ਮਹਿਲਾ ਵਿਸ਼ਵ ਕੱਪ ਹਰਮਨ ਦੀ ਮਾਂ ਨੇ ਕਿਹਾ; ਲੜਕੀਆਂ ਦਾ ਸ਼ਕਤੀਕਰਨ ਹੋਵੇ ਨਾ ਕਿ ਭਰੂਣ ਹੱਤਿਆ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਮਹਿਲਾ ਟੀਮ ਦੀ ਧਮਾਕੇਦਾਰ ਬੱਲੇਬਾਜ਼ ਹਰਮਨਪ੍ਰੀਤ ਨੇ ਵੀਰਵਾਰ ਨੂੰ ਧਮਾਕੇਦਾਰ ਪਾਰੀ ਖੇਡ ਕੇ ਹਰ ਕਿਸੇ ਦਾ ਦਿਲ ਜਿੱਤ ਲਿਆ। ਉਸ ਦੇ ਬਿਨਾਂ ਆਊਟ ਹੋਏ 171 ਰਨ ਪਾਰੀ ਦੀ ਬਦੌਲਤ ਭਾਰਤੀ ਟੀਮ ਨੇ ਛੇ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੂੰ ਸੈਮੀਫਾਈਨਲ ਮੁਕਾਬਲੇ 'ਚ 36 ਰਨਾਂ ਨਾਲ ਹਰਾ ਕੇ ਸ਼ਾਨ ਨਾਲ ਮਹਿਲਾ ਕ੍ਰਿਕਟ ਵਲਰਡ ਕੱਪ 2017 ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਜਿੱਥੇ ਟੀਮ ਦਾ ਮੁਕਾਬਲਾ ਮੇਜ਼ਬਾਨ ਇੰਗਲੈਂਡ ਨਾਲ ਹੋਵੇਗਾ। ਹਰਮਨਪ੍ਰੀਤ ਦੀ ਮਾਂ ਨੂੰ ਆਪਣੀ ਬੇਟੀ ਦੀ ਇਸ ਪਾਰੀ 'ਤੇ ਨਾਜ਼ ਹੈ। ਉਨ੍ਹਾ ਬੇਟੀ ਦੀ ਇਸ ਪਾਰੀ ਬਾਅਦ ਦੁਨੀਆ ਖਾਸ ਕਰਕੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਦੇ ਲੋਕਾਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾ ਕਿਹਾ, ''ਲੜਕੀਆਂ ਦਾ ਸ਼ਕਤੀਕਰਨ ਕੀਤਾ ਜਾਣਾ ਚਾਹੀਦਾ। ਉਨ੍ਹਾ ਦੀ ਭਰੂਣ ਹੱਤਿਆ ਨਹੀਂ ਕੀਤੀ ਜਾਣੀ ਚਾਹੀਦੀ। ਜਿਸ ਤਰ੍ਹਾਂ ਮੇਰੀ ਬੇਟੀ ਨੇ ਆਪਣੇ ਪ੍ਰਦਰਸ਼ਨ ਨਾਲ ਦੇਸ਼ ਨੂੰ ਮਾਣ ਦਿੱਤਾ ਹੈ, ਉਸ ਦੇ ਬਾਅਦ ਦੂਸਰੀ ਲੜਕੀਆਂ ਨੂੰ ਵੀ ਉਤਸ਼ਾਹਤ ਕੀਤਾ ਜਾਣਾ ਚਾਹੀਦਾ।'' ਪੰਜਾਬ ਦੀ ਇਸ ਬੱਲੇਬਾਜ਼ ਦੇ ਪਿਤਾ ਹਰਮਿੰਦਰ ਸਿੰਘ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਅੱਗੇ ਵੀ ਇਸ ਤਰ੍ਹਾਂ ਦਾ ਪਰਦਰਸ਼ਨ ਜਾਰੀ ਰੱਖੇ ਅਤੇ ਵਲਰਡ ਕੱਪ ਜਿੱਤ ਕੇ ਪੂਰੇ ਦੇਸ਼ ਨੂੰ ਤੋਹਫ਼ਾ ਦੇਵੇ। ਹਰਮਨਪ੍ਰੀਤ ਦੀ ਰਿਕਾਰਡ ਨਾਲ ਭਰੀ ਪਾਰੀ ਬਾਅਦ ਉਸ ਦੇ ਪਿੰਡ ਜ਼ਿਲ੍ਹਾ ਮੋਗਾ 'ਚ ਜਸ਼ਨ ਦਾ ਮਾਹੌਲ ਹੈ। ਹਰ ਕੋਈ ਇਸ ਪ੍ਰਦਰਸ਼ਨ ਲਈ ਉਸ ਦੇ ਪਰਵਾਰ ਨੂੰ ਵਧਾਈ ਦੇ ਰਿਹਾ ਹੈ। ਗੁਆਂਢ ਦੇ ਨੌਜਵਾਨ ਪੰਜਾਬੀ ਢੋਲ ਦੀ ਥਾਪ 'ਤੇ ਭੰਗੜਾ ਪਾਉਂਦੇ ਨਜ਼ਰ ਆਏ, ਜਦਕਿ ਪਰਵਾਰ ਨੇ ਇਸ ਮੌਕੇ 'ਤੇ ਮਠਿਆਈ ਵੰਡੀ। ਉਸ ਦੀ ਭੈਣ ਅਨੁਸਾਰ ਹਰਮਨਪ੍ਰੀਤ ਬਚਪਨ ਤੋਂ ਹੀ ਲੜਕਿਆਂ ਨਾਲ ਕ੍ਰਿਕਟ ਖੇਡਦੀ ਸੀ।
ਰਨਾਂ ਲਈ ਉਸ ਦੀ ਭੁੱਖ ਕਦੇ ਖ਼ਤਮ ਨਹੀਂ ਹੁੰਦੀ ਅਤੇ ਇਹ ਗੱਲ ਉਸ ਦੇ ਜ਼ਬਰਦਸਤ ਸਟਰਾਈਕ ਰੇਟ ਤੋਂ ਸਮਝੀ ਜਾ ਸਕਦੀ ਹੈ। ਉਨ੍ਹਾ ਕਿਹਾ ਹਮੇਸ਼ਾ ਹਾਂ ਪੱਖੀ ਰੁਖ ਅਪਣਾਉਣਾ ਹਰਮਨ ਦੀ ਖਾਸੀਅਤ ਹੈ। ਮੈਦਾਨ 'ਚ ਉਸ ਦਾ ਵਿਹਾਰ ਵਿਰਾਟ ਕੋਹਲੀ ਵਾਂਗ ਹਮਲਾਵਰ ਹੁੰਦਾ ਹੈ। ਇਸ ਦੇ ਉਲਟ ਮੈਦਾਨ ਦੇ ਬਾਹਰ ਬੇਹੱਦ ਸ਼ਾਂਤ ਰਹਿੰਦੀ ਹੈ। ਆਪਣੇ ਸ਼ਰੂਆਤੀ ਦਿਨਾਂ ਤੋਂ ਹੀ ਹਰਮਨ ਟੀਮ ਇੰਡੀਆ ਦੇ ਧਮਾਕੇਦਾਰ ਬੱਲੇਬਾਜ਼ ਵੀਰੇਂਦਰ ਸਹਿਵਾਗ ਨੂੰ ਆਦਰਸ਼ ਮੰਨਦੀ ਸੀ ਅਤੇ ਉਸੇ ਦੇ ਅੰਦਾਜ਼ 'ਚ ਬੈਟਿੰਗ ਕਰਨਾ ਚਾਹੁੰਦੀ ਸੀ। ਗੌਰਤਲਬ ਹੈ ਕਿ ਟੀਮ ਇੰਡੀਆ ਦੀ ਉਪ-ਕਪਤਾਨ ਹਰਮਨਪ੍ਰੀਤ ਨੇ ਵੀਰਵਾਰ ਨੂੰ 115 ਗੇਂਦਾਂ 'ਤੇ ਤਾਬੜਤੋੜ 171 ਰਨ ਦੀ ਪਾਰੀ ਖੇਡੀ। ਉਸ ਦੀ ਜ਼ੋਰਦਾਰ ਬੱਲੇਬਾਜ਼ੀ ਅੱਗੇ ਆਸਟ੍ਰੇਲੀਆ ਟੀਮ ਦੀ ਗੇਂਦਬਾਜ਼ੀ ਲਾਚਾਰ ਨਜ਼ਰ ਆਈ।