ਲੋਕਤੰਤਰ ਵਿੱਚ ਵਿਰੋਧੀ ਧਿਰ ਦੀ ਅਹਿਮੀਅਤ

ਭਾਰਤ ਦੀ ਪਾਰਲੀਮੈਂਟ ਦੀਆਂ ਕੁੱਲ ਸੀਟਾਂ ਅੱਠ ਸੌ ਦੇ ਕਰੀਬ ਹਨ ਤੇ ਉਸ ਦੇ ਉੱਪਰਲੇ ਸਦਨ ਦੀਆਂ ਸੀਟਾਂ ਕੁੱਲ ਢਾਈ ਸੌ ਦੇ ਕਰੀਬ ਹਨ। ਅਸੀਂ ਅੱਜ ਤੱਕ ਕਦੇ ਕਿਸੇ ਇੱਕ ਸੀਟ ਲਈ ਏਨੀ ਖਿੱਚੋਤਾਣ ਨਹੀਂ ਸੀ ਵੇਖੀ, ਜਿੰਨੀ ਗੁਜਰਾਤ ਦੀ ਇੱਕ ਸੀਟ ਲਈ ਇਸ ਵਾਰੀ ਹੁੰਦੀ ਵੇਖਣ ਨੂੰ ਮਿਲੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਭਰੋਸੇਮੰਦ ਮੰਨਿਆ ਜਾਣ ਵਾਲਾ ਅਹਿਮਦ ਪਟੇਲ ਉਸ ਸੀਟ ਤੋਂ ਉਮੀਦਵਾਰ ਸੀ। ਭਾਜਪਾ ਲੀਡਰਸ਼ਿਪ ਉਸ ਨੂੰ ਰੋਕਣਾ ਚਾਹੁੰਦੀ ਸੀ। ਇਸ ਇੱਛਾ ਦੀ ਪੂਰਤੀ ਕਰਨ ਵਿੱਚ ਭਾਜਪਾ ਲੀਡਰਸ਼ਿਪ ਅਤੇ ਖ਼ਾਸ ਤੌਰ ਉੱਤੇ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਅਸਫ਼ਲ ਰਹੇ ਤੇ ਉਨ੍ਹਾ ਦਾ ਸਾਰਾ ਤਾਣ ਲੱਗਣ ਦੇ ਬਾਵਜੂਦ ਅਹਿਮਦ ਪਟੇਲ ਫਿਰ ਉਸ ਸੀਟ ਲਈ ਚੋਣ ਜਿੱਤ ਕੇ ਦਿੱਲੀ ਪਹੁੰਚ ਗਿਆ ਹੈ।
ਅਸਲ ਮਕਸਦ ਉਸ ਸੋਚ ਤੋਂ ਨਿਕਲਦਾ ਹੈ, ਜਿਹੜੀ ਪ੍ਰਧਾਨ ਮੰਤਰੀ ਬਣਨ ਤੋਂ ਵੀ ਪਹਿਲਾਂ ਨਰਿੰਦਰ ਮੋਦੀ ਖੁੱਲ੍ਹੇ ਰੂਪ ਵਿੱਚ ਪੇਸ਼ ਕਰਦੇ ਰਹੇ ਸਨ ਕਿ ਉਹ ਭਾਰਤ ਨੂੰ ਕਾਂਗਰਸ-ਮੁਕਤ ਬਣਾਉਣਾ ਚਾਹੁੰਦੇ ਹਨ। ਏਸੇ ਲਈ ਉਹ ਇੱਕ ਪਿੱਛੋਂ ਦੂਸਰਾ ਕਈ ਰਾਜਾਂ ਦੀਆਂ ਚੋਣਾਂ ਵਿੱਚ ਕਾਂਗਰਸ ਤੋਂ ਆਏ ਲੀਡਰਾਂ ਨੂੰ ਅੱਗੇ ਲਾ ਕੇ ਕਾਂਗਰਸ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕਰਦੇ ਰਹੇ ਤੇ ਕਈ ਥਾਂਈਂ ਕਾਂਗਰਸੀ ਸਰਕਾਰਾਂ ਵੀ ਤੁੜਵਾਉਣ ਦਾ ਯਤਨ ਕੀਤਾ ਸੀ। ਗੁਜਰਾਤ ਦੀ ਚੋਣ ਵਿੱਚ ਅਹਿਮਦ ਪਟੇਲ ਨੂੰ ਹਰਾਉਣ ਦੇ ਬਾਅਦ ਉਨ੍ਹਾ ਦੀ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੀ ਸਾਰੇ ਦੇਸ਼ ਨੂੰ ਇਹ ਦੱਸਣ ਦੀ ਖਾਹਿਸ਼ ਸੀ ਕਿ ਕਾਂਗਰਸ ਹੁਣ ਕਿਸੇ ਵੀ ਥਾਂ ਟਿਕਣ ਜੋਗੀ ਨਹੀਂ ਰਹਿ ਗਈ। ਉਹ ਖਾਹਿਸ਼ ਸਿਰੇ ਨਹੀਂ ਚੜ੍ਹ ਸਕੀ।
ਗੁਜਰਾਤ ਦੀ ਰਾਜਨੀਤੀ ਵਿੱਚ ਇੱਕ ਵੱਡਾ ਆਗੂ ਸ਼ੰਕਰ ਸਿੰਘ ਵਘੇਲਾ ਹੈ, ਜਿਹੜਾ ਕਿਸੇ ਸਮੇਂ ਭਾਜਪਾ ਦੇ ਆਗੂ ਵਜੋਂ ਉਸ ਰਾਜ ਦਾ ਮੁੱਖ ਮੰਤਰੀ ਬਣਿਆ ਸੀ ਤੇ ਫਿਰ ਪਾਰਟੀ ਦੀ ਗੁੱਟਬੰਦੀ ਕਾਰਨ ਗੱਦੀ ਛੱਡਣ ਦੇ ਬਾਅਦ ਇਸ ਹਾਲਤ ਵਿੱਚ ਪਹੁੰਚ ਗਿਆ ਕਿ ਉਸ ਦਾ ਭਾਜਪਾ ਵਿੱਚ ਰਹਿਣਾ ਔਖਾ ਹੋ ਗਿਆ ਸੀ। ਓਦੋਂ ਉਸ ਨੇ ਕਈ ਹੋਰਨਾਂ ਵਾਂਗ ਕਾਂਗਰਸ ਦੀ ਸ਼ਰਣ ਲਈ ਤੇ ਕਾਂਗਰਸ ਪਾਰਟੀ ਨੇ ਉਸ ਨੂੰ ਕੇਂਦਰੀ ਮੰਤਰੀ ਤੱਕ ਦੇ ਅਹੁਦਿਆਂ ਨਾਲ ਨਵਾਜਿਆ ਸੀ। ਮੌਜੂਦਾ ਦੌਰ ਵਿੱਚ ਭਾਜਪਾ ਲੀਡਰਸ਼ਿਪ ਨੇ ਜਦੋਂ ਉਸ ਨੂੰ ਕੁੰਡੀ ਪਾਈ ਤਾਂ ਉਹ ਫਿਰ ਉਨ੍ਹਾਂ ਨਾਲ ਜਾ ਰਲਿਆ। ਕਾਂਗਰਸ ਤੋਂ ਅਸਤੀਫਾ ਦੇਣ ਦੇ ਬਾਅਦ ਉਹ ਕਾਂਗਰਸ ਦੇ ਵਿਧਾਇਕਾਂ ਨੂੰ ਤੋੜਨ ਅਤੇ ਭਾਜਪਾ ਦੇ ਵਿਹੜੇ ਵੱਲ ਭੇਜਣ ਲੱਗ ਪਿਆ ਤੇ ਇਸ ਨਾਲ ਕਾਂਗਰਸ ਪਾਰਟੀ ਵਿੱਚ ਇੱਕ ਭਾਜੜ ਜਿਹੀ ਦੀ ਸਥਿਤੀ ਬਣਾ ਦਿੱਤੀ। ਜਦੋਂ ਇੱਕ ਪਿੱਛੋਂ ਦੂਜਾ ਵਿਧਾਇਕ ਪਾਰਟੀ ਛੱਡ ਕੇ ਭਾਜਪਾ ਵੱਲ ਜਾਣ ਲੱਗ ਪਏ ਤਾਂ ਕਾਂਗਰਸ ਪਾਰਟੀ ਨੇ ਬਾਕੀ ਸਾਰੇ ਵਿਧਾਇਕ ਗੁਜਰਾਤ ਤੋਂ ਚੁੱਕ ਕੇ ਕਾਂਗਰਸ ਦੀ ਸਰਕਾਰ ਵਾਲੇ ਕਰਨਾਟਕਾ ਦੇ ਇੱਕ ਰਿਸਾਰਟ ਵਿੱਚ ਜਾ ਟਿਕਾਏ ਸਨ। ਉਸ ਰਿਸਾਰਟ ਉੱਤੇ ਕੇਂਦਰ ਸਰਕਾਰ ਦੇ ਕੰਟਰੋਲ ਹੇਠਲੇ ਇਨਕਮ ਟੈਕਸ ਵਿਭਾਗ ਦਾ ਛਾਪਾ ਪੈ ਗਿਆ ਤੇ ਸਾਰੇ ਜਾਣਦੇ ਹਨ ਕਿ ਉਹ ਛਾਪਾ ਸਹਿਜ-ਸੁਭਾਅ ਦੀ ਕਾਰਵਾਈ ਨਾ ਹੋ ਕੇ ਅਸਲ ਵਿੱਚ ਧਮਕੜੇ ਪਈ ਹੋਈ ਕਾਂਗਰਸ ਪਾਰਟੀ ਨੂੰ ਹੋਰ ਪੈਰਾਂ ਤੋਂ ਕੱਢਣ ਦੀ ਚਾਲ ਸੀ। ਏਨਾ ਕੁਝ ਹੋਣ ਪਿੱਛੋਂ ਵੀ ਕਾਂਗਰਸ ਦੇ ਵਿਧਾਇਕ ਆਮ ਕਰ ਕੇ ਉਸ ਨਾਲ ਜੁੜੇ ਰਹੇ ਤੇ ਸਿਰਫ਼ ਦੋ ਜਣੇ ਭਾਜਪਾ ਦੇ ਨਾਲ ਭੁਗਤੇ ਸਨ।
ਏਨੇ ਨਾਜ਼ਕ ਪੜਾਅ ਉੱਤੇ ਕਾਂਗਰਸ ਦੇ ਦੋ ਵਿਧਾਇਕਾਂ ਦਾ ਭਾਜਪਾ ਨਾਲ ਭੁਗਤ ਜਾਣਾ ਅਮਿਤ ਸ਼ਾਹ ਅਤੇ ਪਾਰਟੀ ਦੇ ਹੋਰ ਲੀਡਰਾਂ ਲਈ ਸੁਖਾਵੀਂ ਸਥਿਤੀ ਪੈਦਾ ਕਰਨ ਵਾਲਾ ਸੀ, ਪਰ ਇਸ ਜੋਸ਼ ਵਿੱਚ ਉਹ ਆਪਣੇ ਪੈਰਾਂ ਉੱਤੇ ਆਪ ਕਹੀ ਮਾਰ ਬੈਠੇ। ਜਿਨ੍ਹਾਂ ਦੋ ਕਾਂਗਰਸੀ ਵਿਧਾਇਕਾਂ ਨੇ ਭਾਜਪਾ ਨੂੰ ਵੋਟ ਪਾਈ, ਉਨ੍ਹਾਂ ਦੋਵਾਂ ਨੇ ਪਾਉਣ ਤੋਂ ਪਹਿਲਾਂ ਇਹ ਭਾਜਪਾ ਦੇ ਪ੍ਰਧਾਨ ਅਤੇ ਚੋਣ ਲੜ ਰਹੇ ਉਮੀਦਵਾਰ ਅਮਿਤ ਸ਼ਾਹ ਨੂੰ ਵੀ ਵਿਖਾ ਦਿੱਤੀ। ਇਹ ਗੱਲ ਉਨ੍ਹਾਂ ਲਈ ਘਾਟੇਵੰਦੀ ਸਾਬਤ ਹੋਣ ਦੇ ਨਾਲ ਕਾਂਗਰਸ ਦੀ ਵਿਗੜੀ ਖੇਡ ਸੰਵਾਰਨ ਵਾਲੀ ਸਾਬਤ ਹੋ ਗਈ। ਕਾਂਗਰਸ ਪਾਰਟੀ ਨੇ ਵੋਟ ਦੀ ਗੁਪਤਤਾ ਭੰਗ ਕਰਨ ਦਾ ਮੁੱਦਾ ਬਣਾ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ ਤੇ ਚੋਣ ਕਮਿਸ਼ਨ ਨੇ ਵੋਟਿੰਗ ਵੇਲੇ ਦੀ ਵੀਡੀਓ ਮੰਗਵਾਉਣ ਦੇ ਬਾਅਦ ਪੂਰੀ ਘੋਖ ਪਿੱਛੋਂ ਉਨ੍ਹਾਂ ਦੋਵਾਂ ਜਣਿਆਂ ਦੀ ਵੋਟ ਰੱਦ ਕਰ ਦਿੱਤੀ। ਸਿਰਫ਼ ਦੋ ਵੋਟਾਂ ਰੱਦ ਹੋਣ ਨਾਲ ਕੁੱਲ ਵੋਟਾਂ ਦੀ ਗਿਣਤੀ ਦੇ ਪੱਖੋਂ ਕਾਂਗਰਸ ਉਮੀਦਵਾਰ ਦੀ ਜਿੱਤ ਵਾਸਤੇ ਵੋਟਾਂ ਦੀ ਲੋੜ ਵੀ ਘਟ ਗਈ ਤੇ ਉਹ ਅੱਧੀ ਵੋਟ ਦੇ ਫ਼ਰਕ ਨਾਲ ਜਿੱਤਣ ਵਿੱਚ ਸਫ਼ਲ ਹੋ ਗਿਆ। ਭਾਜਪਾ ਲੀਡਰਸ਼ਿਪ ਦੀ ਸਾਰੀ ਸਿਆਸੀ ਤਿਕੜਮਬਾਜ਼ੀ ਧਰੀ ਰਹੀ ਤੇ ਉਹ ਆਪਣੀ ਜਿੱਤ ਦੇ ਵਹਿਮ ਵਿੱਚ ਆਖਰੀ ਪੜਾਅ ਉੱਤੇ ਖ਼ੁਦ ਹੀ ਆਪਣਾ ਨੁਕਸਾਨ ਕਰ ਬੈਠੇ ਤੇ ਕਾਂਗਰਸ ਦਾ ਫਾਇਦਾ ਕਰ ਦਿੱਤਾ।
ਸਥਿਤੀ ਦਾ ਦੂਸਰਾ ਪਾਸਾ ਇਹ ਹੈ ਕਿ ਅਸੀਂ ਇੱਕ ਲੋਕਤੰਤਰੀ ਦੇਸ਼ ਵਿੱਚ ਰਹਿੰਦੇ ਹਾਂ। ਲੋਕਤੰਤਰ ਵਿੱਚ ਜਿਹੜੀ ਧਿਰ ਨੇ ਰਾਜ ਕਰਨਾ ਹੈ, ਜਦੋਂ ਉਸ ਦੇ ਕੋਲ ਬਹੁ-ਸੰਮਤੀ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ ਤਾਂ ਇਹ ਵੀ ਇੱਕ ਤਰ੍ਹਾਂ ਜ਼ਰੂਰੀ ਸਮਝਿਆ ਜਾਂਦਾ ਹੈ ਕਿ ਹਰ ਸਦਨ ਵਿੱਚ ਮਜ਼ਬੂਤ ਵਿਰੋਧੀ ਧਿਰ ਮੌਜੂਦ ਹੋਵੇ। ਜਿੱਥੇ ਮਜ਼ਬੂਤ ਵਿਰੋਧੀ ਧਿਰ ਕਾਇਮ ਨਹੀਂ ਰਹਿੰਦੀ, ਓਥੇ ਰਾਜ ਕਰਨ ਵਾਲੀ ਧਿਰ ਨਿਯਮਾਂ-ਕਾਨੂੰਨਾਂ ਅਤੇ ਰਿਵਾਇਤਾਂ ਦੀ ਪਰਵਾਹ ਕਰਨਾ ਛੱਡ ਕੇ ਇਹੋ ਜਿਹੇ ਰਸਤੇ ਚੱਲ ਪੈਂਦੀ ਹੈ, ਜਿਹੜਾ ਲੋਕਤੰਤਰ ਲਈ ਅਤੇ ਖ਼ੁਦ ਉਸ ਧਿਰ ਦੇ ਲਈ ਵੀ ਭਲੇ ਵਾਲਾ ਨਹੀਂ ਹੁੰਦਾ। ਭਾਜਪਾ ਲੀਡਰਸ਼ਿਪ ਨੂੰ ਭਾਰਤੀ ਲੋਕਤੰਤਰ ਦੇ ਵਿੱਚ ਵਿਰੋਧੀ ਧਿਰ ਦੀ ਹੋਂਦ ਦੀ ਜ਼ਰੂਰਤ ਨੂੰ ਸਮਝਣ ਦੀ ਲੋੜ ਹੈ। ਆਪਣੀ ਚੜ੍ਹਤ ਦੇ ਦਿਨਾਂ ਵਿੱਚ ਜਿਹੜੇ ਕਾਂਗਰਸੀ ਆਗੂ ਵਿਰੋਧੀ ਧਿਰ ਨੂੰ ਰੋਲ ਦੇਣ ਦੀ ਨੀਤੀ ਉੱਤੇ ਚੱਲ ਰਹੇ ਸਨ, ਅੱਜ ਜਿਵੇਂ ਕੱਖੋਂ ਹੌਲੇ ਹੋਏ ਪਏ ਹਨ, ਉਨ੍ਹਾਂ ਦੇ ਹਸ਼ਰ ਤੋਂ ਅੱਜ ਦੀ ਹਾਕਮ ਧਿਰ ਨੂੰ ਵੀ ਕੁਝ ਸਬਕ ਸਿੱਖਣ ਦੀ ਲੋੜ ਹੈ। ਇਹ ਲੋਕਤੰਤਰ ਲਈ ਜ਼ਰੂਰੀ ਹੈ।