ਵਿਜੀਲੈਂਸ ਜਾਂਚ ਕਾਰਨ ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਤੇ ਸਰਕਾਰ 'ਚ ਟਕਰਾਅ ਵਧਿਆ


ਚੰਡੀਗੜ੍ਹ (ਗਰਗ)
ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਅਤੇ ਸਰਕਾਰ 'ਚ ਟਕਰਾਅ ਦਿਨੋਂ-ਦਿਨ ਵਧ ਰਿਹਾ ਹੈ। ਚੰਡੀਗੜ੍ਹ ਤੋਂ ਬਾਅਦ ਹੁਣ ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਵੱਲੋਂ ਜ਼ਿਲ੍ਹਾ ਪੱਧਰ 'ਤੇ ਵੀ ਧਰਨੇ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਿੰਚਾਈ ਵਿਭਾਗ ਦੇ ਕੁਝ ਕੰਮਾਂ ਦੀ ਜਾਂਚ ਸਰਕਾਰ ਵੱਲੋਂ ਵਿਜੀਲੈਂਸ ਵਿਭਾਗ ਨੂੰ ਸੌਂਪੀ ਗਈ ਹੈ, ਜਿਸ ਵਿੱਚ ਕਈ ਰਿਟਾਇਰਡ ਤੇ ਮੌਜੂਦਾ ਇੰਜੀਨੀਅਰਾਂ ਨੂੰ ਚੌਕਸੀ ਵਿਭਾਗ ਵੱਲੋਂ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ। ਇਸ ਜਾਂਚ ਦੇ ਸ਼ੁਰੂ ਹੋਣ 'ਤੇ ਵਿਭਾਗ ਵਿੱਚ ਭਾਜੜ ਪੈ ਗਈ ਹੈ। ਵਿਭਾਗ ਦੇ ਇੰਜੀਨੀਅਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਕੋਲ ਕੋਈ ਵੀ ਟੈਕਨੀਕਲ ਅਧਿਕਾਰੀ ਨਹੀਂ, ਜੋ ਤਕਨੀਕੀ ਅਧਿਕਾਰੀ ਦੀ ਸਹਾਇਤਾ ਨਾਲ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਉਹ ਸਾਡੇ ਪੱਖ ਦੀ ਵੀ ਗੱਲ ਸੁਣ ਸਕੇ। ਪਿਛਲੇ ਦਿਨੀਂ ਇੰਜੀਨੀਅਰਾਂ ਵੱਲੋਂ ਮੁੱਖ ਮੰਤਰੀ ਦਫਤਰ 'ਚ ਵੀ ਇਸ ਸੰਬੰਧੀ ਮੀਟਿੰਗ ਕਰਕੇ ਆਪਣੀ ਮੰਗ ਰੱਖੀ ਸੀ।
ਹੁਣ ਸਰਕਾਰ 'ਤੇ ਹੋਰ ਦਬਾਅ ਪਾਉਣ ਲਈ ਵਿਭਾਗ ਦੇ ਅਧਿਕਾਰੀਆਂ ਵੱਲੋਂ 7 ਅਗਸਤ ਤੋਂ ਮਾਸ ਕੈਜੂਅਲ ਲੀਵ 'ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਇਸ ਸਮੇਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਖੇਤਾਂ ਵਿੱਚ ਜੇਕਰ ਪਾਣੀ ਦੀ ਸਪਲਾਈ ਵਿੱਚ ਵਿਘਨ ਪੈਂਦਾ ਹੈ ਤਾਂ ਕਿਸਾਨਾਂ ਵੱਲੋਂ ਹੰਗਾਮਾ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ ਕਈ ਖੇਤਰਾਂ ਵਿੱਚ ਮੀਂਹ ਜ਼ਿਆਦਾ ਪੈਣ ਕਰਕੇ ਹੜ੍ਹ ਆਉਣ ਦੀ ਸੰਭਾਵਨਾ ਬਣੀ ਹੋਈ ਹੈ।
ਇੰਜੀਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਪੀ ਐੱਸ ਬਰਾੜ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਜੇਕਰ ਸਰਕਾਰ ਉਨ੍ਹਾਂ ਦੀ ਮੰਗ 'ਤੇ ਹਮਦਰਦੀ ਨਾਲ ਵਿਚਾਰ ਨਹੀਂ ਕਰਦੀ ਤਾਂ ਮਜਬੂਰਨ ਸਾਨੂੰ ਉਪਰੋਕਤ ਕਦਮ ਉਠਾਉਣੇ ਪੈ ਸਕਦੇ ਹਨ।