ਪਾਕਿਸਤਾਨੀ ਡੀ ਜੀ ਐੱਮ ਓ ਨੂੰ ਭਾਰਤੀ ਡੀ ਜੀ ਐੱਮ ਓ ਵੱਲੋਂ ਠੋਕਵਾਂ ਜਵਾਬ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਪਾਕਿਸਤਾਨ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਸਰਹੱਦ ਤੇ ਉਸ ਪਾਰ ਤੋਂ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਤੇ ਫੌਜ 'ਤੇ ਫਾਇਰਿੰਗ ਕਰ ਰਿਹਾ ਹੈ ਅਤੇ ਮੋਰਟਾਰ ਦਾਗ ਰਿਹਾ ਹੈ, ਪਰ ਜਦੋਂ ਗੱਲ ਉਨ੍ਹਾਂ ਦੇ ਅਧਿਕਾਰੀਆਂ ਨਾਲ ਕਰੋ ਤਾਂ ਬੜੀ ਹੀ ਬੇਸ਼ਰਮੀ ਨਾਲ ਭਾਰਤ 'ਤੇ ਦੋਸ਼ ਲਗਾ ਦਿੰਦੇ ਹਨ ਕਿ ਭਾਰਤ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਦਰਅਸਲ ਭਾਰਤ ਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਮ ਮਿਲਟਰੀ ਅਪ੍ਰੇਸ਼ਨ (ਡੀ ਜੀ ਐੱਮ ਓ ਐੱਸ) ਨੇ ਸੋਮਵਾਰ ਨੂੰ ਹਾਟ ਲਾਈਨ 'ਤੇ ਗੱਲਬਾਤ ਕੀਤੀ। ਇਸ ਗੱਲਬਾਤ ਲਈ ਪਾਕਿਸਤਾਨ ਵੱਲੋਂ ਬੇਨਤੀ ਕੀਤੀ ਗਈ ਸੀ। ਡੀ ਜੀ ਐੱਮ ਓ ਪੱਧਰ ਦੀ ਇਸ ਵਾਰਤਾ ਵਿੱਚ ਦੋਹਾਂ ਪਾਸਿਆਂ ਤੋਂ ਜਾਰੀ ਗੋਲੀਬੰਦੀ ਦੇ ਉਲੰਘਣ 'ਤੇ ਚਰਚਾ ਹੋਈ। ਇਸ ਵਿੱਚ ਪਾਕਿਸਤਾਨ ਨੇ ਦੋਸ਼ ਲਗਾਇਆ ਕਿ ਜੰਮੂ-ਕਸਮੀਰ ਵਿੱਚ ਕੰਟਰੋਲ ਰੇਖਾ ਦੇ ਦੋਵਾਂ ਪਾਸਿਆਂ ਤੋਂ ਜਾਰੀ ਫਾਇਰਿੰਗ 'ਚ ਉਨ੍ਹਾਂ ਦੇ 4 ਜਵਾਨ ਮਾਰੇ ਗਏ। ਪਾਕਿਸਤਾਨ ਦੇ ਡੀ ਜੀ ਐੱਮ ਓ ਮੇਜਰ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੇ ਭਾਰਤ ਦੇ ਡੀ ਜੀ ਐੱਮ ਓ ਨੂੰ ਕਿਹਾ ਕਿ ਭਾਰਤੀ ਫੌਜ ਲਗਾਤਾਰ ਉਸ ਦੀ ਫੌਜ 'ਤੇ ਹਮਲਾ ਕਰ ਰਹੀ ਹੈ, ਜਿਸ ਕਾਰਨ ਪੀ ਓ ਕੇ ਵਿੱਚ ਉਸ ਦੇ ਚਾਰ ਜਵਾਨਾਂ ਦੀ ਮੌਤ ਹੋ ਗਈ। ਉਥੇ ਇਸ ਦੇ ਜਵਾਬ ਵਿੱਚ ਭਾਰਤ ਦੇ ਡੀ ਜੀ ਐੱਮ ਓ ਲੈਫਟੀਨੈਂਟ ਜਨਰਲ ਏ ਕੇ ਭੱਟ ਨੇ ਜ਼ੋਰ ਦੇ ਕੇ ਕਿਹਾ ਕਿ ਗੋਲੀਬੰਦੀ ਉਲੰਘਣਾ ਦੀ ਸ਼ੁਰੂਆਤ ਪਾਕਿਸਤਾਨ ਵੱਲੋਂ ਕੀਤੀ ਗਈ ਸੀ ਅਤੇ ਇਸ ਦੇ ਬਾਅਦ ਭਾਰਤੀ ਫੌਜ ਨੇ ਜਵਾਬ ਦਿੱਤਾ, ਜਿਸ ਦਾ ਉਸ ਨੂੰ ਅਧਿਕਾਰ ਹੈ।