਾਅ ਕਾਰਜ ਸ਼ੁਰੂ ਕੀਤੇ। ਇਸ ਤੋਂ ਬਾਅਦ ਹਾਦਸੇ ਵਾਲੀ ਥਾਂ ਰਾਹਤ ਅਤੇ ਬਚਾਅ ਕਾਰਜਾਂ ਲਈ ਫੌਜ ਦੇ ਜਵਾਨ ਵੀ ਪਹੁੰਚ ਗਏ।
ਰਾਮਬਨ ਦੇ ਸੀਨੀਅਰ ਪੁਲਸ ਅਧਿਕਾਰੀ ਮੋਹਨ ਲਾਲ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਐਤਵਾਰ ਦੁਪਹਿਰੇ ਤਿਲਕ ਕੇ ਰਾਮਬਨ ਬੈਲਟ ਦੇ ਨਚਲਾਨਾ 'ਚ ਇੱਕ ਨਾਲੇ 'ਚ ਜਾ ਡਿੱਗੀ।
ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦਾ ਸੰਬੰਧ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਅਸਾਮ, ਹਰਿਆਣਾ ਤੇ ਮੱਧ ਪ੍ਰਦੇਸ਼ ਨਾਲ ਹੈ। ਉਨ੍ਹਾਂ ਦੱਸਿਆ ਕਿ ਜੰਮੁ-ਕਸ਼ਮੀਰ ਰੋਡ ਟਰਾਂਸਪੋਰਟ ਦੀ ਬੱਸ ਸ਼ਰਧਾਲੂਆਂ ਨੂੰ ਜੰਮੂ ਤੋਂ ਬਾਲਟਾਲ ਅਤੇ ਪਹਿਲਗਾਮ ਦੇ ਆਧਾਰ ਕੈਂਪਾਂ ਤੱਕ ਲੈ ਕੇ ਜਾ ਰਹੀਆਂ ਬੱਸਾਂ ਦੇ ਕਾਫਲੇ 'ਚ ਸ਼ਾਮਲ ਸੀ। ਇਹ ਦੋਨੋਂ ਕੈਂਪ ਦੱਖਣੀ ਕਸ਼ਮੀਰ ਦੇ ਹਿਮਾਲਿਆਈ ਖੇਤਰ 'ਚ ਸਥਿਤ ਅਮਰ ਨਾਥ ਗੁਫਾ ਮੰਦਰ ਦੇ ਰਸਤੇ 'ਚ ਹਨ।
ਅਧਿਕਾਰੀਆਂ ਨੇ ਦੱਸਿਆ ਕਿ 19 ਜ਼ਖਮੀਆਂ ਨੂੰ ਹਵਾਈ ਮਾਰਗ ਰਾਹੀਂ ਜੰਮੂ ਲਿਜਾਇਆ ਜਾ ਰਿਹਾ ਹੈ, ਜਦਕਿ 8 ਹੋਰਨਾਂ ਨੂੰ ਬਨਿਹਾਲ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਮੁਤਾਬਿਕ ਸਥਾਨਕ ਲੋਕਾਂ ਦੀ ਮਦਦ ਨਾਲ ਪੁਲਸ, ਫੌਜ ਅਤੇ ਸੀ ਆਰ ਪੀ ਐੱਫ ਨੇ ਬਚਾਅ ਮੁਹਿੰਮ ਚਲਾ ਕੇ ਲਾਸ਼ਾਂ ਅਤੇ ਜ਼ਖਮੀਆਂ ਨੂੰ ਨਾਲੇ 'ਚੋਂ ਬਾਹਰ ਕੱਢਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਚ ਮਾਰੇ ਗਏ ਸ਼ਰਧਾਲੂਆਂ ਦੇ ਪਰਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ। ਮੋਦੀ ਨੇ ਟਵਿੱਟਰ 'ਤੇ ਲਿਖਿਆ ਹੈ, ''ਜੰਮੂ-ਕਸ਼ਮੀਰ 'ਚ ਬੱਸ ਹਾਦਸੇ ਕਾਰਨ ਅਮਰਨਾਥ ਯਾਤਰੀਆਂ ਦੇ ਮਾਰੇ ਜਾਣ ਨੂੰ ਲੈ ਕੇ ਬਹੁਤ ਦੁਖੀ ਹਾਂ। ਮੈਂ ਮ੍ਰਿਤਕ ਲੋਕਾਂ ਦੇ ਪਰਵਾਰਾਂ ਪ੍ਰਤੀ ਆਪਣੀ ਸੰਵੇਦਨਾ ਜ਼ਾਹਰ ਕਰਦਾ ਹਾਂ। ਮੈਂ ਬੱਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।'' ਜ਼ਿਕਰਯੋਗ ਹੈ ਕਿ 10 ਜੁਲਾਈ ਨੂੰ ਅਨੰਤਨਾਗ 'ਚ ਅੱਤਵਾਦੀਆਂÎ ਨੇ ਅਮਰਨਾਥ ਯਾਤਰੀਆਂ ਦੀ ਬੱਸ 'ਤੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ 7 ਮੁਸਾਫਰਾਂ ਦੀ ਮੌਤ ਮੌਕੇ 'ਤੇ ਹੀ ਹੋ ਗਈ ਸੀ। ਬਾਅਦ ਵਿੱਚ ਐਤਵਾਰ ਨੂੰ ਇਨ੍ਹਾਂ 'ਚੋਂ ਇੱਕ ਜ਼ਖਮੀ ਔਰਤ ਦੀ ਮੌਤ ਹੋ ਗਈ ਸੀ।