ਡੋਕਲਾਮ ਮਾਮਲੇ 'ਤੇ ਦੁਨੀਆ ਭਾਰਤ ਦੇ ਨਾਲ : ਸੁਸ਼ਮਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਚੀਨ ਨਾਲ ਵਧਦੇ ਟਕਰਾਅ ਦਰਮਿਆਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ਵਿੱਚ ਬੋਲਦਿਆਂ ਕਿਹਾ ਹੈ ਕਿ ਚੀਨ ਡੋਕਲਾਮ ਦੀ ਮੌਜੂਦਾ ਸਥਿਤੀ ਨੂੰ ਆਪਣੇ ਹਿਸਾਬ ਨਾਲ ਬਦਲਣਾ ਚਾਹੁੰਦਾ ਹੈ। ਹਾਲਾਂਕਿ ਮੌਜੂਦਾ ਤੌਰ 'ਤੇ ਅੜਿੱਕੇ ਤੇ ਕਾਨੂੰਨੀ ਤੌਰ 'ਤੇ ਭਾਰਤ ਦਾ ਪੱਖ ਮਜ਼ਬੂਤ ਹੈ। ਦੁਨੀਆ ਦੇ ਸਾਰੇ ਦੇਸ਼ ਇਸ ਮਸਲੇ 'ਤੇ ਭਾਰਤ ਨਾਲ ਖੜੇ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਕੋਈ ਵੀ ਦੇਸ਼ ਆਪਣੇ ਹਿਸਾਬ ਨਾਲ ਡੋਕਲਾਮ ਟਰਾਈਜ਼ੈਕਸ਼ਨ ਨੂੰ ਨਹੀਂ ਬਦਲ ਸਕਦਾ ਹੈ। ਉਨ੍ਹਾਂ ਕਿਹਾ ਕਿ ਭੂਟਾਨ ਪ੍ਰਤੀ ਚੀਨ ਨੇ ਹਮਲਾਵਰ ਰੁਖ ਅਖਤਿਆਰ ਕੀਤਾ ਹੋਇਆ ਹੈ। ਸਿੱਕਮ ਸਰਹੱਦ 'ਤੇ ਚੀਨ ਨਾਲ ਜਾਰੀ ਟਕਰਾਅ ਨੂੰ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀਰਵਾਰ ਨੂੰ ਸੰਸਦ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਰਾਜ ਸਭਾ ਵਿੱਚ ਦੱਸਿਆ ਕਿ ਆਖਿਰ ਭਾਰਤ ਨੂੰ ਕਿਹੜੀਆਂ ਹਾਲਤਾਂ ਵਿੱਚ ਚੀਨ ਵਿਰੁੱਧ ਸਖ਼ਤ ਸਟੈਂਡ ਲੈਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਮਹੀਨੇ ਭਰ ਤੋਂ ਡੋਕਲਾਮ ਵਿੱਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਆਹਮਣੋ-ਸਾਹਮਣੇ ਹਨ। ਇਸ ਮਸਲੇ ਦਾ ਅਜੇ ਤੱਕ ਕੋਈ ਵੀ ਹੱਲ ਨਜ਼ਰ ਨਹੀਂ ਆ ਰਿਹਾ ਹੈ। ਵਿਦੇਸ਼ ਮੰਤਰੀ ਤੋਂ ਪਹਿਲਾਂ ਸਵਾਲ ਕਾਂਗਰਸ ਦੇ ਸਾਂਸਦ ਛਾਇਆ ਬਰਮਾ ਨੇ ਪੁੱਛਿਆ। ਛਾਇਆ ਨੇ ਪੁੱਛਿਆ ਕਿ ਚੀਨ ਨੇ ਹਿੰਦ ਮਹਾਂਸਾਗਰ ਵਿੱਚ ਆਪਣੀਆਂ ਪਣਡੁੱਬੀਆਂ ਨੂੰ ਤੈਨਾਤ ਕੀਤਾ ਹੈ ਅਤੇ ਪੁੱਛਿਆ ਹੈ ਕਿ ਕੀ ਉਹ ਭਾਰਤ ਦੀ ਘੇਰਾਬੰਦੀ ਕਰ ਰਿਹਾ ਹੈ। ਇਸ ਹਮਲੇ 'ਤੇ ਸਰਕਾਰ ਕੀ ਕਰ ਰਹੀ ਹੈ। ਸੁਸ਼ਮਾ ਨੇ ਦੱਸਿਆ ਕਿ ਹਿੰਦ ਮਹਾਂਸਾਗਰ ਵਿੱਚ ਚੀਨ ਨੇ ਭਾਰਤ ਨੂੰ ਘੇਰਨ ਬਾਰੇ ਖ਼ਬਰਾਂ ਆਈਆਂ ਹਨ ਅਤੇ ਚੀਨ ਸਮੁੰਦਰੀ ਤਾਕਤ ਵਧਾਉਣੀ ਚਾਹੁੰਦਾ ਹੈ। ਇਸ ਲਈ ਉਸ ਨੇ ਸਮੁੰਦਰੀ ਹੱਦਾਂ ਦੇ ਆਸ-ਪਾਸ ਆਪਣੀ ਸਰਗਰਮੀ ਵਧਾਈ ਹੋਈ ਹੈ, ਪਰ ਭਾਰਤ ਆਪਣੀ ਸੁਰੱਖਿਆ ਬਾਰੇ ਬਹੁਤ ਹੀ ਚੌਕੰਨਾ ਹੈ ਅਤੇ ਉਸ ਨੂੰ ਕੋਈ ਵੀ ਘੇਰ ਨਹੀਂ ਸਕਦਾ। ਸੁਸ਼ਮਾ ਨੇ ਦੱਸਿਆ ਕਿ ਭਾਰਤ ਦੀ ਸਥਿਤੀ ਦੱਖਣੀ ਚੀਨ ਸਾਗਰ ਬਾਰੇ ਬਿਲਕੁੱਲ ਸਾਫ਼ ਹੈ। ਉੱਥੇ ਫਰੀਡਮ ਆਫ਼ ਨੈਵੀਜੇਸ਼ਨ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਪਾਰ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪੈਣੀ ਚਾਹੀਦੀ ਹੈ। ਸਮਾਜਵਾਦੀ ਪਾਰਟੀ ਦੇ ਸਾਂਸਦ ਨਰੇਸ਼ ਅੱਗਰਵਾਲ ਨੇ ਵਿਦੇਸ਼ ਮੰਤਰੀ ਨੂੰ ਸਵਾਲ ਕੀਤਾ ਹੈ ਕਿ ਚੀਨ ਅਤੇ ਭਾਰਤ ਵਿਚਾਲੇ ਤਣਾਅ ਦਾ ਕੀ ਕਾਰਨ ਹੈ ਅਤੇ ਚੀਨ ਦੀਆਂ ਕੀ-ਕੀ ਮੰਗਾਂ ਹਨ। ਉਨ੍ਹਾਂ ਇਹ ਪੁੱਛਿਆ ਹੈ ਕਿ ਚੀਨ ਕੀ-ਕੀ ਵਿਰੋਧ ਕਰ ਰਿਹਾ ਹੈ। ਭਾਰਤ ਦਾ ਇਸ ਬਾਰੇ ਕੀ ਜਵਾਬ ਹੈ ਅਤੇ ਦੁਨੀਆ ਦੇ ਕਿਹੜੇ-ਕਿਹੜੇ ਦੇਸ਼ ਇਸ ਮਾਮਲੇ ਬਾਰੇ ਭਾਰਤ ਨਾਲ ਖੜੇ ਹਨ। ਸਿੱਕਮ ਸਰਹੱਦ ਬਾਰੇ ਹੋਏ ਤਾਜ਼ਾ ਵਿਵਾਦ ਬਾਰੇ ਜਾਣਕਾਰੀ ਦਿੰਦਿਆਂ ਸੁਸ਼ਮਾ ਨੇ ਕਿਹਾ ਕਿ ਭਾਰਤ ਅਤੇ ਚੀਨ ਤੋਂ ਇਲਾਵਾ ਚੀਨ ਅਤੇ ਭੂਟਾਨ ਵਿਚਾਲੇ ਵੀ ਸੀਮਾ ਤੈਅ ਹੋਣੀ ਹੈ। ਭਾਰਤ ਨੇ ਇਸ ਮਸਲੇ ਦੇ ਹੱਲ ਲਈ ਪ੍ਰਤੀਨਿਧੀ ਤਹਿ ਕਰ ਦਿੱਤੇ ਹਨ। ਵਿਦੇਸ਼ ਮੰਤਰੀ ਮੁਤਾਬਕ ਸੀਮਾ ਤੈਅ ਕੀਤੇ ਜਾਣ ਦਾ ਮਾਮਲਾ ਤਿੰਨਾਂ ਦੇਸ਼ਾਂ ਨੂੰ ਮਿਲ ਕੇ ਸਮਝਾਉਣਾ ਹੋਵੇਗਾ, ਪਰ ਇਹ ਇੱਕ ਅਜਿਹੀ ਜਗ੍ਹਾ ਸੀ, ਜਿਸ ਨੂੰ ਟਰਾਂਜੈਕਸ਼ਨ ਕਹਿੰਦੇ ਹਨ, ਇਸ ਬਾਰੇ ਸਾਲ 2012 'ਚ ਸਮਝੌਤਾ ਵੀ ਹੋਇਆ ਸੀ। ਭਾਰਤ, ਚੀਨ ਅਤੇ ਭੂਟਾਨ ਇਸ ਮਸਲੇ ਨੂੰ ਮਿਲ ਬੈਠ ਕੇ ਹੱਲ ਕਰਨ ਲਈ ਰਾਜ਼ੀ ਵੀ ਹੋ ਗਏ ਸਨ। ਸੁਸ਼ਮਾ ਸਵਰਾਜ ਮੁਤਾਬਕ ਇਸ ਤੋਂ ਬਾਅਦ ਵਿੱਚ ਵਿਚਾਲੇ ਚੀਨ ਇਸ ਖੇਤਰ ਵਿੱਚ ਆਉਂਦਾ-ਜਾਂਦਾ ਰਿਹਾ ਅਤੇ ਉਸ ਦੀਆਂ ਹਲਕੀਆਂ-ਫੁਲਕੀਆਂ ਸਰਗਰਮੀਆਂ ਚਲਦੀਆਂ ਰਹੀਆਂ ਹਨ। ਹਾਲਾਂਕਿ ਇਸ ਵਾਰੀ ਚੀਨੀ ਫ਼ੌਜ ਵੁਲਡੋਜ਼ਰ ਅਤੇ ਭਾਰੀ ਸਾਜ਼ੋ-ਸਾਮਾਨ ਲੈ ਕੇ ਪਹੁੰਚੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਬਾਰੇ ਚੀਨ ਚਾਹੁੰਦਾ ਸੀ ਕਿ ਟਰਾਂਜੈਕਸ਼ਨ ਨੂੰ ਲੈ ਕੇ ਸਟੇਟਸ ਕੋਅ, ਸੁਸ਼ਮਾ ਨੇ ਕਿਹਾ ਕਿ ਟਰਾਂਜੈਕਸ਼ਨ ਚੀਨ ਦੇ ਦਖ਼ਲ ਦਿੰਦਿਆਂ ਹੀ ਭਾਰਤ ਦੇ ਹਿੱਤ ਇਸ ਮਾਮਲੇ ਵਿੱਚ ਸਿੱਧੇ ਤੌਰ 'ਤੇ ਜੁੜ ਗਏ ਸਨ। ਉਨ੍ਹਾਂ ਕਿਹਾ ਕਿ ਜੇ ਚੀਨ ਸਟੇਟਸ ਕੋਅ ਨੂੰ ਬਦਲ ਦਿੰਦਾ ਹੈ, ਭਾਰਤ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਕਰਨ ਲਈ ਦੋਹਾਂ ਮੁਲਕਾਂ ਨੂੰ ਆਪਣੀਆਂ ਫ਼ੌਜਾਂ ਨੂੰ ਪਿੱਛੇ ਹਟਾਉਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਮੁਤਾਬਕ ਭਾਰਤ ਵੱਲੋਂ ਇਸ ਮਾਮਲੇ ਵਿੱਚ ਕੋਈ ਗ਼ੈਰ ਵਾਜਿਬ ਕਦਮ ਨਹੀਂ ਉਠਾਇਆ ਗਿਆ ਹੈ ਅਤੇ ਭੂਟਾਨ ਸਮੇਤ ਸਾਰੇ ਦੇਸ਼ ਭਾਰਤ ਦੇ ਨਾਲ ਖੜੇ ਹਨ।