ਲਾਲੂ ਨੇ ਫੇਸਬੁੱਕ ਜ਼ਰੀਏ ਕੀਤਾ ਨਿਤੀਸ਼ 'ਤੇ ਹਮਲਾ

ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)-ਬਿਹਾਰ 'ਚ ਜੇ ਡੀ ਯੂ ਦੇ ਮਹਾਂਗਠਜੋੜ ਤੋਂ ਅਲੱਗ ਹੋਣ ਬਾਅਦ ਆਰ ਜੇ ਡੀ ਅਤੇ ਜੇ ਡੀ ਯੂ ਵਿਚਕਾਰ ਰਾਜਨੀਤਕ ਲੜਾਈ ਹੋਰ ਤੇਜ਼ ਹੋ ਗਈ ਹੈ। ਦੂਸ਼ਣਬਾਜ਼ੀ ਦਾ ਦੌਰ ਹੋਰ ਤੇਜ਼ ਹੋ ਚੁੱਕਾ ਹੈ। ਲਾਲੂ ਯਾਦਵ ਖੁੱਲ੍ਹ ਕੇ ਨਿਤੀਸ਼ ਦੇ ਖਿਲਾਫ ਮੌਕਾਪ੍ਰਸਤ, ਪਲਟੂਰਾਮ ਅਤੇ ਸੱਤਾ ਲੋਭੀ ਵਰਗੇ ਸ਼ਬਦਾਂ ਦਾ ਪ੍ਰਯੋਗ ਕਰ ਰਹੇ ਹਨ, ਉਥੇ ਹੀ ਜੇ ਡੀ ਯੂ ਦੇ ਸੀਨੀਅਰ ਨੇਤਾ ਸ਼ਰਦ ਯਾਦਵ ਹਾਲੇ ਵੀ ਪਾਰਟੀ ਦੇ ਕਦਮ ਤੋਂ ਨਾਰਾਜ਼ ਹਨ ਅਤੇ ਲਾਲੂ ਪ੍ਰਸਾਦ ਯਾਦਵ ਉਹਨਾ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਬੁੱਧਵਾਰ ਨੂੰ ਲਾਲੂ ਯਾਦਵ ਨੇ ਇੱਕ ਵਾਰ ਫਿਰ ਸ਼ਰਦ ਯਾਦਵ ਦੀ ਇੱਕ ਪੁਰਾਣੀ ਤਸਵੀਰ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕਰਦੇ ਹੋਏ ਨਿਤੀਸ਼ 'ਤੇ ਨਿਸ਼ਾਨਾ ਸਾਧਿਆ। ਇਸ ਪੁਰਾਣੀ ਤਸਵੀਰ 'ਚ ਸ਼ਰਦ ਯਾਦਵ ਹਸਪਤਾਲ 'ਚ ਭਰਤੀ ਨਜ਼ਰ ਆ ਰਹੇ ਹਨ ਅਤੇ ਲਾਲੂ ਉਹਨਾ ਦਾ ਹਾਲ-ਚਾਲ ਪੁੱਛਦੇ ਦਿਖਾਈ ਦੇ ਰਹੇ ਹਨ। ਫੋਟੋ ਜ਼ਰੀਏ ਲਾਲੂ ਨੇ ਨਿਤੀਸ਼ 'ਤੇ ਹਮਲਾ ਕਰਦੇ ਹੋਏ ਪੁੱਛਿਆ ਕਿ ਨਿਤੀਸ਼ ਕੁਮਾਰ ਦੱਸੋ ਮੰਡਲ ਕਮਿਸ਼ਨ ਲਾਗੂ ਕਰਵਾਉਣ 'ਚ ਤੁਹਾਡਾ ਕੀ ਰੋਲ ਸੀ। ਅਸੀਂ ਅਤੇ ਸ਼ਰਦ ਯਾਦਵ ਨੇ ਇਸ ਲਈ ਸੰਘਰਸ਼ ਕੀਤਾ ਅਤੇ ਮੰਡਲ ਕਮਿਸ਼ਨ ਲਾਗੂ ਕਰਵਾਉਣ ਲਈ ਕੀ-ਕੀ ਕੀਤਾ, ਤੁਸੀਂ ਕੀ ਜਾਣਦੇ ਹੋ। ਲਾਲੂ ਨੇ ਫੇਸਬੁੱਕ ਪੋਸਟ 'ਚ ਲਿਖਿਆ, 'ਜਨ-ਆਧਾਰ ਦੀ ਗੱਲ ਕਰਨ ਵਾਲੇ ਨਿਤੀਸ਼ ਕੁਮਾਰ ਨੇ ਆਪਣੀ ਵੱਖਰੀ ਰਾਹ ਫੜਨ ਦੀ ਸ਼ੁਰੂਆਤ ਹੀ ਆਪਣੀ ਜਾਤੀ ਰੈਲੀ 'ਕੁਰਮੀ ਚੇਤਨਾ ਰੈਲੀ' ਤੋਂ ਹੀ ਕੀਤੀ ਸੀ। ਹਿੰਮਤ ਹੈ ਤਾਂ ਇਸ ਨੂੰ ਨਕਾਰੋ, ਮੈਂ ਤਾਂ ਆਪਣੇ ਜੀਵਨ 'ਚ ਕਦੀ ਵੀ ਕਿਸੇ ਯਾਦਵ ਰੈਲੀ 'ਚ ਭਾਗ ਨਹੀਂ ਲਿਆ। ਇਸ ਮੌਕਾਪ੍ਰਸਤ ਆਦਮੀ ਨੇ ਮੰਡਲ ਦੇ ਦੌਰ 'ਚ ਵੀ ਭਾਜਪਾ ਅਤੇ ਆਰ ਐੱਸ ਐੱਸ ਦੇ ਇਸ਼ਾਰੇ 'ਤੇ ਅਲੱਗ ਰਸਤਾ ਫੜ ਕੇ ਓ ਬੀ ਸੀ ਏਕਤਾ ਅਤੇ ਵਿਸ਼ੇਸ਼ ਕਰਕੇ ਬਿਹਾਰ 'ਚ ਦਲਿਤਾਂ ਅਤੇ ਪੱਛੜਿਆਂ ਦੀ ਲਾਮਬੰਦੀ ਨੂੰ ਰੋਕਣ ਦਾ ਯਤਨ ਕੀਤਾ ਸੀ। ਇਹ ਉਸ ਸਮੇਂ ਸਮਾਜਿਕ ਨਿਆਂ ਦੇ ਰੱਥ ਨੂੰ ਰੋਕਣਾ ਚਾਹੁੰਦੇ ਸਨ।