ਔਰਬਿਟ ਬੱਸ ਕਾਂਡ ; ਅਦਾਲਤ ਨੇ ਸ਼ਿਕਾਇਤ ਕਰਤਾ ਸਮੇਤ ਮੁੱਖ ਗਵਾਹ ਮੁਕਰਨ ਦੇ ਚੱਲਦੇ ਦੋਸ਼ੀਆਂ ਨੂੰ ਕੀਤਾ ਬਰੀ


ਮੋਗਾ (ਅਮਰਜੀਤ ਬੱਬਰੀ)
ਬੀਤੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਗਲੇ ਦੀ ਹੱਡੀ ਬਣੇ ਰਹੇ ਬਹੁ-ਚਰਚਿਤ ਔਰਬਿਟ ਬੱਸ ਕਾਂਡ ਮਾਮਲੇ 'ਚ ਸੋਮਵਾਰ ਨੂੰ ਜ਼ਿਲ੍ਹਾ ਅਤੇ ਐਡੀਸ਼ਨਲ ਸੈਸ਼ਨ ਜੱਜ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਇਸ ਮਾਮਲੇ 'ਚ ਮੁੱਖ ਸ਼ਿਕਾਇਤ ਕਰਤਾ ਛਿੰਦਰ ਕੌਰ, ਮ੍ਰਿਤਕ ਨਾਬਾਲਗਾ ਅਰਸ਼ਦੀਪ ਕੌਰ ਦੇ ਪਿਤਾ ਸੁਖਦੇਵ ਸਿੰਘ, ਭਰਾ ਅਕਾਸ਼ਦੀਪ ਸਿੰਘ ਦੇ ਗਵਾਹਾਂ ਤੋਂ ਮੁਕਰਨ ਸਮੇਤ ਬੱਸ 'ਚ ਸਵਾਰ ਪਤੀ-ਪਤਨੀ ਰੋਡੇ ਨਿਵਾਸੀ ਜਗਤਾਰ ਸਿੰਘ ਅਤੇ ਉਸ ਦੀ ਪਤਨੀ ਅਮਰਜੀਤ ਕੌਰ ਦੀ ਗਵਾਹੀ ਅਤੇ ਦੋਸ਼ੀ ਪੱਖ ਦੇ ਵਕੀਲ ਰਮਨਦੀਪ ਸਿੰਘ ਔਲਖ ਵਲੋਂ ਅਦਾਲਤ 'ਚ ਪੇਸ਼ ਕੀਤੀਆਂ ਗਈਆਂ ਦਲੀਲਾਂ ਦੇ ਅਧਾਰ 'ਤੇ ਅੱਜ ਇਸ ਮਾਮਲੇ 'ਚ ਸ਼ਾਮਲ ਬੱਸ ਚਾਲਕ ਰਣਜੀਤ ਸਿੰਘ ਨਿਵਾਸੀ ਪਿੰਡ ਚੱਕ ਰਾਮ ਸਿੰਘ ਵਾਲਾ (ਬਠਿੰਡਾ), ਕੰਡਕਟਰ ਸੁਖਵਿੰਦਰ ਸਿੰਘ ਉਰਫ ਪੰਮਾ ਨਿਵਾਸੀ ਬਹਾਵਲ ਜ਼ਿਲ੍ਹਾ ਅਬੋਹਰ, ਸਹਾਇਕ ਗੁਰਦੀਪ ਸਿੰਘ ਜਿੰਮੀ ਨਿਵਾਸੀ ਦਸਮੇਸ਼ ਨਗਰ ਮੋਗਾ, ਅਮਰ ਰਾਮ ਨਿਵਾਸੀ ਪਿੰਡ ਚੱਕ ਭਕਤੂ ਥਾਣਾ ਨਥਾਣਾ ਜ਼ਿਲ੍ਹਾ ਬਠਿੰਡਾ ਨੂੰ ਬਰੀ ਕਰ ਦਿੱਤਾ ਗਿਆ ਹੈ।ਸਾਲ 2015 'ਚ ਬਹੁ-ਚਰਚਿਤ ਰਹੇ ਇਸ ਮਾਮਲੇ ਨੂੰ ਲੈ ਕੇ ਬਾਦਲ ਸਰਕਾਰ ਅਤੇ ਸਮੁੱਚੀ ਅਕਾਲੀ-ਭਾਜਪਾ ਸਰਕਾਰ ਦੀ ਬਹੁਤ ਕਿਰਕਰੀ ਹੋ ਗਈ ਸੀ ਅਤੇ ਇਸ ਮਾਮਲੇ ਨੂੰ ਲੈ ਕੇ ਮੋਗਾ ਦੇ ਸਿਵਲ ਹਸਪਤਾਲ ਸਮੇਤ ਪੂਰੇ ਜ਼ਿਲ੍ਹੇ 'ਚ 15 ਦਿਨਾਂ ਤੱਕ ਲਗਾਤਾਰ ਸੰਘਰਸ਼ ਚੱਲਦਾ ਰਿਹਾ, ਇਹ ਹੀ ਨਹੀਂ ਪੀੜਤ ਪਰਵਾਰ ਦੇ ਨਾਲ ਦੁੱਖ ਪ੍ਰਗਟ ਕਰਨ ਦੇ ਲਈ ਦੇਸ਼ ਭਰ ਦੇ ਨੇਤਾਵਾਂ ਨੇ ਮੋਗਾ ਪਹੁੰਚ ਕੇ ਔਰਬਿਟ ਬੱਸ 'ਚ ਵਾਪਰੀ ਇਸ ਘਟਨਾ ਦੀ ਨਿੰਦਾ ਕੀਤੀ ਸੀ।ਇਸ ਮਾਮਲੇ 'ਚ ਮੋਗਾ ਪੁਲਸ ਵਲੋਂ ਲੜਕੀ ਦੀ ਮਾਤਾ ਛਿੰਦਰ ਕੌਰ ਪਤਨੀ ਸੁਖਦੇਵ ਸਿੰਘ ਦੇ ਬਿਆਨਾਂ 'ਤੇ ਬੱਸ ਚਾਲਕ ਰਣਜੀਤ ਸਿੰਘ, ਕੰਡਕਟਰ ਸੁਖਵਿੰਦਰ ਸਿੰਘ ਉਰਫ ਪੰਮਾ, ਬੱਸ ਸਹਾਇਕ ਗੁਰਦੀਪ ਸਿੰਘ ਜਿੰਮੀ ਅਤੇ ਅਮਰ ਰਾਮ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਅੱਜ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ।
ਪੁਲਸ ਰਿਕਾਰਡ ਅਨੁਸਾਰ ਜ਼ਿਲ੍ਹੇ ਦੇ ਪਿੰਡ ਲੰਡੇਕੇ ਨਿਵਾਸੀ ਛਿੰਦਰ ਕੌਰ ਪਤਨੀ ਸੁਖਦੇਵ ਸਿੰਘ 29 ਅਪ੍ਰੈਲ 2015 ਨੂੰ ਆਪਣੀ 13 ਸਾਲਾ ਬੇਟੀ ਅਰਸ਼ਦੀਪ ਕੌਰ ਅਤੇ ਬੇਟੇ ਅਕਾਸ਼ਦੀਪ ਸਿੰਘ ਦੇ ਨਾਲ ਪਿੰਡ ਕੋਠਾ ਗੁਰੂਕਾ (ਭਗਤਾ ਭਾਈ) ਆਪਣੇ ਪੇਕੇ ਜਾਣ ਦੇ ਲਈ ਮੋਗਾ ਦੇ ਮੇਨ ਚੌਂਕ 'ਚੋਂ ਔਰਬਿਟ ਕੰਪਨੀ ਦੀ ਬੱਸ 'ਚ ਸਵਾਰ ਹੋਈ ਸੀ। ਬੱਸ ਕੰਡਕਟਰ ਨੂੰ ਉਸ ਨੇ ਬਾਘਾਪੁਰਾਣਾ ਤੱਕ ਤਿੰਨ ਟਿਕਟਾਂ ਦੇ ਲਈ 100 ਰੁਪਏ ਦਿੱਤੇ ਸਨ।ਬੱਸ ਕੰਡਕਟਰ ਨੇ 10 ਰੁਪਏ ਹੋਰ ਮੰਗੇ ਸਨ।ਉਸ ਨੇ ਦੋਸ਼ ਲਗਾਇਆ ਸੀ ਕਿ ਕੰਡਕਟਰ ਅਤੇ ਉਸ ਦੇ ਨਾਲ ਮੌਜੂਦ ਉਸ ਦੇ ਸਹਾਇਕ ਵਲੋਂ ਬੱਸ ਦੇ ਕੋਟਕਪੂਰਾ ਰੋਡ 'ਤੇ ਸਥਿਤ ਟੋਲ ਪਲਾਜ਼ਾ ਦੇ ਕੋਲ ਪਹੁੰਚਣ 'ਤੇ ਉਸ ਦੀ ਬੇਟੀ ਨਾਲ ਛੇੜਖਾਨੀ ਸ਼ੁਰੂ ਕਰ ਦਿੱਤੀ।ਇਸ ਵਿਚਕਾਰ ਜਦੋਂ ਬੱਸ ਪਿੰਡ ਗਿੱਲ ਦੇ ਕੋਲ ਪੁੱਜੀ ਤਾਂ ਉਕਤ ਲੋਕਾਂ ਨੇ ਉਸ ਦੀ ਨਾਬਾਲਗ ਬੇਟੀ ਨੂੰ ਚੱਲਦੀ ਬੱਸ 'ਚੋਂ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।ਜਦੋਂ ਹੀ ਉਹ ਬੱਸ ਦੇ ਦਰਵਾਜ਼ੇ 'ਤੇ ਖੜੀ ਹੋ ਕੇ ਬੇਟੀ ਨੂੰ ਦੇਖਣ ਦਾ ਯਤਨ ਕਰਨ ਲੱਗੀ ਤਾਂ ਉਸ ਨੂੰ ਵੀ ਧੱਕਾ ਦੇ ਦਿੱਤਾ।ਫੇਸਲੇ ਸੰਬੰਧੀ ਜਦ ਮ੍ਰਿਤਕ ਦੇ ਪਿਤਾ ਅਤੇ ਮਾਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਫੇਸਲਾ ਦਿਤਾ ਗਿਆ ਹੈ, ਉਸ 'ਤੇ ਸਾਨੂੰ ਕੋਈ ਗਿਲਾ ਨਹੀਂ ਕਿਉਂਕਿ ਸਾਡੀ ਕਿਹੜਾ ਉਨ੍ਹਾਂ ਨਾਲ ਦੁਸ਼ਮਣੀ ਸੀ, ਨਾਲੇ ਬੱਚੀ ਨੇ ਕਿਹੜਾ ਵਾਪਸ ਆ ਜਾਣਾ ਹੈ।