ਮੌਜੂਦਾ ਖੇਤੀ ਸੰਕਟ ਬਹੁਤ ਹੀ ਗੰਭੀਰ : ਅਰਸ਼ੀ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਡੂੰਘੇ ਖੇਤੀ ਸੰਕਟ, ਸਰਕਾਰ ਦੀਆਂ ਖੇਤੀ ਤੇ ਕਿਸਾਨ-ਵਿਰੋਧੀ ਨੀਤੀਆਂ, ਕਿਸਾਨਾਂ ਦੀਆਂ ਖੁਦਕੁਸ਼ੀਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ, ਅੰਦੋਲਨਕਾਰੀ ਕਿਸਾਨਾਂ ਦਾ ਸਮੱਰਥਨ ਕਰਨ, ਕਰਜ਼ ਮੁਆਫੀ ਲਈ ਅਤੇ ਕੇਂਦਰ ਸਰਕਾਰ ਦੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਸੀ ਪੀ ਆਈ 24 ਤੋਂ 26 ਜੁਲਾਈ ਤੱਕ ਜੇਲ੍ਹ ਭਰੋ ਅੰਦੋਲਨ ਕਰੇਗੀ, ਜਿਸ ਵਿਚ ਪਾਰਟੀ ਦੇ ਵਰਕਰ ਗ੍ਰਿਫਤਾਰੀਆਂ ਦੇਣਗੇ।
ਇਹ ਜਾਣਕਾਰੀ ਅੱਜ ਇਥੇ ਸੀ ਪੀ ਆਈ ਦੇ ਪੰਜਾਬ ਸੂਬਾ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਸਾਬਕਾ ਐਮ ਐਲ ਏ ਨੇ ਪਾਰਟੀ ਦੀ ਸੂਬਾ ਕੌਂਸਲ ਦੀ ਕੱਲ੍ਹ ਖਤਮ ਹੋਈ ਦੋ-ਰੋਜ਼ਾ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਦੱਸੀ। ਸਾਥੀ ਅਰਸ਼ੀ ਨੇ ਦਸਿਆ ਕਿ ਸੂਬਾ ਕੌਂਸਲ ਨੇ ਪਾਰਟੀ ਦੀ ਕੌਮੀ ਕੌਂਸਲ ਵਲੋਂ 24 ਤੋਂ 26 ਜੁਲਾਈ ਨੂੰ ਦੇਸ਼ ਭਰ ਵਿਚ ਜੇਲ੍ਹ ਭਰੋ ਅੰਦੋਲਨ ਕਰਨ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਦਿੱਤਾ ਅਤੇ ਤਿਆਰੀਆਂ ਦੀ ਰੂਪ-ਰੇਖਾ ਤਿਆਰ ਕੀਤੀ।
ਉਨ੍ਹਾ ਕਿਹਾ ਕਿ ਦੇਸ਼ ਇਸ ਵੇਲੇ ਇਕ ਅਜਿਹੇ ਗੰਭੀਰ ਖੇਤੀ ਸੰਕਟ ਵਿਚ ਫਸਿਆ ਹੋਇਆ ਹੈ, ਜਿਸ ਦੀ ਪਹਿਲਾਂ ਕੋਈ ਮਿਸਾਲ ਨਹੀਂ ਮਿਲਦੀ। ਦੇਸ਼ ਭਰ ਵਿਚ ਇਸ ਅਸਹਿ ਸੰਕਟ ਦਾ ਸਾਹਮਣਾ ਕਰਨੋਂ ਅਸਫਲ ਕਿਸਾਨ 'ਕਰੋ ਜਾਂ ਮਰੋ' ਦੀ ਭਾਵਨਾ ਨਾਲ ਗਲੀਆਂ, ਸੜਕਾਂ 'ਤੇ ਨਿੱਤਰ ਰਹੇ ਹਨ। ਚੋਣ ਦੌਰਾਨ ਮੋਦੀ ਤੇ ਭਾਜਪਾ ਨੇ ਕਰਜ਼-ਮੁਆਫੀ ਦਾ ਵਾਅਦਾ ਕੀਤਾ ਸੀ, ਪਰ ਇਸ ਪਾਸੇ ਉਸ ਨੇ ਸੋਚਿਆ ਹੀ ਨਹੀਂ। ਪੰਜਾਬ ਵਿਚ ਕਾਂਗਰਸ ਨੇ ਵੀ ਇਹ ਵਾਅਦਾ ਕੀਤਾ ਸੀ, ਪਰ ਹੁਣ ਆਨੀ-ਬਹਾਨੀ ਚਾਲ ਵਟ ਰਹੀ ਹੈ ਤੇ ਸ਼ਰਤਾਂ ਲਾ ਕੇ ਬਹੁਤ ਹੀ ਘਟ ਕਿਸਾਨਾਂ ਨੂੰ ਫਾਇਦਾ ਦੇਣ ਦੀਆਂ ਗੱਲਾਂ ਕਰ ਰਹੀ ਹੈ।
ਸੀ ਪੀ ਆਈ ਦੀ ਸੂਬਾ ਕੌਂਸਲ ਨੇ ਕਿਹਾ ਕਿ ਲਾਹੇਵੰਦੇ ਨਿਰਖਾਂ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ, ਖੇਤੀ ਲਈ ਲੋੜੀਂਦੀਆਂ ਵਸਤਾਂ ਸਸਤੀਆਂ ਕਰਨ, ਇਕ ਲੱਖ ਕਰੋੜ ਰੁਪਏ ਦਾ ਕੀਮਤ ਸਥਿਰੀਕਰਨ ਫੰਡ ਕਾਇਮ ਕਰਨ, ਕਿਸਾਨਾਂ ਦੇ ਕਰਜ਼ਿਆਂ ਉਤੇ ਲੀਕ ਫੇਰਨ, 60 ਸਾਲ ਤੋਂ ਵੱਡੀ ਉਮਰ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਦਸਤਕਾਰਾਂ ਨੂੰ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ, ਬੇਘਰਿਆਂ ਨੂੰ ਪਲਾਟ ਦੇਣ ਆਦਿ ਮੰਗਾਂ ਲਈ 24 ਤੋਂ 26 ਜੁਲਾਈ ਤੱਕ ਜ਼ਿਲ੍ਹਿਆਂ ਵਿਚ ਜੇਲ੍ਹ ਭਰੋ ਅੰਦੋਲਨ ਚਲਾਇਆ ਜਾਵੇਗਾ।
ਪਾਰਟੀ ਦੇ ਜਨਰਲ ਸਕੱਤਰ ਐਸ. ਸੁਧਾਕਰ ਰੈਡੀ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਨਿਰੋਲ ਖੇਤੀ ਸੰਕਟ 'ਤੇ ਵਿਚਾਰ ਕਰਨ ਲਈ ਸੰਸਦ ਦਾ ਵਿਸ਼ੇਸ਼ ਅਜਲਾਸ ਸੱਦਿਆ ਜਾਵੇ।
ਸੂਬਾ ਕੌਂਸਲ ਨੇ ਨੌਜਵਾਨਾਂ ਵਲੋਂ ਭਗਤ ਸਿੰਘ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਕੰਨਿਆ ਕੁਮਾਰੀ ਤੋਂ ਹੁਸੈਨੀਵਾਲਾ ਤੱਕ ਦੇ ਲੰਮੇ ਮਾਰਚ ਦਾ ਸਮੱਰਥਨ ਕੀਤਾ, ਜਿਸ ਨੂੰ ਪੰਜਾਬ ਵਿਚ ਤਿੰਨ ਥਾਵਾਂ 'ਤੇ ਰੈਲੀਆਂ, ਜਲਸਿਆਂ ਨਾਲ ਸਮੱਰਥਨ ਦਿੱਤਾ ਜਾਵੇਗਾ ਅਤੇ ਰਸਤੇ ਵਿਚ ਥਾਂ-ਥਾਂ ਸਮੱਰਥਨ ਦਾ ਵਿਖਾਵਾ ਹੋਵੇਗਾ। ਅਖੀਰ ਵਿਚ ਉਹ ਹੁਸੈਨੀਵਾਲਾ ਸ਼ਹੀਦੀ ਸਮਾਰਕ ਉਤੇ ਸਮਾਪਤ ਹੋਵੇਗਾ।
ਜਿਸ ਦੀਆਂ ਪ੍ਰਮੁੱਖ ਮੰਗਾਂ 'ਚ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਐਕਟ (ਬਨੇਗਾ) ਬਣਾਇਆ ਜਾਵੇ; ਮੁਫਤ, ਲਾਜ਼ਮੀ ਤੇ ਵਿਗਿਆਨਕ ਸਿੱਖਿਆ ਦਾ ਪ੍ਰਬੰਧ ਕਰਨਾ; ਧਰਮ-ਨਿਰਪੱਖਤਾ; ਚੋਣਾਵੀ ਸੁਧਾਰ, ਸਰਵਜਨਿਕ ਖੇਤਰ ਨੂੰ ਬਚਾਉਣਾ; ਦਲਿਤਾਂ, ਆਦਿਵਾਸੀਆਂ ਅਤੇ ਘੱਟ-ਗਿਣਤੀਆਂ 'ਤੇ ਹਮਲੇ ਬੰਦ ਕੀਤੇ ਜਾਣ ਸ਼ਾਮਲ ਹਨ।
ਸਾਥੀ ਅਰਸ਼ੀ ਨੇ ਦਸਿਆ ਕਿ ਨਵੰਬਰ 2017 ਨੂੰ ਪਾਰਟੀ ਵਲੋਂ ਲੁਧਿਆਣਾ ਵਿਖੇ ਵੱਡੀ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ, ਜਿਸ ਦੀ ਮਿਤੀ ਜਲਦੀ ਹੀ ਐਲਾਨੀ ਜਾਵੇਗੀ। ਮੀਟਿੰਗ ਵਿਚ ਪਾਰਟੀ ਦੇ ਕੌਮੀ ਕੇਂਦਰ ਵਲੋਂ ਸਕੱਤਰੇਤ ਮੈਂਬਰ ਸਾਥੀ ਸ਼ਮੀਮ ਫੈਜ਼ੀ ਅਤੇ ਪਲਵਸੇਨ ਗੁਪਤਾ ਸ਼ਾਮਲ ਹੋਏ ਸਨ। ਮੀਟਿੰਗ ਦੀ ਪ੍ਰਧਾਨਗੀ ਸਾਥੀ ਕਸ਼ਮੀਰ ਸਿੰਘ ਗਦਾਈਆ, ਸੁਰਜੀਤ ਸੋਹੀ ਅਤੇ ਦਸਵਿੰਦਰ ਕੌਰ 'ਤੇ ਆਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਮੀਟਿੰਗ ਨੇ ਆਰੰਭ ਵਿਚ ਪਿਛਲੇ ਸਮੇਂ ਵਿਚ ਵਿਛੜੇ ਸਾਥੀਆਂ ਨੂੰ ਦੋ-ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਅਰਪਿਤ ਕੀਤੀ।