3 ਦਰਜਨ ਏ ਟੀ ਐੱਮ ਤੋੜਣ ਵਾਲੇ ਤਿੰਨ ਲੁਟੇਰੇ ਗ੍ਰਿਫ਼ਤਾਰ


ਸੁਲਤਾਨਪੁਰ ਲੋਧੀ/ਜਲੰਧਰ
(ਹਨੀ, ਸ਼ੈਲੀ ਐਲਬਰਟ)
ਬੀਤੀ 20 ਜੁਲਾਈ ਨੂੰ ਚਿੱਟੇ ਦਿਨ ਸਵੇਰੇ ਪੌਣੇ ਛੇ ਵਜੇ ਦੇ ਕਰੀਬ ਸੁਲਤਾਨਪੁਰ ਲੋਧੀ ਦੇ ਓਰੀਐਂਟਲ ਬੈਂਕ ਆਫ਼ ਕਾਮਰਸ ਦਾ ਏ ਟੀ ਐਮ ਲੁੱਟਣ ਵਾਲੇ ਚੋਰ ਗਰੋਹ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਆਈ ਜੀ ਜਲੰਧਰ ਜ਼ੋਨ ਸ੍ਰੀ ਅਰਪਿਤ ਸ਼ੁਕਲਾ, ਡੀ ਆਈ ਜੀ ਜਲੰਧਰ ਜਸਕਰਨ ਸਿੰਘ ਨੇ ਇੱਕ ਪ੍ਰੈਸ ਕਾਨਫ਼ਰੰਸ ਰਾਹੀਂ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਵਿਰੁੱਧ ਧਾਰਾ 457/380 ਆਈ ਪੀ ਸੀ ਤਹਿਤ ਇੱਥੇ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਕਪੂਰਥਲਾ ਸ੍ਰੀ ਸੰਦੀਪ ਸ਼ਰਮਾ ਨੇ ਆਪਣੀ ਨਿਗਰਾਨੀ ਹੇਠ ਵੱਖ-ਵੱਖ ਪੁਲਸ ਟੀਮਾਂ ਬਣਾ ਕੇ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕਰਵਾਈ ਅਤੇ ਸੀ ਸੀ ਟੀ ਵੀ ਕੈਮਰੇ ਤੋਂ ਦੋਸ਼ੀਆਂ ਦੇ ਸਕੈਚ ਤਿਆਰ ਕਰਵਾਏ। ਉਨ੍ਹਾਂ ਦੱਸਿਆ ਕਿ ਕਪੂਰਥਲਾ ਪੁਲਸ ਨੇ ਮੁਖਬਰੀ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਫ਼ੌਜੀ ਕਾਲੋਨੀ ਸੁਲਤਾਨਪੁਰ ਲੋਧੀ ਨੇੜੇ ਕਪੂਰਥਲਾ ਤੋਂ ਆ ਰਹੀ ਇੱਕ ਵਰਨਾ ਕਾਰ ਪੀ ਬੀ 07 ਏ ਐਮ 8224 ਨੂੰ ਰੋਕਿਆ ਤਾਂ ਉਸ ਵਿੱਚੋਂ 3 ਮੋਨੇ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਨੇ ਆਪਣਾ ਨਾਂਅ ਇੰਦਰਜੀਤ ਸਿੰਘ ਪੁੱਤਰ ਹਰਭਜਨ ਵਾਸੀ ਈ/5 ਨਿਊ ਗਣੇਸ਼ ਨਗਰ ਰਾਮਾ ਮੰਡੀ ਜਲੰਧਰ, ਅਮਰੀਕ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸਿਮਰੀ ਜ਼ਿਲ੍ਹਾ ਲਖੀਮਪੁਰ ਯੂ ਪੀ ਹਾਲ ਵਾਸੀ ਤਰਨ ਤਾਰਨ ਅਤੇ ਪ੍ਰਿੰਸ ਪੁੱਤਰ ਸਤਪਤੀ ਵਾਸੀ ਮਕਾਨ ਨੰਬਰ 29/1 ਗਲੀ ਨੰ: 30 ਜੋਗਿੰਦਰ ਨਗਰ ਜਲੰਧਰ ਕੈਂਟ ਦੱਸਿਆ। ਉਨ੍ਹਾਂ ਦੱਸਿਆ ਕਿ ਗੱਡੀ ਦੀ ਤਲਾਸ਼ੀ ਕਰਨ 'ਤੇ ਗੱਡੀ ਦੀ ਡਿੱਗੀ ਵਿੱਚੋਂ ਪਿਛਲੀ ਸੀਟ ਫਾੜ ਕੇ ਇੱਕ ਗੈਸ ਸਿਲੰਡਰ, ਤਾਰ ਅਤੇ ਗੈਸ ਕਟਰ ਮਿਲਿਆ। ਉਨ੍ਹਾਂ ਦੱਸਿਆ ਕਿ ਗੱਡੀ ਦੀ ਡਿੱਗੀ 'ਚੋਂ ਜਾਲ੍ਹੀ ਨੰਬਰ ਪਲੇਟਾਂ ਵੀ ਮਿਲੀਆਂ ਅਤੇ ਗੱਡੀ 'ਤੇ ਵੀ ਜਾਲ੍ਹੀ ਨੰਬਰ ਪਲੇਟ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਇੰਦਰਜੀਤ ਸਿੰਘ ਪਾਸੋਂ ਇੱਕ ਦੇਸੀ 32 ਬੋਰ ਪਿਸਤੌਲ ਸਮੇਤ 6 ਜ਼ਿੰਦਾ ਕਾਰਤੂਸ ਅਤੇ 280 ਨਸ਼ੀਲੇ ਕੈਪਸੂਲ ਤੇ 220 ਨਸ਼ੀਲੀਆਂ ਗੋਲੀਆਂ। ਪ੍ਰਿੰਸ ਪਾਸੋਂ 100 ਕੈਪਸੂਲ ਅਤੇ 100 ਨਸ਼ੀਲੀਆਂ ਗੋਲੀਆਂ ਅਤੇ ਅਮਰੀਕ ਸਿੰਘ ਪਾਸੋਂ ਇੱਕ ਪਿਸਟਲ 32 ਬੋਰ ਸਮੇਤ 6 ਜ਼ਿੰਦਾ ਕਾਰਤੂਸ ਅਤੇ 320 ਨਸ਼ੀਲੇ ਕੈਪਸੂਲ ਅਤੇ 180 ਨਸ਼ੀਲੀਆ ਗੋਲੀਆਂ ਬਰਾਮਦ ਕੀਤੀਆਂ, ਗੱਡੀ ਵਿੱਚੋਂ ਆਕਸੀਜਨ ਵਾਲਾ ਗੈਸ ਕਟਰ, ਗੈਸ ਸਲੰਡਰ, ਦਸਤਾਨੇ ਤੇ ਵਾਰਦਾਤ ਕਰਨ ਸਮੇਂ ਪਾਏ ਕੱਪੜੇ ਵੀ ਮਿਲੇ, ਜਿਸ 'ਤੇ ਸੁਲਤਾਨਪੁਰ ਲੋਧੀ ਥਾਣਾ ਵਿਖੇ ਮੁਕੱਦਮਾ ਨੰਬਰ 211 ਧਾਰਾ 392/ 482/ 457/ 380/ 411 ਆਈ ਪੀ ਸੀ 22/61/85 ਐਨ ਡੀ ਪੀ ਐਸ ਐਕਟ ਅਤੇ 25/54/59 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਤਫ਼ਤੀਸ਼ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਸਾਲ 2013 ਵਿੱਚ ਜ਼ਿਲ੍ਹਾ ਜਲੰਧਰ ਵਿਖੇ ਪੀ ਐਨ ਬੀ ਦੇ ਏ ਟੀ ਐਮ ਵਿੱਚ ਪੈਸੇ ਪਾਉਣ ਸਮੇਂ ਵੇਖਿਆ ਸੀ ਕਿ ਕਿਸ ਤਰ੍ਹਾਂ ਖੋਲ੍ਹ ਕੇ ਏ ਟੀ ਐਮ ਵਿੱਚ ਪੈਸੇ ਪਾਉਂਦੇ ਹਨ ਅਤੇ ਬਾਅਦ ਵਿੱਚ ਕਬਾੜੀਆਂ ਨੂੰ ਗੈਸ ਨਾਲ ਲੋਹਾ ਕੱਟਦੇ ਹੋਏ ਵੇਖਿਆ, ਜਿਸ 'ਤੇ ਦੋਸ਼ੀ ਇੰਦਰਜੀਤ ਸਿੰਘ ਨੇ ਇਹ ਠਾਣ ਲਿਆ ਕਿ ਏ ਟੀ ਐਮ ਕੱਟ ਕੇ ਉਸ ਵਿੱਚੋਂ ਪੈਸੇ ਚੋਰੀ ਕੀਤੇ ਜਾਣ, ਜਿਸ ਕਰਕੇ ਉਸ ਨੇ ਜਲੰਧਰ ਤੋਂ ਗੈਸ ਕਟਰ ਅਤੇ ਹੁਸ਼ਿਆਰਪੁਰ ਤੋਂ ਗੈਸ ਸਲੰਡਰ ਖ਼ਰੀਦ ਕੀਤਾ ਅਤੇ ਆਪਣੇ ਸਹੁਰਾ ਪਿੰਡ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਲੋਹਾ ਕੱਟਣ ਦੀ ਟ੍ਰੇਨਿੰਗ ਲਈ, ਜਿਸ ਤਹਿਤ ਇੰਦਰਜੀਤ ਸਿੰਘ ਨੇ ਪਹਿਲਾਂ ਪ੍ਰਿੰਸ ਨੂੰ ਆਪਣੇ ਨਾਲ ਮਿਲਾਇਆ ਅਤੇ ਹੁਸ਼ਿਆਰਪੁਰ ਤੇ ਕਪੂਰਥਲਾ ਵਿੱਚ ਏ ਟੀ ਐਮ ਤੋੜ ਕੇ ਨਕਦੀ ਚੋਰੀ ਕੀਤੀ। ਉਸ ਤੋਂ ਬਾਅਦ ਇੰਦਰਜੀਤ ਸਿੰਘ ਨੇ ਆਪਣੇ ਨਾਲ ਅਮਰੀਕ ਨੂੰ ਮਿਲਾ ਕੇ ਵਰਨਾ ਗੱਡੀ ਚੋਰੀ ਕਰਕੇ ਗੁੜਗਾਉਂ ਤੋਂ 32 ਬੋਰ ਦੇ 2 ਪਿਸਟਲ ਖ਼ਰੀਦ ਕੇ ਪੰਜਾਬ, ਹਿਮਾਚਲ, ਉਤਰਾਖੰਡ ਅਤੇ ਯੂ ਪੀ ਵਿੱਚੋਂ ਏ ਟੀ ਐਮ ਤੋੜ ਕੇ ਕਰੋੜਾਂ ਰੁਪਏ ਦੀ ਨਗਦੀ ਚੋਰੀ ਕੀਤੀ। ਦੋਸ਼ੀ ਇੰਦਰਜੀਤ ਸਿੰਘ ਪਾਸੋਂ 550000 ਰੁਪਏ ਕਰੰਸੀ ਅਤੇ ਦੋਸ਼ੀ ਅਮਰੀਕ ਸਿੰਘ ਪਾਸੋਂ ਸਾਢੇ 4 ਲੱਖ ਰੁਪਏ ਦੀ ਕਰੰਸੀ, ਜੋ ਉਨ੍ਹਾਂ ਨੇ ਓ ਬੀ ਸੀ ਸੁਲਤਾਨਪੁਰ ਲੋਧੀ ਦੇ ਏ ਟੀ ਐਮ 'ਚੋਂ ਚੋਰੀ ਕੀਤੀ ਸੀ, ਬਰਾਮਦ ਕੀਤੀ।
ਉਨ੍ਹਾਂ ਦਸਿਆ ਕਿ ਦੋਸ਼ੀਆਂ ਨੇ ਕਰੀਬ 3 ਦਰਜਨ ਏ ਟੀ ਐਮਾਂ 'ਚੋਂ ਚੋਰੀਆਂ ਕੀਤੀਆਂ ਤੇ ਵੱਖ-ਵੱਖ ਥਾਵਾਂ ਤੋਂ 4 ਵਰਨਾ ਕਾਰਾਂ ਵੀ ਚੋਰੀ ਕੀਤੀਆਂ, ਜਿਨ੍ਹਾਂ 'ਚੋਂ 3 ਇਹਨਾਂ ਵੱਖ-ਵੱਖ ਥਾਵਾਂ 'ਤੇ ਛੱਡ ਦਿੱਤੀਆਂ ਅਤੇ ਇੱਕ ਕੋਲ ਰੱਖ ਲਈ। ਇਸ ਤੋਂ ਇਲਾਵਾ ਜੰਡਿਆਲਾ ਤੋਂ ਗੰਨ ਪੁਆਇੰਟ 'ਤੇ ਇੱਕ ਆਈ ਟਵੰਟੀ ਖੋਹੀ। ਉਨ੍ਹਾਂ ਦੱਸਿਆ ਕਿ ਏ ਟੀ ਐਮ ਚੋਰੀਆਂ ਤੋਂ ਪਹਿਲਾਂ ਇੰਦਰਜੀਤ ਸਿੰਘ ਕਾਰਾਂ ਚੋਰੀ ਕਰਕੇ ਵਚੇਦਾ ਸੀ, ਪ੍ਰੰਤੂ ਘੱਟ ਪੈਸੇ ਬਚਣ ਕਰਕੇ ਉਸ ਨੇ ਏ ਟੀ ਐਮ ਚੋਰੀ ਕਰਨ ਦਾ ਫ਼ੈਸਲਾ ਲਿਆ।