ਇਰਾਨੀ ਦੀ ਵੀ ਕਦਰ ਪੈ ਗਈ, ਮਿਲਿਆ ਸੂਚਨਾ ਪ੍ਰਸਾਰਣ ਮੰਤਰਾਲਾ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਵਂੈਕੱਈਆ ਨਾਇਡੂ ਨੂੰ ਐਨ ਡੀ ਏ ਦੇ ਉਮੀਦਵਾਰ ਬਣਾਉਣ ਤੋਂ ਬਾਅਦ ਅਸਤੀਫ਼ੇ ਕਾਰਨ ਹਾਸ਼ੀਏ 'ਤੇ ਧੱਕੀ ਸਮਰਿਤੀ ਇਰਾਨੀ ਦੀ ਕਦਰ ਪੈ ਗਈ ਹੈ, ਜਿਨ੍ਹਾ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਉਧਰ ਸ਼ਹਿਰੀ ਵਿਕਾਸ ਦਾ ਮੰਤਰਾਲਾ ਦਾ ਜ਼ਿੰਮਾ ਸੀਨੀਅਰ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਆਪਣੇ ਟਵਿਟਰ ਹੈਂਡਲ 'ਤੇ ਇਸ ਫੇਰ ਬਦਲ ਬਾਰੇ ਜਾਣਕਾਰੀ ਦਿੱਤੀ ਹੈ। ਐਨ ਡੀ ਏ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਕੋਲ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਚਾਰਜ ਸੀ। ਸਮਰਿਤੀ ਇਰਾਨੀ ਕੋਲ ਇਸ ਵੇਲੇ ਕੱਪੜਾ ਹੈ, ਜਦਕਿ ਤੋਮਰ ਗ੍ਰਾਮੀਨ ਵਿਕਾਸ ਦਾ ਮੰਤਰਾਲਾ ਸੰਭਾਲ ਰਹੇ ਸਨ।
ਜ਼ਿਕਰਯੋਗ ਹੈ ਕਿ ਐਨ ਡੀ ਏ ਨੇ ਸੋਮਵਾਰ ਨੂੰ ਵੈਂਕੱਈਆ ਨਾਇਡੂ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ। ਭਾਜਪਾ ਸੰਸਦੀ ਬੋਰਡ ਨੇ ਸਰਬ-ਸੰਮਤੀ ਨਾਲ ਨਾਇਡੂ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ। ਯੂ ਪੀ ਏ ਨੇ ਮਹਾਤਮਾ ਗਾਂਧੀ ਦੇ ਪੋਤਰੇ ਅਤੇ ਸੇਵਾਮੁਕਤ ਆਈ ਏ ਅਧਿਕਾਰੀ ਗੋਪਾਲ ਕ੍ਰਿਸ਼ਨ ਗਾਂਧੀ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ। ਸਿਆਸੀ ਜੋੜ-ਤੋੜ ਮੁਤਾਬਕ ਨਾਇਡੂ ਦੇ ਉਪ ਰਾਸ਼ਟਰਪਤੀ ਚੁਣੇ ਜਾਣ ਦੇ ਆਸਾਰ ਹਨ। ਐਨ ਡੀ ਏ ਦੀਆਂ ਭਾਈਵਾਲ ਪਾਰਟੀਆਂ ਤੋਂ ਇਲਾਵਾ ਅੰਨਾ ਡੀ ਐਮ ਕੇ ਅਤੇ ਵਾਈ ਐਸ ਆਰ ਕਾਂਗਰਸ ਦੀ ਹਮਾਇਤ ਵੀ ਹਾਸਲ ਹੈ। ਉਧਰ ਗੋਪਾਲ ਕ੍ਰਿਸ਼ਨ ਗਾਂਧੀ ਦੀ ਉਮੀਦਵਾਰੀ ਦਾ ਸਮੱਰਥਨ 18 ਵਿਰੋਧੀ ਪਾਰਟੀਆਂ ਤੋਂ ਇਲਾਵਾ ਬੀਜੂ ਜਨਤਾ ਦਲ ਨੇ ਵੀ ਕੀਤਾ ਹੈ।