ਬਦਲਾ ਲੈਣ ਲਈ ਪੰਚਾਇਤ ਨੇ ਦਿੱਤਾ ਬਲਾਤਕਾਰ ਦਾ ਹੁਕਮ


ਲਾਹੌਰ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਦੇ ਮੁਲਤਾਨ ਵਿੱਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਬਦਲਾ ਲੈਣ ਲਈ ਇੱਕ ਲੜਕੀ ਨਾਲ ਬਲਾਤਕਾਰ ਕਰਨ ਦਾ ਹੁਕਮ ਦੇ ਦਿੱਤਾ। ਪੁਲਸ ਨੇ ਇਸ ਮਾਮਲੇ ਵਿੱਚ ਤਕਰੀਬਨ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਹ ਹੁਕਮ ਪੀੜਤ ਲੜਕੀ ਦੇ ਭਰਾ ਵੱਲੋਂ ਇੱਕ ਲੜਕੀ ਨਾਲ ਕਥਿਤ ਤੌਰ 'ਤੇ ਕੀਤੇ ਬਲਾਤਕਾਰ ਦਾ ਬਦਲਾ ਲੈਣ ਲਈ ਦਿੱਤੇ ਗਏ ਸਨ। ਦੋਵੇਂ ਪੀੜਤ ਨਾਬਾਲਗ ਲੜਕੀਆਂ ਦੇ ਪਰਵਾਰ ਆਪਸ ਵਿੱਚ ਰਿਸ਼ਤੇਦਾਰ ਹਨ। ਇਹ ਹੁਕਮ ਦੋਵਾਂ ਪਰਵਾਰਕ ਮੈਂਬਰਾਂ ਨੇ ਮਿਲ ਕੇ ਦਿੱਤੇ ਸਨ।
ਖ਼ਬਰ ਏਜੰਸੀ ਏ ਐਫ ਪੀ ਤੇ ਸਥਾਨਕ ਪੁਲਸ ਮੁਤਾਬਕ ਜਿਰਗਾ (ਪਿੰਡ ਦੀ ਪੰਚਾਇਤ) ਨੇ ਇਹ ਆਦੇਸ਼ ਦਿੱਤੇ ਸਨ। ਪਾਕਿਸਤਾਨੀ ਅਖ਼ਬਾਰ ਡਾਨ ਦਾ ਕਹਿਣਾ ਹੈ ਕਿ ਲੜਕੀ ਨੂੰ ਲੋਕਾਂ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ। ਇੱਥੇ ਮਾਤਾ-ਪਿਤਾ ਤੇ ਹੋਰਨਾਂ ਦੀ ਮੌਜੂਦਗੀ ਵਿੱਚ ਉਸ ਨਾਲ ਬਲਾਤਕਾਰ ਕੀਤਾ ਗਿਆ।
ਪਾਕਿਸਤਾਨ ਵਿੱਚ ਝਗੜੇ ਨਿਬੇੜਨ ਲਈ ਪਿੰਡ ਦੇ ਵੱਡੇ ਬਜ਼ੁਰਗ ਪੰਚਾਇਤ ਬਣਾਉਂਦੇ ਹਨ। ਹਾਲਾਂਕਿ ਇਹ ਪੰਚਾਇਤਾਂ ਗ਼ੈਰ-ਕਾਨੂੰਨੀ ਹਨ। ਇਨ੍ਹਾਂ ਵੱਲੋਂ ਆਨਰ ਕਿਲਿੰਗ ਤੇ ਬਦਲੇ ਵਿੱਚ ਬਲਾਤਕਾਰ ਦੀ ਸਜ਼ਾ ਸੁਣਾਉਣ ਜਿਹੇ ਫਰਮਾਨਾਂ ਲਈ ਇਨ੍ਹਾਂ ਦੀ ਕਾਫੀ ਆਲੋਚਨਾ ਵੀ ਕੀਤੀ ਜਾਂਦੀ ਹੈ।
ਸਾਲ 2002 ਵਿੱਚ ਜਿਰਗਾ ਨੇ 28 ਸਾਲਾ ਮੁਖ਼ਤਾਰ ਮਾਈ ਨਾਲ ਸਮੂਹਿਕ ਬਲਾਤਕਾਰ ਦੀ ਸਜ਼ਾ ਸੁਣਾਈ ਸੀ। ਮਾਈ ਦੇ ਭਰਾ 'ਤੇ ਆਪਣੇ ਤੋਂ ਵੱਡੀ ਉਮਰ ਦੀ ਔਰਤ ਨਾਲ ਸੰਬੰਧ ਬਣਾਉਣ ਦੇ ਦੋਸ਼ ਸਨ। ਮੁਖ਼ਤਾਰ ਨੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਸੀ, ਪਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ। ਹੁਣ ਮੁਖ਼ਤਾਰ ਆਪਣੇ ਪਿੰਡ ਵਿੱਚ ਰਹਿ ਕੇ ਕੁੜੀਆਂ ਲਈ ਸਕੂਲ ਤੇ ਔਰਤਾਂ ਲਈ ਸ਼ਰਨਗਾਹ ਚਲਾਉਂਦੀ ਹੈ। ਉਹ ਪਾਕਿਸਤਾਨ ਦੇ ਪ੍ਰਮੁੱਖ ਮਹਿਲਾ ਅਧਿਕਾਰ ਕਾਰਕੁਨ ਵੀ ਹਨ।