ਜਨਤਾ ਦਲ ਯੂ ਤੋਂ ਸ਼ਰਦ ਯਾਦਵ ਦੀ ਵਿਦਾਇਗੀ ਤੈਅ


ਪਟਨਾ, (ਨਵਾਂ ਜ਼ਮਾਨਾ ਸਰਵਿਸ)
ਗੁਜਰਾਤ ਅਤੇ ਬਿਹਾਰ 'ਚ ਭਾਵੇਂ ਭੁਗੋਲਿਕ ਦੂਰੀ ਕਾਫੀ ਹੋਵੇ, ਪਰ ਹਾਲ ਹੀ ਦੇ ਸਾਲਾਂ 'ਚ ਦੋਹਾਂ ਸੂਬਿਆਂ 'ਚ ਹੋਣ ਵਾਲੇ ਸਿਆਸੀ ਉਤਰਾਅ-ਚੜਾਅ ਦਾ ਅਸਰ ਇੱਕ-ਦੂਸਰੇ ਸੂਬੇ 'ਤੇ ਕਾਫੀ ਪੈਂਦਾ ਹੈ। ਮੰਗਲਵਾਰ ਨੂੰ ਗੁਜਰਾਤ 'ਚ ਰਾਜ ਸਭਾ ਚੋਣ ਕੀ ਹੋਈ, ਇਸ ਦੇ ਨਤੀਜੇ ਦਾ ਸਿੱਧਾ ਅਸਰ ਬਿਹਾਰ ਦੀ ਸੱਤਾਧਾਰੀ ਪਾਰਟੀ ਜਨਤਾ ਦਲ ਯੂਨਾਈਟਿਡ (ਜਦਯੂ) 'ਤੇ ਹੋਣ ਲੱਗਾ ਹੈ। ਹੁਣ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਜਦਯੂ ਦੇ ਕੌਮੀ ਪ੍ਰਧਾਨ ਨਿਤੀਸ਼ ਕੁਮਾਰ ਦੇਰ-ਸਵੇਰ ਸ਼ਰਦ ਯਾਦਵ ਨੂੰ ਬਾਹਰ ਦਾ ਰਸਤਾ ਦਿਖਾ ਦੇਣਗੇ।
ਇਸ ਦਾ ਇੱਕ ਨਜ਼ਾਰਾ ਸਭ ਤੋਂ ਪਹਿਲਾਂ ਉਸ ਵੇਲੇ ਨਜ਼ਰ ਆਇਆ, ਜਦ ਪਾਰਟੀ ਦੇ ਜਨਰਲ ਸਕੱਤਰ ਅਰੁਣ ਸ੍ਰੀਵਾਸਤਵ ਨੂੰ ਇਸ ਅਧਾਰ 'ਤੇ ਮੁਅੱਤਲ ਕਰ ਦਿੱਤਾ ਗਿਆ ਕਿ ਉਹਨਾ ਪਾਰਟੀ ਦੇ ਕੌਮੀ ਪ੍ਰਧਾਨ ਨਿਤੀਸ਼ ਕੁਮਾਰ ਦੇ ਹੁਕਮ ਦੇ ਬਾਵਜੂਦ ਰਾਜ ਸਭਾ ਚੋਣ 'ਚ ਆਪਣੀ ਮਰਜ਼ੀ ਨਾਲ ਪੋਲਿੰਗ ਏਜੰਟ ਬਹਾਲ ਕਰ ਦਿੱਤਾ। ਅਰੁਣ ਸ਼ਰਦ ਯਾਦਵ ਦੇ ਕਰੀਬੀ ਹਨ, ਇਹ ਗੱਲ ਕਿਸੇ ਤੋਂ ਲੁਕੀ-ਛੁਪੀ ਨਹੀਂ।
ਰਾਜ ਸਭਾ ਚੋਣਾਂ 'ਚ ਨਿਤੀਸ਼ ਦੀਆਂ ਸਿਰ ਤੋੜ ਕੋਸ਼ਿਸ਼ਾਂ ਦੇ ਬਾਵਜੂਦ ਛੋਟੂ ਵਸਾਵਾ ਨੇ ਉਹਨਾ ਦੀ ਮਰਜ਼ੀ ਦੇ ਖਿਲਾਫ ਕਾਂਗਰਸ ਪਾਰਟੀ ਦੇ ਉਮੀਦਵਾਰ ਅਹਿਮਦ ਪਟੇਲ ਨੂੰ ਵੋਟ ਪਾਈ। ਵਸਾਵਾ ਨੇ ਵੋਟ ਦੇਣ ਤੋਂ ਬਾਅਦ ਆਪਣੇ ਮਨ ਦੀ ਗੱਲ ਰਾਹੀਂ ਨਿਤੀਸ਼ 'ਤੇ ਭੜਾਸ ਕੱਢੀ ਸੀ, ਜੋ ਨਿਸ਼ਚਿਤ ਰੂਪ ਨਾਲ ਨਾ ਨਿਤੀਸ਼, ਨਾ ਉਹਨਾ ਦੇ ਸਮੱਰਥਕਾਂ ਨੂੰ ਚੰਗੀ ਲੱਗੀ। ਨਿਤੀਸ਼ ਦੇ ਸਮੱਰਥਕ ਇਹ ਗੱਲ ਮੰਨ ਕੇ ਚੱਲ ਰਹੇ ਹਨ ਕਿ ਪਾਰਟੀ ਅਤੇ ਨਿਤੀਸ਼ ਦੀ ਫਜ਼ੀਹਤ ਸ਼ਰਦ ਯਾਦਵ ਦੇ ਇਸ਼ਾਰੇ 'ਤੇ ਹੋ ਰਹੀ ਹੈ, ਜੋ ਹੁਣ ਹਰ ਮੌਕੇ ਪਾਰਟੀ ਨਾਲੋਂ ਵੱਖਰਾ ਰਾਹ ਲੈ ਕੇ ਆਪਣੇ ਖਿਲਾਫ ਕਾਰਵਾਈ ਦੇ ਸਭ ਨੂੰ ਚੁਣੌਤੀ ਦੇ ਰਹੇ ਹਨ।
ਨਿਤੀਸ਼ ਕੁਮਾਰ ਦੇ ਭਾਜਪਾ ਨਾਲ ਗੱਠਜੋੜ ਕਰਨ ਤੋਂ ਬਾਅਦ ਸ਼ਰਦ ਯਾਦਵ ਪਹਿਲੀ ਵਾਰ ਵੀਰਵਾਰ ਨੂੰ ਪਟਨਾ ਆ ਰਹੇ ਹਨ। ਤਿੰਨ ਦਿਨਾਂ ਤੱਕ ਸੂਬੇ ਦੇ ਸੱਤ ਜ਼ਿਲ੍ਹਿਆਂ 'ਚ ਲੋਕਾਂ ਨਾਲ ਸਿੱਧਾ ਸੰਵਾਦ ਪ੍ਰੋਗਰਾਮ ਜ਼ਰੀਏ ਉਹ ਦੋ ਦਰਜਨ ਤੋਂ ਵੱਧ ਥਾਵਾਂ 'ਤੇ ਲੋਕਾਂ ਨੂੰ ਮਿਲਣਗੇ। ਜਦਯੂ ਦੀ ਬਿਹਾਰ ਇਕਾਈ ਦੇ ਪ੍ਰਧਾਨ ਵਸ਼ਿਸ਼ਟ ਨਰਾਇਣ ਸਿੰਘ ਨੇ ਸਾਫ ਕਰ ਦਿੱਤਾ ਹੈ ਕਿ ਪਾਰਟੀ ਦਾ ਉਹਨਾ ਦੇ ਇਸ ਪ੍ਰੋਗਰਾਮ ਨਾਲ ਕੋਈ ਲੈਣ-ਦੇਣ ਨਹੀਂ ਹੈ। ਉਹਨਾ ਦੇ ਇਸ ਦੌਰੇ ਨੂੰ ਪਾਰਟੀ ਖਿਲਾਫ ਦੱਸਦਿਆਂ ਵੀ ਐੱਨ ਸਿੰਘ ਨੇ ਸਪੱਸ਼ਟ ਕਰ ਦਿੱਤਾ ਕਿ ਜੇ ਉਹਨਾ ਦੀਆਂ ਇਹ ਸਰਗਰਮੀਆਂ ਜਾਰੀ ਰਹੀਆਂ ਤਾਂ ਪਾਰਟੀ ਭਵਿੱਖ 'ਚ ਕੋਈ ਵੀ ਫੈਸਲਾ ਲੈ ਸਕਦੀ ਹੈ। ਇਸ ਦਾ ਮਤਲਬ ਸਾਫ ਹੈ ਕਿ ਨਿਤੀਸ਼ ਨੇ ਦੇਰ ਸਵੇਰ ਹੁਣ ਸ਼ਰਦ ਯਾਦਵ ਨਾਲੋਂ ਸੰਬੰਧ ਤੋੜਣ ਦਾ ਮਨ ਬਣਾ ਲਿਆ ਹੈ।
ਸ਼ਰਦ ਪਾਰਟੀ ਛੱਡਣਗੇ ਜਾਂ ਪਾਰਟੀ ਉਹਨਾ ਖਿਲਾਫ ਕਾਰਵਾਈ ਕਰਕੇ ਉਹਨਾ ਨੂੰ ਮੁਅੱਤਲ ਕਰੇਗੀ, ਇਹ ਗੱਲ ਇਸ 'ਤੇ ਨਿਰਭਰ ਕਰਦੀ ਹੈ ਕਿ ਨਿਤੀਸ਼ ਕੁਮਾਰ ਸ਼ਰਦ ਯਾਦਵ ਦੀ ਰਾਜ ਸਭਾ ਦੀ ਮੈਂਬਰੀ 'ਤੇ ਕਿੰਨਾ ਉਦਾਰ ਨਜ਼ਰੀਆ ਰੱਖਦੇ ਹਨ। ਜੇ ਨਿਤੀਸ਼ ਪੁਰਾਣੇ ਸੰਬੰਧਾਂ ਦੇ ਮੱਦੇਨਜ਼ਰ ਸ਼ਰਦ ਯਾਦਵ ਦੇ ਖਿਲਾਫ ਮੁਅੱਤਲੀ ਦੀ ਕਾਰਵਾਈ ਕਰਦੇ ਹਨ ਤਾਂ ਸ਼ਰਦ ਰਾਜ ਸਭਾ ਦੇ ਮੈਂਬਰ ਬਣੇ ਰਹਿ ਸਕਦੇ ਹਨ। ਦੂਸਰੇ ਪਾਸੇ ਕਿਸੇ ਮੁੱਦੇ 'ਤੇ ਪਾਰਟੀ ਵ੍ਹਿਪ ਦੀ ਉਲੰਘਣਾ ਕਰਨ ਦੀ ਜੇ ਨਿਤੀਸ਼ ਉਡੀਕ ਕਰ ਰਹੇ ਹਨ ਤਾਂ ਸ਼ਰਦ ਦੀ ਮੈਂਬਰੀ ਜਾ ਸਕਦੀ ਹੈ, ਪਰ ਸ਼ਰਦ ਦੀ ਬਿਹਾਰ 'ਚ ਆਉਣ ਵਾਲੇ ਦਿਨਾਂ 'ਚ ਰਾਜਨੀਤੀ ਹੁਣ ਲਾਲੂ ਯਾਦਵ ਦੇ ਸਹਾਰੇ ਹੋਵੇਗੀ। ਹਾਲਾਂਕਿ ਸ਼ਰਦ ਯਾਦਵ ਨੇ ਲਾਲੂ ਯਾਦਵ ਤੋਂ ਵੀਹ ਸਾਲ ਪਹਿਲਾਂ ਚਾਰਾ ਸਕੈਂਡਲ 'ਚ ਨਾਂਅ ਆਉਣ 'ਤੇ ਉਹਨਾ ਦੇ ਅਸਤੀਫੇ ਦੀ ਮੰਗ ਕਰਕੇ ਉਹਨਾ ਨੂੰ ਵੱਖਰਾ ਰਾਸ਼ਟਰੀ ਜਨਤਾ ਦਲ ਬਣਾਉਣ ਲਈ ਮਜਬੂਰ ਕੀਤਾ ਸੀ।