ਜਿਨ੍ਹਾਂ ਭਾਰਤ ਛੱਡੋ ਅੰਦੋਲਨ ਦਾ ਵਿਰੋਧ ਕੀਤਾ ਸੀ, ਉਨ੍ਹਾਂ ਦਾ ਆਜ਼ਾਦੀ 'ਚ ਕੋਈ ਯੋਗਦਾਨ ਨਹੀਂ; ਸੋਨੀਆ

ਦਾ ਆਰ ਐੱਸ ਐੱਸ 'ਤੇ ਤਨਜ਼
ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)-ਭਾਰਤ ਛੱਡੋ ਅੰਦੋਲਨ ਦੇ 75 ਵਰ੍ਹੇ ਪੂਰੇ ਹੋਣ ਦੇ ਮੌਕੇ 'ਤੇ ਸੰਸਦ ਨੇ ਉਨ੍ਹਾ ਸ਼ਹੀਦਾਂ ਅਗੇ ਸਿਰ ਝੁਕਾਇਆ ਜਿਨ੍ਹਾਂ ਨੇ ਅਜ਼ਾਦੀ ਸੰਗਰਾਮ ਨੂੰ ਅਗਲੀ ਕਤਾਰ 'ਚ ਖੜੇ ਰਹਿ ਕੇ ਜਾਰੀ ਰੱਖਿਆ ਅਤੇ ਅਜ਼ਾਦੀ ਦਾ ਰਾਹ ਪੱਧਰਾ ਕੀਤਾ। ਇਸ ਮੌਕੇ ਬੋਲਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਰ ਐੱਸ ਐੱਸ ਨੂੰ ਨਿਸ਼ਾਨਾ ਬਣਾਇਆ। ਉਨ੍ਹਾ ਕਿਹਾ ਕਿ ਉਸ ਸਮੇਂ ਕਾਂਗਰਸ ਨੂੰ 'ਕਰੋ ਜਾਂ ਮਰੋ' ਦੀ ਸਹੁੰ ਚੁਕਾਈ ਗਈ ਸੀ। ਇਨ੍ਹਾਂ ਸ਼ਬਦਾਂ ਨੇ ਪੂਰੇ ਦੇਸ਼ ਨੂੰ ਉਤੇਜਿਤ ਕਰ ਦਿੱਤਾ ਸੀ। ਅੰਗਰੇੱਜ਼ ਸਰਕਾਰ ਨੇ ਕਾਂਗਰਸ ਦੇ ਬਹੁਤ ਸਾਰੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ। ਜਵਾਹਰ ਲਾਲ ਨਹਿਰੂ ਨੇ ਜੇਲ੍ਹ 'ਚ ਸਭ ਤੋਂ ਲੰਮਾ ਸਮਾਂ ਬਿਤਾਇਆ। ਕੁਝ ਕਾਂਗਰਸੀ ਵਰਕਰ ਤਾਂ ਬਿਮਾਰੀ ਦੀ ਵਜ੍ਹਾ ਕਾਰਨ ਜੇਲ੍ਹ ਤੋਂ ਬਾਹਰ ਹੀ ਨਹੀਂ ਆ ਸਕੇ। ਇਸ ਅੰਦੋਲਨ ਵਾਸਤੇ ਅਨੇਕਾਂ ਔਰਤਾਂ ਅਤੇ ਮਰਦਾਂ ਨੂੰ ਅੰਡਰ-ਗਰਾਊਂਡ ਰਹਿਣਾ ਪਿਆ। ਅੰਗਰੇਜ਼ਾਂ ਨੇ ਗੱਲ ਨਾ ਮੰਨਣ ਵਾਲਿਆਂ 'ਤੇ ਕੋੜੇ ਬਰਸਾਏ। ਔਰਤਾਂ 'ਤੇ ਜਬਰ ਕੀਤਾ ਅਤੇ ਬਰਫ ਦੀਆਂ ਸਿਲਾਂ 'ਤੇ ਲਿਟਾਇਆ, ਪਰ ਅਜ਼ਾਦੀ ਘੁਲਾਟੀਏ ਅੱਤਿਆਚਾਰ ਦੇ ਬਾਵਜੂਦ ਨਿਡਰ ਰਹੇ ਤੇ ਝੁਕੇ ਨਹੀਂ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਰਡ ਛੱਡੋ ਅੰਦੋਲਨ ਇੱਕ ਮਿਸਾਲ ਬਣ ਗਿਆ ਸੀ, ਪਰ ਇਸ ਵਾਸਤੇ ਅਣਗਿਣਤ ਕੁਰਬਾਨੀਆਂ ਦੇਣੀਆਂ ਪਈਆਂ। ਅੱਜ ਜਦੋਂ ਅਸੀਂ ਉਨ੍ਹਾਂ ਸ਼ਹੀਦਾਂ ਨੂੰ ਸਿਜਦਾ ਕਰ ਰਹੇ ਹਾਂ, ਜਿਹੜੇ ਅਜ਼ਾਦੀ ਸੰਗਰਾਮ 'ਚ ਸਭ ਤੋਂ ਅਗਲੀ ਕਤਾਰ 'ਚ ਰਹੇ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਈਆਂ ਨੇ ਭਾਰਤ ਛੱਡੋ ਅੰਦੋਲਨ ਦਾ ਵਿਰੋਧ ਵੀ ਕੀਤਾ ਸੀ ਅਤੇ ਉਨ੍ਹਾਂ ਦਾ ਸਾਡੇ ਦੇਸ਼ ਦੀ ਅਜ਼ਾਦੀ 'ਚ ਕੋਈ ਯੋਗਦਾਨ ਨਹੀਂ।
ਸੋਨੀਆ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਦੇਸ਼ 'ਚ ਹਨੇਰਵਾਦੀ ਸ਼ਕਤੀਆਂ ਤੇਜ਼ੀ ਨਾਲ ਉੱਭਰ ਰਹੀਆਂ ਹਨ। ਕਾਨੂੰਨ ਦੇ ਰਾਜ 'ਤੇ ਗੈਰ-ਕਾਨੂੰਨੀ ਸ਼ਕਤੀਆਂ ਹਾਵੀ ਹੋ ਰਹੀਆਂ ਹਨ। ਸੋਨੀਆ ਗਾਂਧੀ ਵੱਲੋਂ ਅਜਿਹਾ ਕਹਿਣ 'ਤੇ ਕੁਝ ਮੈਂਬਰਾਂ ਨੇ ਸ਼ੋਰ ਮਚਾਇਆ। ਸੋਨੀਆ ਨੇ ਅੱਗੇ ਕਿਹਾ, 'ਸ੍ਰੀਮਾਨ ਜੀ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ ਤਾਂ ਦੇਸ਼ਵਾਸੀਆਂ ਦੇ ਮਨ 'ਚ ਕਈ ਤਰ੍ਹਾਂ ਦਾ ਡਰ ਹੈ। ਇਹ ਅਹਿਸਾਸ ਗਹਿਰਾ ਹੁੰਦਾ ਜਾ ਰਿਹਾ ਹੈ ਕਿ ਕੀ ਹਨੇਰਵਾਦੀ ਸ਼ਕਤੀਆਂ ਸਾਡੇ ਵਿੱਚ ਫਿਰ ਤੇਜ਼ੀ ਨਾਲ ਉਭਰ ਨਹੀਂ ਰਹੀਆਂ ਹਨ? ਕਿ ਜਿੱਥੇ ਆਜ਼ਾਦੀ ਦਾ ਮਾਹੌਲ ਸੀ, ਉੱਥੇ ਡਰ ਨਹੀਂ ਫੈਲ ਰਿਹਾ ਹੈ? ਕੀ ਲੋਕਤੰਤਰ ਦੀ ਉਸ ਬੁਨਿਆਦ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਨਹੀਂ ਹੋ ਰਹੀ ਹੈ? ਇਹ ਦਿਨ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਭਾਰਤ ਦੇ ਵਿਚਾਰ ਨੂੰ ਇੱਕ ਤੰਗ ਮਾਨਸਿਕਤਾ ਵਾਲੇ ਫੁੱਟ ਅਤੇ ਫਿਰਕੂ ਸੋਚ ਦਾ ਕੈਦੀ ਨਾ ਬਨਣ ਦੇ ਸਕਦੇ ਹਨ, ਨਾ ਹੀ ਬਣਨ ਦੇਣਗੇ। ਇੰਝ ਲੱਗਦਾ ਹੈ ਕਿ ਨਫਰਤ ਦੀ ਰਾਜਨੀਤੀ ਦੇ ਬੱਦਲ ਹਰ ਪਾਸੇ ਛਾਏ ਹੋਏ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਤ੍ਰਿਣਮੂਲ ਕਾਂਗਰਸ ਦੇ ਨੇਤਾ ਸੁਖੇਂਦੂ ਸ਼ੇਖਰ ਨੇ ਵੀ ਬੀ ਜੇ ਪੀ 'ਤੇ ਹਮਲਾ ਬੋਲਿਆ। ਉਨ੍ਹਾ ਕਿਹਾ, 'ਸਾਨੂੰ ਦੁੱਖ ਹੈ ਕਿ ਉਸ ਸਮੇਂ ਕੁਝ ਵਿਸ਼ਵਾਸਘਾਤੀ ਅਤੇ ਮੀਰ ਜ਼ਾਫਰ ਸਨ, ਜਿਨ੍ਹਾਂ ਨੇ ਇਸ ਅੰਦੋਲਨ 'ਚ ਯੋਗਦਾਨ ਨਹੀਂ ਕੀਤਾ। ਉਹਨਾ ਅੰਗਰੇਜ਼ਾਂ ਦੇ ਨਿਰਦੇਸ਼ 'ਤੇ ਅਗਸਤ ਕ੍ਰਾਂਤੀ ਅੰਦੋਲਨ ਨੂੰ ਬਰਬਾਦ ਕਰਨ ਦਾ ਕੰਮ ਕੀਤਾ, ਅੱਜ ਵੀ ਸਾਡੇ ਦੇਸ਼ ਵਿੱਚ ਅਜਿਹੇ ਤੱਤ ਮੌਜੂਦ ਹਨ, ਜਿਸ ਕਾਰਨ ਸਾਡਾ ਭਾਈਚਾਰਾ ਸੰਕਟ 'ਚ ਪੈ ਗਿਆ ਹੈ। ਬੀ ਜੇ ਪੀ ਭਾਰਤ ਛੱਡੋ, ਕਿਉਂਕਿ ਬੀ ਜੇ ਪੀ ਵੀ ਅੰਗਰੇਜ਼ਾਂ ਦੀ ਤਰ੍ਹਾਂ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਅਪਣਾ ਰਹੀ ਹੈ।