ਠਾਕਰੇ ਨੇ ਮੋਦੀ ਨੂੰ ਘੇਰਿਆ


ਮੁੰਬਈ, (ਨਵਾਂ ਜ਼ਮਾਨਾ ਸਰਵਿਸ)-ਸਿਵ ਸੈਨਾ ਮੁਖੀ ਉਧਵ ਠਾਕਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੁਨੀਆ ਦੇ ਨੇਤਾਵਾਂ ਨਾਲ ਮਿੱਤਰਤਾ ਬਣਾਉਣ ਦੇ ਬਾਵਜੂਦ ਪਾਕਿਸਤਾਨ ਅਤੇ ਚੀਨ ਦੇ ਮਾਮਲੇ ਵਿੱਚ ਭਾਰਤ ਵਿੱਚ ਕੌਮਾਂਤਰੀ ਹਮਾਇਤ ਜੁਟਾਉਣ ਵਿੱਚ ਨਕਾਮ ਰਿਹਾ ਹੈ। ਠਾਕਰੇ ਦੀ ਪਾਰਟੀ ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ਵਿੱਚ ਭਾਜਪਾ ਦੀ ਭਾਈਵਾਲ ਪਾਰਟੀ ਹੈ। ਠਾਕਰੇ ਨੇ ਇਹ ਵੀ ਕਿਹਾ ਹੈ ਕਿ ਜੇ ਭਾਜਪਾ ਚੋਣਾਂ ਅਤੇ ਅੰਦਰੂਨੀ ਰਾਜਨੀਤੀ ਵਿੱਚ ਹੀ ਉਲਝੀ ਰਹੀ ਤਾਂ ਇਹ ਦੇਸ਼ ਨਾਲ ਬਹੁਤ ਵੱਡੀ ਬੇਇਨਸਾਫੀ ਹੋਵੇਗੀ। ਉਨ੍ਹਾ ਨੂੰ ਪੁੱਛਿਆ ਗਿਆ ਕਿ ਅਜਿਹਾ ਕੀ ਹੋ ਗਿਆ ਹੈ ਕਿ ਕਸ਼ਮੀਰ ਵਿੱਚ ਗੜਬੜ ਹੋ ਰਹੀ ਹੈ ਅਤੇ ਚੀਨ ਸਾਡਾ ਦੁਸ਼ਮਣ ਬਣਿਆ ਪਿਆ ਹੈ। ਇਸ ਦੇ ਜਵਾਬ ਵਿੱਚ ਠਾਕਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੁਨੀਆ ਭਰ ਦਾ ਦੌਰਾ ਕੀਤਾ ਹੈ ਅਤੇ ਉਨ੍ਹਾਂ ਕਈ ਮਿੱਤਰ ਬਣਾਏ ਹਨ। ਫਿਰ ਵੀ ਦੁਸ਼ਮਣਾਂ ਵਿਰੁੱਧ ਕੋਈ ਵੀ ਦੇਸ਼ ਭਾਰਤ ਦੀ ਖੁੱਲ੍ਹ ਕੇ ਹਮਾਇਤ ਨਹੀਂ ਕਰ ਰਿਹਾ। ਉਨ੍ਹਾ ਕਿਹਾ ਕਿ ਭਾਜਪਾ ਸ਼ਿਵ ਸੈਨਾ ਨੂੰ ਆਪਣਾ ਨੰਬਰ ਇੱਕ ਦੁਸ਼ਮਣ ਮੰਨ ਸਕਦੀ ਹੈ। ਸ਼ਾਇਦ ਇਸੇ ਕਾਰਨ ਪਾਕਿਸਤਾਨ ਅਤੇ ਚੀਨ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਹੈ। ਠਾਕਰੇ ਨੇ ਕਿਹਾ ਕਿ ਚੀਨ ਦੀ ਤਾਕਤ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਭਾਰਤ ਨੂੰ ਉਸ ਦੀ ਬਰਾਬਰੀ ਲਈ ਕੋਸ਼ਿਸ਼ਾਂ ਕਰਨ ਦੀ ਲੋੜ ਹੈ।