ਮਾਣਹਾਨੀ ਮਾਮਲਾ: ਜੇਠਮਲਾਨੀ ਨੇ ਅਰੁਣ ਜੇਤਲੀ ਨੂੰ ਲਿਖੀ ਚਿੱਠੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੇਂਦਰੀ ਮੰਤਰੀ ਅਰੁਣ ਜੇਤਲੀ ਵੱਲੋਂ ਦਰਜ ਕਰਾਏ ਗਏ ਮਾਣਹਾਨੀ ਦੇ ਮੁਕੱਦਮੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵਕੀਲ ਰਹੇ ਰਾਮ ਜੇਠਮਲਾਨੀ ਨੇ ਹੁਣ ਕੇਜਰੀਵਾਲ ਦੇ ਖ਼ਿਲਾਫ਼ ਹੀ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾ ਕਿਹਾ ਕਿ ਖ਼ੁਦ ਕੇਜਰੀਵਾਲ ਨੇ ਹੀ ਕਿਹਾ ਸੀ ਕਿ ਉਹ ਜੇਤਲੀ ਦੇ ਖ਼ਿਲਾਫ਼ ਅਪਮਾਨਜਨਕ ਸ਼ਬਦਾਂ ਦਾ ਇਸਤੇਮਾਲ ਕਰੇ। ਗੌਰਤਲਬ ਹੈ ਕਿ ਬੀਤੀ 20 ਜੁਲਾਈ ਨੂੰ ਹੀ ਜੇਠਮਲਾਨੀ ਨੇ ਖੁਦ ਨੂੰ ਇਸ ਮੁਕੱਦਮੇ ਤੋਂ ਅਲੱਗ ਕਰ ਲਿਆ ਸੀ। ਦਰਅਸਲ ਇਹ ਮਾਮਲਾ ਉਸ ਸਮੇਂ ਤੋਂ ਚਰਚਾ 'ਚ ਹੈ, ਜਦੋਂ ਅਦਾਲਤ 'ਚ ਅਰਵਿੰਦ ਕੇਜਰੀਵਾਲ ਨੇ ਕਹਿ ਦਿੱਤਾ ਕਿ ਮਾਣਹਾਨੀ ਦੇ ਮੁਕੱਦਮੇ ਦੀ ਸੁਣਵਾਈ ਦੌਰਾਨ ਉਨ੍ਹਾ ਦੇ ਵਕੀਲ ਰਾਮ ਜੇਠਮਲਾਨੀ ਨੇ ਆਪਣੇ ਵੱਲੋਂ ਅਪਮਾਨਜਨਕ ਭਾਸ਼ਾ ਦਾ ਇਸਤੇਮਾਲ ਕੀਤਾ ਹੈ। ਇਸ ਗੱਲ ਨਾਲ ਜੇਠਮਲਾਨੀ ਨਾਰਾਜ਼ ਹੋ ਗਏ ਅਤੇ ਹੁਣ ਮੀਡੀਆ 'ਚ ਛਪੀ ਰਿਪੋਰਟ ਮੁਤਾਬਕ ਉਨ੍ਹਾ ਕੇਜਰੀਵਾਲ ਨੂੰ ਇੱਕ ਚਿੱਠੀ ਲਿਖੀ ਅਤੇ ਇਸ ਦੀ ਇੱਕ ਕਾਪੀ ਵਿੱਤ ਮੰਤਰੀ ਜੇਤਲੀ ਨੂੰ ਵੀ ਭੇਜ ਦਿੱਤੀ। ਇਸ ਪੱਤਰ 'ਚ ਜੇਠਮਲਾਨੀ ਨੇ ਅਰਵਿੰਦ ਕੇਜਰੀਵਾਲ ਨੂੰ ਕਿਹਾ, 'ਤੁਸੀਂ ਅਪਰਾਧਿਕ ਮਾਣਹਾਨੀ ਦਾ ਪਹਿਲਾਂ ਕੇਸ ਦਰਜ ਕਰਾਇਆ ਤਾਂ ਤੁਸੀਂ ਮੇਰੀਆਂ ਸੇਵਾਵਾਂ ਲਈਆਂ ਸਨ। ਖੁਦ ਨੂੰ ਪੁੱਛੋ ਕਿ ਤੁਸੀਂ ਕਿੰਨੀ ਵਾਰ ਗਾਲ੍ਹਾਂ ਦਿੱਤੀਆਂ ਹਨ।' ਉਨ੍ਹਾ ਇਸ ਪੱਤਰ 'ਚ ਕੇਜਰੀਵਾਲ ਨੂੰ ਜੇਤਲੀ ਨਾਲ ਸੁਲ੍ਹਾ ਕਰਨ ਦੀ ਵੀ ਸਲਾਹ ਦਿੱਤੀ ਹੈ। ਉਨ੍ਹਾ ਕਿਹਾ ਉਹ ਹੁਣ ਉਨ੍ਹਾ ਦੇ ਬਚਾਅ 'ਚ ਵਾਪਸ ਨਹੀਂ ਉਤਰਨਗੇ ਅਤੇ ਪਹਿਲਾਂ ਵਾਲੀ ਮਾਣਹਾਨੀ ਦੀ ਫ਼ੀਸ ਵੀ ਅਦਾ ਕਰਨ ਲਈ ਕਿਹਾ ਹੈ।
ਗੌਰਤਲਬ ਹੈ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਕ੍ਰਿਕਟ ਬੋਰਡ 'ਚ ਭ੍ਰਿਸ਼ਟਾਚਾਰ ਦਾ ਦੋਸ਼ ਅਰੁਣ ਜੇਤਲੀ ਦੇ ਖ਼ਿਲਾਫ਼ ਲਗਾਇਆ ਸੀ। ਇਸ 'ਤੇ ਜੇਤਲੀ ਨੇ ਦਿੱਲੀ ਦੀ ਅਦਾਲਤ 'ਚ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾ ਦਿੱਤਾ।
ਇਸ ਮਾਮਲੇ 'ਚ ਕੇਜਰੀਵਾਲ ਨੇ ਆਪਣਾ ਵਕੀਲ ਜੇਠਮਲਾਨੀ ਨੂੰ ਚੁਣਿਆ। ਇਸ ਦੌਰਾਨ 17 ਮਈ ਨੂੰ ਹੀ ਸੁਣਵਾਈ 'ਚ ਜੇਠਮਲਾਨੀ ਨੇ ਜੇਤਲੀ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰ ਦਿੱਤੀ ਤਾਂ ਜੇਤਲੀ ਨੇ ਕਿਹਾ ਕਿ ਜੇ ਤੁਸੀਂ ਇਹ ਸ਼ਬਦ ਆਪਣੇ ਕਲਾਇੰਟ ਦੇ ਕਹਿਣ 'ਤੇ ਪ੍ਰਯੋਗ ਕੀਤੇ ਹਨ ਤਾਂ ਉਹ ਮਾਣਹਾਨੀ ਦਾ ਇੱਕ ਹੋਰ ਮੁਕੱਦਮਾ ਦਾਇਰ ਕਰਨਗੇ। ਇਸ 'ਤੇ ਜੇਠਮਲਾਨੀ ਨੇ ਕਿਹਾ ਕਿ ਹਾਂ ਉਨ੍ਹਾ ਦੇ ਕਲਾਇੰਟ ਨੇ ਹੀ ਅਜਿਹਾ ਕਰਨ ਲਈ ਕਿਹਾ ਹੈ। ਇਸ 'ਤੇ ਅਰੁਣ ਜੇਤਲੀ ਨੇ ਇੱਕ ਹੋਰ ਮੁਕੱਦਮਾ ਠੋਕ ਦਿੱਤਾ ਅਤੇ ਹਰਜਾਨੇ ਦੇ ਤੌਰ 'ਤੇ ਉਨ੍ਹਾ ਕੋਲੋਂ ਇਕ ਕਰੋੜ ਰੁਪਏ ਮੰਗੇ।