ਵਿਕਾਸ ਬਰਾਲਾ ਗ੍ਰਿਫਤਾਰ

ਨਵੀਂ ਦਿੱਲੀ,
(ਨਵਾਂ ਜ਼ਮਾਨਾ ਸਰਵਿਸ/ ਸੰਜੇ ਗਰਗ)
ਆਈ ਏ ਐੱਸ ਅਫਸਰ ਦੀ ਬੇਟੀ ਵਰਣਿਕਾ ਕੁੰਡੂ ਨਾਲ ਹੋਈ ਛੇੜਖਾਨੀ ਦੇ ਮੁਲਜ਼ਮ ਭਾਜਪਾ ਆਗੂ ਸੁਭਾਸ਼ ਬਰਾਲਾ ਦੇ ਲੜਕੇ ਵਿਕਾਸ ਬਰਾਲਾ ਅਤੇ ਉਸ ਦੇ ਦੋਸਤ ਆਸ਼ੀਸ਼ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਪੁਲਸ ਨੇ ਵਿਕਾਸ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਵਿਕਾਸ ਬੁੱਧਵਾਰ ਦੁਪਹਿਰ ਕਰੀਬ ਢਾਈ ਵਜੇ ਪੁਲਸ ਸਟੇਸ਼ਨ ਪਹੁੰਚਿਆ ਜਿੱਥੇ ਉਸ ਨੂੰ ਪੁੱਛਗਿੱਛ ਤੋਂ ਬਾਅਦ ਹਿਰਾਸਤ 'ਚ ਲੈ ਲਿਆ ਗਿਆ। ਵਿਕਾਸ ਬਰਾਲਾ ਖਿਲਾਫ ਅਗਵਾ ਦੀ ਕੋਸ਼ਿਸ਼ ਦੀਆਂ ਗੈਰ ਜ਼ਮਾਨਤੀ ਧਾਰਾਵਾਂ ਜੋੜੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਪੁਲਸ ਨੇ ਇਸ ਮਾਮਲੇ 'ਚ ਘਟਨਾ ਵਾਲੀ ਰਾਤ ਦੇ ਸੀ ਸੀ ਟੀ ਵੀ ਫੁਟੇਜ ਬਰਾਮਦ ਕੀਤੇ ਸਨ, ਜਿਨ੍ਹਾਂ 'ਚ ਵਿਕਾਸ ਬਰਾਲਾ ਵਰਣਿਕਾ ਦਾ ਪਿੱਛਾ ਕਰਦਿਆਂ ਨਜ਼ਰ ਆਇਆ ਸੀ।
ਇਸ ਤੋਂ ਪਹਿਲਾਂ ਵਿਕਾਸ ਦੇ ਪਿਤਾ ਅਤੇ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਨੇ ਇਸ ਮਾਮਲੇ ਨੂੰ ਲੈ ਕੇ ਬੁੱਧਵਾਰ ਨੂੰ ਪਹਿਲੀ ਵਾਰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਸੁਭਾਸ਼ ਬਰਾਲਾ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਵਿਕਾਸ ਪੁਲਸ ਨੂੰ ਜਾਂਚ 'ਚ ਪੂਰਾ ਸਹਿਯੋਗ ਦੇਵੇਗਾ ਅਤੇ ਜੇ ਉਹ ਜਾਂਚ ਦੌਰਾਨ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ 'ਤੇ ਕਾਨੂੰਨ ਡੱਟ ਕੇ ਕਾਰਵਾਈ ਕਰੇਗਾ। ਹਾਲਾਂਕਿ ਪ੍ਰੈੱਸ ਕਾਨਫਰੰਸ ਦੌਰਾਨ ਹੀ ਸੁਭਾਸ਼ ਬਰਾਲਾ ਨੂੰ ਉਹਨਾ ਦੇ ਲੜਕੇ ਵਿਕਾਸ ਦਾ ਫੋਨ ਆਇਆ ਤੇ ਉਹ ਕਾਨਫਰੰਸ ਅਧੂਰੀ ਛੱਡ ਕੇ ਵਿਚੋਂ ਹੀ ਉੱਠ ਕੇ ਚਲੇ ਗਏ।
ਪ੍ਰੈੱਸ ਕਾਨਫਰੰਸ 'ਚ ਸੁਭਾਸ਼ ਬਰਾਲਾ ਨੇ ਕਿਹਾ, ''ਅਸੀਂ ਇਸ ਮਾਮਲੇ 'ਚ ਕਿਸੇ ਤਰ੍ਹਾਂ ਦੀ ਰਾਜਨੀਤੀ ਨਹੀਂ ਕੀਤੀ, ਜਿਹੜੇ ਵੀ ਦੋਸ਼ ਲੱਗਣਗੇ, ਉਸੇ ਹਿਸਾਬ ਨਾਲ ਕਾਰਵਾਈ ਹੋਵੇ। ਵਰਣਿਕਾ ਕੁੰਡੂ ਮੇਰੀ ਧੀ ਬਰਾਬਰ ਹੈ, ਜੇ ਇਸ ਕੇਸ ਵਿੱਚ ਮੇਰੇ ਬੇਟੇ 'ਤੇ ਕੋਈ ਦੋਸ਼ ਲੱਗਦਾ ਹੈ ਤਾਂ ਕਾਨੂੰਨ ਡੱਟ ਕੇ ਕਾਰਵਾਈ ਕਰੇ। ਪੁਲਸ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਕਰ ਰਿਹਾ। ਪੂਰੀ ਮੁਸਤੈਦੀ ਨਾਲ ਕਾਰਵਾਈ ਹੋ ਰਹੀ ਹੈ।'' ਵਿਕਾਸ ਬਰਾਲਾ ਦੇ ਪੁਲਸ ਜਾਂਚ ਲਈ ਮਿਲੇ ਨੋਟਿਸ 'ਤੇ ਥਾਣੇ ਨਾ ਪਹੁੰਚਣ ਨੂੰ ਲੈ ਕੇ ਸੁਭਾਸ਼ ਨੇ ਕਿਹਾ, ''ਕੱਲ੍ਹ ਰਾਤ ਤੱਕ ਨੋਟਿਸ ਨਹੀਂ ਮਿਲਿਆ। ਵਿਕਾਸ ਚੰਡੀਗੜ੍ਹ ਤੋਂ ਬਾਹਰ ਸੀ, ਮੈਨੂੰ ਸਵੇਰੇ ਜਿਉਂ ਹੀ ਜਾਣਕਾਰੀ ਮਿਲੀ ਤਾਂ ਮੈਂ ਉਸ ਤੱਕ ਮੇਸੇਜ ਪਹੁੰਚਾਇਆ ਕਿ ਉਸ ਨੇ ਪੁਲਸ ਥਾਣੇ ਜਾਣਾ ਹੈ। ਹੁਣ ਉਹ ਪੁਲਸ ਦੇ ਕੋਲ ਪਹੁੰਚਣ ਵਾਲਾ ਹੈ। ਉਹ ਤਫਤੀਸ਼ 'ਚ ਪੂਰੀ ਤਰ੍ਹਾਂ ਸ਼ਾਮਲ ਹੋਏਗਾ।'' ਬਰਾਲਾ ਤੋਂ ਪਹਿਲਾਂ ਹਰਿਆਣਾ ਭਾਜਪਾ ਦੇ ਤਰਜਮਾਨ ਜਵਾਹਰ ਯਾਦਵ ਨੇ ਇਸ ਮਾਮਲੇ 'ਚ ਵਿਰੋਧੀ ਪਾਰਟੀਆਂ 'ਤੇ ਰਾਜਨੀਤੀ ਕਰਨ ਦਾ ਦੋਸ਼ ਲਾਇਆ। ਯਾਦਵ ਨੇ ਕਿਹਾ ਕਿ ਪੂਰੇ ਮਾਮਲੇ 'ਚ ਪੁਲਸ ਦੀ ਹੁਣ ਤੱਕ ਦੀ ਕਾਰਵਾਈ ਦੌਰਾਨ ਪੀੜਤ ਪੱਖ ਪੂਰੀ ਤਰ੍ਹਾਂ ਸੰਤੁਸ਼ਟ ਹੈ। ਕਿਹਾ ਜਾ ਰਿਹਾ ਹੈ ਕਿ ਭਾਜਪਾ ਦਬਾਅ ਬਣਾ ਰਹੀ ਹੈ, ਜਦ ਕਿ ਪੁਲਸ 'ਤੇ ਭਾਜਪਾ ਦੀ ਤਰਫੋਂ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਬਣਾਇਆ ਜਾ ਰਿਹਾ। ਜਵਾਹਰ ਯਾਦਵ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ 'ਤੇ ਹਮਲਾ ਬੋਲਿਆ।