ਜ਼ੋਰਾਵਰਾਂ ਦਾ ਸੱਤੀਂ-ਵੀਹੀਂ ਸੌ!


ਭਾਰਤ ਨੂੰ ਸੰਸਾਰ ਦਾ ਵੱਡਾ ਲੋਕਤੰਤਰ ਕਿਹਾ, ਮੰਨਿਆ ਤੇ ਪ੍ਰਵਾਨਿਆ ਜਾਂਦਾ ਹੈ। ਇਸ ਦੇ ਸੰਵਿਧਾਨ ਵਿੱਚ ਨਾਗਰਿਕਾਂ ਦੇ ਮੁੱਢਲੇ ਅਧਿਕਾਰਾਂ ਨੂੰ ਦਰਜ ਕੀਤਾ ਗਿਆ ਹੈ; ਜਿਵੇਂ ਆਪਣੇ ਢੰਗ ਨਾਲ ਰਹਿਣ-ਸਹਿਣ, ਖਾਣ-ਪੀਣ, ਘੁੰਮਣ-ਫਿਰਨ, ਕਿਸੇ ਵੀ ਧਰਮ ਨੂੰ ਮੰਨਣ ਜਾਂ ਨਾ ਮੰਨਣ, ਆਪਣੇ ਵਿਚਾਰ ਪ੍ਰਗਟ ਕਰਨ ਤੇ ਸਭ ਤੋਂ ਅਹਿਮ ਆਪਣੇ ਤਰੀਕੇ ਨਾਲ ਜੀਵਨ ਨਿਰਬਾਹ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।
ਨਾਗਰਿਕਾਂ ਦੇ ਇਹਨਾਂ ਅਧਿਕਾਰਾਂ ਦੀ ਰਾਖੀ ਦੀ ਜ਼ਿੰਮੇਵਾਰੀ ਤਿੰਨ ਵਿਧਾਨਕ ਸੰਸਥਾਵਾਂ; ਵਿਧਾਨ ਪਾਲਿਕਾ, ਕਾਰਜ ਪਾਲਿਕਾ ਤੇ ਨਿਆਂ ਪਾਲਿਕਾ ਦੇ ਸਪੁਰਦ ਕੀਤੀ ਗਈ ਹੈ। ਇਹ ਸਭ ਪ੍ਰਬੰਧ ਹੋਣ ਦੇ ਬਾਵਜੂਦ ਸਮੇਂ-ਸਮੇਂ 'ਤੇ ਨਾਗਰਿਕਾਂ ਨਾਲ ਵਧੀਕੀਆਂ ਤੇ ਜਬਰ ਹੋਣ ਦੀਆਂ ਮਿਸਾਲਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਸੰਨ 2000 ਵਿੱਚ। ਇਹ ਮਾਮਲਾ ਸੰਬੰਧਤ ਹੈ ਲੁਧਿਆਣਾ ਦੇ ਕਸਬੇ ਜਗਰਾਉਂ ਦੇ ਨੇੜਲੇ ਪਿੰਡ ਕਾਉਂਕੇ ਖੋਸਾ ਦੇ ਵਸਨੀਕ ਸੁਖਵਿੰਦਰ ਸਿੰਘ 'ਮਿੱਠੂ' ਨਾਲ। ਇਸ ਮਾਮਲੇ ਦਾ ਵੇਰਵਾ ਪੜ੍ਹ ਕੇ ਸੁਭਾਵਕ ਤੌਰ 'ਤੇ ਇਹ ਕਹਾਵਤ ਯਾਦ ਆ ਜਾਂਦੀ ਹੈ ਕਿ ਕਿਵੇਂ ਅੱਜ ਵੀ ਜ਼ੋਰਾਵਰਾਂ ਦੀ ਸੱਤੀਂ-ਵੀਹੀਂ ਸੌ ਹੋ ਰਿਹਾ ਹੈ।
ਗੱਲ 1996 ਦੀ ਹੈ ਕਿ ਕਨੇਡਾ ਵਿੱਚ ਜੰਮੀ-ਪਲੀ ਜਸਵਿੰਦਰ ਕੌਰ 'ਜੱਸੀ' ਆਪਣੀ ਪੰਜਾਬ ਦੀ ਫੇਰੀ ਦੌਰਾਨ ਜਗਰਾਓਂ ਵਿੱਚ ਆਟੋ-ਰਿਕਸ਼ਾ ਚਾਲਕ ਸੁਖਵਿੰਦਰ ਸਿੰਘ 'ਮਿੱਠੂ' ਨੂੰ ਮਿਲੀ। ਇਸ ਦੌਰਾਨ ਦੋਵਾਂ ਵਿੱਚ ਪਿਆਰ ਹੋ ਗਿਆ। ਇਹ ਦੋਵੇਂ ਸੰਨ 1999 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਹ ਗੱਲ ਵੱਖਰੀ ਹੈ ਕਿ ਇਸ ਦੌਰਾਨ ਉਨ੍ਹਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਤੇ ਸਖ਼ਤੀਆਂ ਦਾ ਵੀ ਸਾਹਮਣਾ ਕਰਨਾ ਪਿਆ। ਜਸਵਿੰਦਰ 'ਜੱਸੀ' ਤੇ ਸੁਖਵਿੰਦਰ 'ਮਿੱਠੂ' ਦੇ ਇਕੱਠੇ ਜੀਵਨ ਬਿਤਾਉਣ ਦੇ ਸੁਫ਼ਨਿਆਂ ਦੀ ਉਮਰ ਏਨੀ ਛੋਟੀ ਹੋਵੇਗੀ, ਇਸ ਦਾ ਸ਼ਾਇਦ ਉਨ੍ਹਾਂ ਨੇ ਕਿਆਸ ਵੀ ਨਹੀਂ ਕੀਤਾ ਹੋਣਾ।
ਤੇ ਇਸ ਮਾਮਲੇ ਵਿੱਚ ਵੀ ਉਹੋ ਹੋਇਆ, ਜੋ ਅਕਸਰ ਸਾਡੇ ਸਮਾਜ ਵਿੱਚ ਹੁੰਦਾ ਆਇਆ ਹੈ। ਜਸਵਿੰਦਰ 'ਜੱਸੀ' ਦੀ ਮਾਂ ਮਲਕੀਅਤ ਸਿੱਧੂ ਤੇ ਉਸ ਦੇ ਭਰਾ ਸੁਰਜੀਤ ਬਦੇਸ਼ਾ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ, ਕਿਉਂਕਿ ਸੁਖਵਿੰਦਰ 'ਮਿੱਠੂ' ਨੀਵੀਂ ਸਮਝੀ ਜਾਂਦੀ ਜਾਤ ਨਾਲ ਸੰਬੰਧਤ ਸੀ। ਮਲਕੀਅਤ ਸਿੱਧੂ ਤੇ ਸੁਰਜੀਤ ਬਦੇਸ਼ਾ ਵੱਲੋਂ ਮਿਲ ਕੇ ਜੱਸੀ ਤੇ ਮਿੱਠੂ ਨੂੰ ਮਾਰਨ ਲਈ ਸੁਪਾਰੀ ਦਿੱਤੀ ਗਈ। ਇਸ ਦੌਰਾਨ ਸੁਖਵਿੰਦਰ 'ਮਿੱਠੂ' ਤਾਂ ਭਾਰੀ ਤਸ਼ੱਦਦ ਦੇ ਬਾਵਜੂਦ ਕਿਸੇ ਤਰ੍ਹਾਂ ਬਚ ਗਿਆ, ਪਰ ਜਸਵਿੰਦਰ 'ਜੱਸੀ' ਦੀ ਮੌਤ ਹੋ ਗਈ। ਇਹ ਘਟਨਾ ਜੂਨ 2000 ਦੀ ਹੈ।
ਉਪਰੰਤ ਸੁਖਵਿੰਦਰ ਸਿੰਘ ਉੱਤੇ ਤਾਂ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ। ਉਸ ਦੇ ਖ਼ਿਲਾਫ਼ ਇੱਕ ਨਹੀਂ, ਕਈ ਮਾਮਲੇ ਦਰਜ ਕੀਤੇ ਗਏ। ਇਹਨਾਂ ਵਿੱਚ ਬਲਾਤਕਾਰ, ਦੰਗਾ ਕਰਨ, ਲੁੱਟ-ਖੋਹ ਤੇ ਨਸ਼ਾ ਤਸਕਰੀ ਵਰਗੇ ਸੰਗੀਨ ਮਾਮਲੇ ਵੀ ਸ਼ਾਮਲ ਹਨ। ਬਲਾਤਕਾਰ ਦੇ ਕੇਸ ਦੇ ਤਹਿਤ ਸੁਖਵਿੰਦਰ ਸਿੰਘ ਸਾਢੇ ਤਿੰਨ ਸਾਲਾਂ ਲਈ ਜੇਲ੍ਹ 'ਚ ਬੰਦ ਰਿਹਾ ਤੇ ਚਾਰ ਮਾਮਲਿਆਂ ਵਿੱਚ ਉਹ ਬਰੀ ਹੋ ਚੁੱਕਾ ਹੈ। ਦੋ ਮਾਮਲਿਆਂ ਦਾ ਉਹ ਹਾਲੇ ਵੀ ਸਾਹਮਣਾ ਕਰ ਰਿਹਾ ਹੈ। ਇਹੋ ਨਹੀਂ, ਸੁਖਵਿੰਦਰ 'ਮਿੱਠੂ' ਦਾ ਇਹ ਵੀ ਕਹਿਣਾ ਹੈ ਕਿ ਉਸ ਨੂੰ ਨਿਆਂ ਪ੍ਰਾਪਤੀ ਦੇ ਸੰਘਰਸ਼ ਤੋਂ ਪਿੱਛੇ ਹਟਣ ਲਈ ਅਨੇਕ ਪ੍ਰਕਾਰ ਦੇ ਲਾਲਚ ਵੀ ਦਿੱਤੇ ਗਏ, ਜਿਨ੍ਹਾਂ ਨੂੰ ਉਸ ਨੇ ਠੁਕਰਾ ਦਿੱਤਾ।
ਇਸ ਮਾਮਲੇ ਦਾ ਦੁੱਖਦਾਈ ਪਹਿਲੂ ਇਹ ਹੈ ਕਿ ਸੁਪਾਰੀ ਲੈ ਕੇ ਇਹ ਘਿਨਾਉਣਾ ਅਪਰਾਧ ਕਮਾਉਣ ਵਾਲਿਆਂ ਨੂੰ ਤਾਂ ਉਨ੍ਹਾਂ ਦੇ ਕੀਤੇ ਦੀ ਸਜ਼ਾ ਮਿਲ ਗਈ ਹੈ, ਪਰ ਇਸ ਕਤਲ ਦੀ ਸਾਜ਼ਿਸ਼ ਘੜਨ ਵਾਲੇ ਮਲਕੀਅਤ ਕੌਰ ਤੇ ਸੁਰਜੀਤ ਬਦੇਸ਼ਾ ਨੂੰ ਸਰਕਾਰ ਵਾਪਸ ਲਿਆ ਕੇ ਕਨੂੰਨ ਦੇ ਕਟਹਿਰੇ ਵਿੱਚ ਖੜਿਆਂ ਕਰਨ ਵਿੱਚ ਹਾਲੇ ਤੱਕ ਸਫ਼ਲ ਨਹੀਂ ਹੋ ਸਕੀ। ਇਹੋ ਨਹੀਂ, ਜਿਨ੍ਹਾਂ ਲੋਕਾਂ ਨੇ ਸੁਖਵਿੰਦਰ 'ਮਿੱਠੂ' ਦੇ ਖ਼ਿਲਾਫ਼ ਕੇਸ ਦਰਜ ਕਰਵਾਏ ਸਨ, ਉਹਨਾਂ ਦੇ ਵਿਰੁੱਧ ਵੀ ਅਜੇ ਤੱਕ ਕੋਈ ਕਾਰਵਾਈ ਹੋਈ ਨਹੀਂ ਸੁਣੀ ਗਈ।
ਕਨੇਡਾ ਵਿੱਚ ਇਸ ਮਾਮਲੇ ਨੂੰ ਲੈ ਕੇ ਕਿਤਾਬਾਂ ਵੀ ਲਿਖੀਆਂ ਗਈਆਂ, ਫ਼ਿਲਮਾਂ ਵੀ ਬਣੀਆਂ ਤੇ ਹਜ਼ਾਰਾਂ ਲੋਕ ਇਹ ਮੰਗ ਕਰ ਰਹੇ ਹਨ ਕਿ ਜਸਵਿੰਦਰ 'ਜੱਸੀ' ਦੇ ਕਤਲ ਦੇ ਅਸਲ ਦੋਸ਼ੀਆਂ; ਉਸ ਦੀ ਮਾਂ ਮਲਕੀਅਤ ਸਿੱਧੂ ਤੇ ਸੁਰਜੀਤ ਬਦੇਸ਼ਾ ਨੂੰ ਜਾਂ ਤਾਂ ਕਨੇਡਾ ਵਿੱਚ ਸਜ਼ਾ ਦੇ ਭਾਗੀ ਬਣਾਇਆ ਜਾਵੇ ਜਾਂ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਹਵਾਲੇ ਕੀਤਾ ਜਾਵੇ। ਇਸ ਦੇ ਉਲਟ ਸਾਡੇ ਦੇਸ਼ ਵਿੱਚ ਕੀ ਹੋ ਰਿਹਾ ਹੈ? ਸੁਖਵਿੰਦਰ ਸਿੰਘ 'ਮਿੱਠੂ' ਪਿਛਲੇ ਕਈ ਸਾਲਾਂ ਤੋਂ ਝੂਠੇ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਹੈ। ਹੁਣ ਉਸ ਨੇ ਨਿਆਂ ਦੀ ਪ੍ਰਾਪਤੀ ਲਈ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਏ ਉਸ ਦੋ-ਮੈਂਬਰੀ ਜਾਂਚ ਕਮਿਸ਼ਨ ਨੂੰ ਅਰਜ਼ੀ ਦਿੱਤੀ ਹੈ, ਜੋ ਪਿਛਲੇ ਦਸ ਸਾਲਾਂ ਵਿੱਚ ਰਾਜ ਵਿੱਚ ਹਰ ਕਿਸਮ ਦੀਆਂ ਹੋਈਆਂ ਜ਼ਿਆਦਤੀਆਂ ਦੇ ਮਾਮਲਿਆਂ ਦੀ ਜਾਂਚ ਕਰ ਕੇ ਰਿਪੋਰਟ ਸਰਕਾਰ ਅੱਗੇ ਪੇਸ਼ ਕਰੇਗਾ।
ਇਹ ਸਭ ਉਸ ਹਾਲਤ ਵਿੱਚ ਹੋਇਆ ਤੇ ਹੋ ਰਿਹਾ ਹੈ, ਜਦੋਂ ਸਾਡੇ ਸ਼ਾਸਕ ਇਹ ਦਾਅਵੇ ਕਰਦੇ ਰਹਿੰਦੇ ਹਨ ਕਿ ਕਨੂੰਨ ਦਾ ਰਾਜ ਹਰ ਹਾਲਤ ਵਿੱਚ ਕਾਇਮ ਕੀਤਾ ਜਾਵੇਗਾ ਤੇ ਕਿਸੇ ਨੂੰ ਵੀ ਕਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਕਤ ਮਾਮਲੇ ਨੇ ਇਹ ਗੱਲ ਪੂਰੀ ਤਰ੍ਹਾਂ ਉਜਾਗਰ ਕਰ ਕੇ ਸਾਹਮਣੇ ਲੈ ਆਂਦੀ ਹੈ ਕਿ ਸ਼ਾਸਕਾਂ ਦੇ ਦਾਅਵਿਆਂ ਤੇ ਹਕੀਕਤਾਂ ਵਿੱਚ ਜ਼ਮੀਨ-ਅਸਮਾਨ ਜਿੰਨਾ ਅੰਤਰ ਨਿਰੰਤਰ ਕਾਇਮ ਹੈ। ਅਜਿਹੀ ਸਥਿਤੀ ਵਿੱਚ ਲੋਕ ਭਲੇ ਦੀ ਆਸ ਕਰਨ ਤਾਂ ਕਿਸ ਤੋਂ ਕਰਨ?