ਚੀਨ-ਪਾਕਿ ਮਿਲਵਰਤਣ ਤੋਂ ਖ਼ਤਰਾ, ਫੌਜ ਕਰ ਰਹੀ ਹੈ ਤਿਆਰੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)- ਸਿੱਕਮ ਸਰਹੱਦ 'ਤੇ ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਤਣਾਅ ਦਰਮਿਆਨ ਭਾਰਤੀ ਫੌਜ ਨੇ ਵੱਡਾ ਬਿਆਨ ਦਿੱਤਾ ਹੈ। ਭਾਰਤੀ ਫੌਜ ਨੇ ਚੀਨ ਨੂੰ ਭਵਿੱਖ ਲਈ ਵੱਡਾ ਖਤਰਾ ਦੱਸਿਆ ਹੈ। ਨਾਲ ਹੀ ਚੀਨ ਅਤੇ ਪਾਕਿਸਤਾਨ ਦੀ ਗੰਢ ਸੰਢ ਨੂੰ ਲੈ ਕੇ ਵੀ ਸਾਵਧਾਨ ਰਹਿਣ ਦੀ ਗੱਲ ਕਹੀ ਹੈ। ਭਾਰਤੀ ਫੌਜ ਦੇ ਵਾਈਸ ਚੀਫ਼ ਲੈਫਟੀਨੈਂਟ ਸ਼ਰਤ ਚੰਦ ਨੇ ਦਿੱਲੀ ਵਿੱਚ ਸੀ.ਆਈ.ਆਈ ਸੈਮੀਨਾਰ ਵਿੱਚ ਕਿਹਾ ਕਿ ਦੋ ਮੋਰਚਿਆਂ 'ਤੇ ਯੁੱਧ ਦੀ ਜਿਹੜੀ ਗੱਲ ਕਹੀ ਜਾ ਰਹੀ ਸੀ, ਉਸ ਵਿੱਚ ਹਊਆ ਖੜਾ ਕਰਨ ਵਾਲੀ ਗੱਲ ਨਹੀਂ, ਸਗੋਂ ਸੱਚਾਈ ਸੀ। ਸੈਨਾ ਇਸ ਦਾ ਸਾਹਮਣਾ ਕਰਨ ਲਈ ਧਿਆਨ ਦੇ ਰਹੀ ਹੈ।
ਵਾਈਸ ਚੀਫ਼ ਨੇ ਚੀਨ ਅਤੇ ਪਾਕਿਸਤਾਨ ਦੀ ਨੇੜਤਾ ਦਾ ਮਾਮਲਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਭਾਰਤ ਦੇ ਦੋ ਗੁਆਂਢੀ ਮੁਲਕ ਚੀਨ ਅਤੇ ਪਾਕਿਸਤਾਨ ਕਾਫੀ ਸੁਰ ਮਿਲਾ ਰਹੇ ਹਨ। ਚੀਨ ਸਾਡੇ ਭਵਿੱਖ ਲਈ ਖਤਰਾ ਬਣ ਸਕਦਾ ਹੈ। ਇਸ ਲਈ ਸਾਨੂੰ ਆਪਣੀ ਸੁਰੱਖਿਆ ਵੱਲ ਖਾਸ ਖਿਆਲ ਦੇਣਾ ਚਾਹੀਦਾ ਹੈ। ਇਸ ਵੇਲ਼ੇ ਭਾਰਤ ਤੇ ਚੀਨ ਦਰਮਿਆਨ ਡੋਕਲਾਮ ਵਿੱਚ ਤਣਾਅ ਬਣਿਆ ਹੋਇਆ ਹੈ। ਇਥੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਆਹਮੋ ਸਾਹਮਣੇ ਖੜੀਆਂ ਹਨ। ਚੀਨੀ ਮੀਡੀਆ ਵਿੱਚ ਜੰਗ ਦੀ ਧਮਕੀ ਵਾਲੇ ਲੇਖ ਛਪ ਰਹੇ ਹਨ।