ਐੱਨ ਡੀ ਏ ਨੇ ਗਾਂਧੀ ਵਿਰੁੱਧ ਨਾਇਡੂ ਨੂੰ ਉਤਾਰਿਆ ਚੋਣ ਮੈਦਾਨ 'ਚ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦੇਸ਼ ਦੇ ਉਪ ਰਾਸ਼ਟਰਪਤੀ ਅਹੁਦੇ ਲਈ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਨੇ ਸੋਮਵਾਰ ਨੂੰ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੂੰ ਯੂ ਪੀ ਏ ਅਤੇ ਸਮੁੱਚੀ ਵਿਰੋਧੀ ਧਿਰ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਦੇ ਮੁਕਾਬਲੇ ਆਪਣਾ ਉਮੀਦਵਾਰ ਬਣਾਇਆ ਹੈ। ਭਾਜਪਾ ਦੇ ਸੰਸਦੀ ਦਲ ਦੀ ਮੀਟਿੰਗ ਤੋਂ ਬਾਅਦ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਇਸ ਫੈਸਲਾ ਦਾ ਐਲਾਨ ਕੀਤਾ ਗਿਆ। ਅਮਿਤ ਸ਼ਾਹ ਨੇ ਕਿਹਾ ਕਿ ਵੈਂਕਈਆ ਨਾਇਡੂ ਕੋਲ 25 ਸਾਲ ਸੰਸਦੀ ਤਜਰਬਾ ਹੈ ਅਤੇ ਉਹ ਭਲਕੇ ਯਾਨੀ ਕਿ ਮੰਗਲਵਾਰ ਨੂੰ 11 ਵਜੇ ਆਪਣਾ ਪਰਚਾ ਦਾਖਲ ਕਰਨਗੇ। ਵੈਂਕਈਆ ਨਾਇਡੂ ਇਸ ਵੇਲੇ ਸ਼ਹਿਰੀ ਵਿਕਾਸ ਤੇ ਸੂਚਨਾ ਪ੍ਰਸਾਰਨ ਮਹਿਕਮੇ ਦੇ ਮੰਤਰੀ ਹਨ। ਉਹ ਦੋ ਵਾਰ ਭਾਜਪਾ ਦੇ ਪ੍ਰਧਾਨ ਰਹਿ ਚੁੱਕੇ ਹਨ। ਵਾਜਪਾਈ ਸਰਕਾਰ ਵੇਲੇ ਵੀ ਉਹ ਮੰਤਰੀ ਬਣੇ ਸਨ। ਦੱਖਣੀ ਭਾਰਤ ਤੋਂ ਹੀ ਇਹ ਗੱਲ ਉਨ੍ਹਾ ਦੇ ਪੱਖ ਵਿੱਚ ਸਭ ਤੋਂ ਚੰਗਾ ਸਾਬਤ ਹੋਈ। ਪਾਰਟੀ ਦੇ ਅੰਦਰਲੇ ਸੂਤਰਾਂ ਅਨੁਸਾਰ ਵੈਂਕਈਆ ਨਾਇਡੂ ਨੂੰ ਉਪ ਰਾਸ਼ਟਪਤੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਨਾਲ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਪਾਰਟੀ ਦੀ ਪੈਂਠ ਵਧੇਗੀ। ਉਹ ਚਾਰ ਵਾਰੀ ਰਾਜ ਸਭਾ ਦੇ ਮੈਂਬਰ ਬਣੇ, ਉਹ ਬਚਪਨ ਤੋਂ ਹੀ ਆਰ ਅੱੈਸ ਐੱਸ ਨਾਲ ਜੁੜੇ ਰਹੇ ਹਨ। ਭਾਜਪਾ ਅਤੇ ਉਸ ਦੇ ਸਲਾਹਕਾਰ ਆਪਣੇ ਉਮੀਦਵਾਰ ਵਿੱਚ ਤਿੰਨ ਵੱਡੀਆਂ ਖਾਸੀਅਤਾਂ ਦੇਖ ਰਹੇ ਹਨ। ਉਪ ਰਾਸ਼ਟਰਪਤੀ ਅਹੁਦੇ ਦੀ ਭਾਜਪਾ ਅਤੇ ਉਨ੍ਹਾ ਦੇ ਵਿਚਾਰਕ ਸਰਪ੍ਰਸਤ ਕਹੇ ਜਾਣ ਵਾਲੇ ਆਰ ਐੱਸ ਐੱਸ ਦੀਆਂ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਰੱਖਣ ਦੀ ਪਿੱਠਭੂਮੀ ਹੋਣੀ ਚਾਹੀਦੀ ਹੈ। ਰਾਜ ਸਭਾ ਵਿੱਚ ਸਭਾਪਤੀ ਦੇ ਰੂਪ ਵਿੱਚ ਸਦਨ ਨੂੰ ਨਿਰਵਿਘਨ ਚਲਾਉਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਵਿੱਚ ਭਾਜਪਾ ਘੱਟ ਗਿਣਤੀ ਵਿੱਚ ਹੈ। ਸੱਤਾਧਾਰੀ ਗੱਠਜੋੜ ਦੇ ਉਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਵੀ ਕੁੱਲ 787 ਸਾਂਸਦਾਂ 'ਚੋਂ 557 ਦਾ ਸਮੱਰਥਨ ਮਿਲ ਜਾਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਭਾਜਪਾ ਉਪ-ਰਾਸ਼ਟਰਪਤੀ ਲਈ ਅਜਿਹਾ ਉਮੀਦਵਾਰ ਚਾਹੁੰਦੀ ਹੈ, ਜਿਸ ਦਾ ਪਿਛੋਕੜ ਆਰ ਐਸ ਐਸ ਨਾਲ ਜੁੜਿਆ ਹੋਵੇ। ਨਾਲ ਹੀ ਉਹ ਬੀ ਜੇ ਪੀ ਦੇ ਸਮੱਰਥਕ ਵਰਗਾਂ 'ਚੋਂ ਕਿਸੇ ਇੱਕ ਦੀ ਪ੍ਰਤੀਨਿਧਤਾ ਕਰਦਾ ਹੋਵੇ, ਜਿਵੇਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਨਾਥ ਕੋਵਿੰਦ ਦਲਿਤ ਵਰਗ ਨਾਲ ਸੰਬੰਧ ਰੱਖਦੇ ਹਨ। ਪਾਰਟੀ ਦੇ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਵੈਂਕਈਆ ਨਾਇਡੂ ਨੂੰ ਉਪ-ਰਾਸ਼ਟਰਪਤੀ ਅਹੁਦੇ ਦਾ ਦਾਅਵੇਦਾਰ ਬਣਾਏ ਜਾਣ ਨਾਲ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਰਗੇ ਰਾਜਾਂ 'ਚ ਪਾਰਟੀ ਦੀ ਚੜ੍ਹਤ ਵਧੇਗੀ। ਗੌਰਤਲਬ ਹੈ ਕਿ ਵਿਰੋਧੀ ਦਲਾਂ ਨੇ ਪਿਛਲੇ ਹਫ਼ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਪੋਤਰੇ ਗੋਪਾਲ ਕ੍ਰਿਸ਼ਨ ਗਾਂਧੀ ਨੂੰ ਉਪ-ਰਾਸ਼ਟਰਪਤੀ ਅਹੁਦੇ ਲਈ ਆਪਣੇ ਵੱਲੋਂ ਉਮੀਦਵਾਰ ਐਲਾਨ ਕੀਤਾ ਸੀ। ਗੋਪਾਲ ਕ੍ਰਿਸ਼ਨ ਗਾਂਧੀ ਰਾਜਪਾਲ ਵੀ ਰਹਿ ਚੁੱਕੇ ਹਨ ਅਤੇ ਉਨ੍ਹਾ ਦੇ ਨਾਂਅ 'ਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਰੂਪ 'ਚ ਵੀ ਚਰਚਾ ਕੀਤੀ ਗਈ ਸੀ।