ਬੇਲੋੜਾ ਬਾਤ ਦਾ ਬਤੰਗੜ ਬਣਾਇਆ ਗਿਆ


ਭਾਰਤ ਦੇ ਉੱਪ ਰਾਸ਼ਟਰਪਤੀ ਵਜੋਂ ਦਸ ਸਾਲ ਤੱਕ ਸੇਵਾ ਨਿਭਾਉਣ ਦੇ ਬਾਅਦ ਹਾਮਿਦ ਅਨਸਾਰੀ ਰਿਟਾਇਰ ਹੋ ਗਏ ਅਤੇ ਨਵੇਂ ਚੁਣੇ ਗਏ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅਹੁਦਾ ਸੰਭਾਲ ਲਿਆ ਹੈ। ਆਮ ਕਰ ਕੇ ਇਹੋ ਜਿਹੇ ਮੌਕੇ ਕਿਸੇ ਕੁੜੱਤਣ ਵਾਲੀ ਗੱਲ ਤੋਂ ਜਾਣ ਵਾਲਾ ਵੀ ਤੇ ਉਸ ਦੀ ਥਾਂ ਨਵਾਂ ਆਉਣ ਵਾਲਾ ਵੀ ਪਰਹੇਜ਼ ਕਰਦਾ ਹੈ ਤੇ ਉਹ ਹੀ ਨਹੀਂ, ਦੂਸਰੇ ਲੋਕ ਵੀ ਏਦਾਂ ਦੇ ਮੌਕੇ ਕੁੜੱਤਣ ਪੈਦਾ ਕਰਨ ਤੋਂ ਝਿਜਕਦੇ ਹਨ। ਹਾਮਿਦ ਅਨਸਾਰੀ ਦੇ ਮਾਮਲੇ ਵਿੱਚ ਉਲਟੀ ਗੱਲ ਹੋਈ ਹੈ। ਉਨ੍ਹਾ ਦੇ ਭਾਸ਼ਣ ਦੇ ਨੁਕਤਿਆਂ ਨੂੰ ਕੁੜੱਤਣ ਦਾ ਮੁੱਦਾ ਬਣਾ ਦਿੱਤਾ ਗਿਆ ਹੈ। ਅਸਲ ਵਿੱਚ ਜਿੱਦਾਂ ਦੀ ਗੱਲ ਉਨ੍ਹਾ ਨੇ ਕਹੀ ਸੀ, ਉਸ ਨੂੰ ਪ੍ਰਸੰਗ ਨਾਲੋਂ ਕੱਟ ਕੇ ਮੀਡੀਏ ਨੇ ਵੀ ਪੇਸ਼ ਕੀਤਾ ਤੇ ਸਿਆਸੀ ਲੀਡਰਾਂ ਨੇ ਵੀ ਆਪਣੀ ਲੋੜ ਦੇ ਹਿਸਾਬ ਨਾਲ ਉਸ ਦੇ ਹਵਾਲੇ ਦੇਣ ਜਾਂ ਸੰਕੇਤਕ ਟਿੱਪਣੀ ਕਰਨ ਨਾਲ ਏਦਾਂ ਦਾ ਮਾਹੌਲ ਬਣਾ ਦਿੱਤਾ ਕਿ ਜਿੱਦਾਂ ਦਾ ਸਿਆਸੀ ਵਾਤਾਵਰਣ ਪਹਿਲਾਂ ਬਣਿਆ ਪਿਆ ਸੀ, ਉਸ ਵਿੱਚ ਹੋਰ ਵਾਧਾ ਹੋਣ ਦੀ ਗੁੰਜਾਇਸ਼ ਬਣ ਸਕਦੀ ਹੈ।
ਮੀਡੀਏ ਦੇ ਇੱਕ ਹਿੱਸੇ ਨੇ ਇਸ ਗੱਲ ਨੂੰ ਖ਼ਬਰ ਦੇ ਸਿਰਲੇਖ ਲਈ ਵਰਤਿਆ ਹੈ ਕਿ ਹਾਮਿਦ ਅਨਸਾਰੀ ਨੇ ਕੱਲ੍ਹ ਦੇਸ਼ ਦੇ ਉੱਪ ਰਾਸ਼ਟਰਪਤੀ ਦਾ ਅਹੁਦਾ ਛੱਡਣ ਵੇਲੇ ਆਖਿਆ ਸੀ ਕਿ ਆਲੋਚਨਾ ਦੀ ਇਜਾਜ਼ਤ ਨਾ ਦਿੱਤੀ ਜਾਵੇ ਤਾਂ ਦੇਸ਼ ਲੋਕਤੰਤਰ ਦੀ ਬਜਾਏ ਤਾਨਾਸ਼ਾਹੀ ਵੱਲ ਵਧ ਸਕਦਾ ਹੈ। ਇਹ ਗੱਲ ਬਿਲਕੁਲ ਸੱਚੀ ਹੈ, ਉਨ੍ਹਾ ਨੇ ਇਹ ਕਹੀ ਸੀ ਤੇ ਸਿਰਫ਼ ਏਨੀ ਹੀ ਨਹੀਂ ਸੀ ਕਹੀ। ਉਨ੍ਹਾ ਨੇ ਦੋ ਗੱਲਾਂ ਜੋੜ ਕੇ ਕਹੀਆਂ ਸਨ। ਇੱਕ ਗੱਲ ਇਹ ਕਹੀ ਕਿ ਆਲੋਚਨਾ ਦੀ ਆਗਿਆ ਨਾ ਦਿੱਤੀ ਜਾਵੇ ਤਾਂ ਦੇਸ਼ ਲੋਕਤੰਤਰ ਦੀ ਬਜਾਏ ਤਾਨਾਸ਼ਾਹੀ ਵੱਲ ਵਧ ਸਕਦਾ ਹੈ, ਜਿਹੜੀ ਹਾਕਮ ਗੱਠਜੋੜ ਨੂੰ ਚੁਭਣ ਤੋਂ ਨਹੀਂ ਰਹਿਣੀ ਸੀ, ਪਰ ਨਾਲ ਵਿਰੋਧੀ ਧਿਰ ਨੂੰ ਜੋ ਕੁਝ ਕਿਹਾ ਸੀ, ਉਹ ਦੱਬ ਕੇ ਰਹਿ ਗਿਆ। ਹਾਮਿਦ ਅਨਸਾਰੀ ਨੇ ਇਸ ਗੱਲ ਦੇ ਨਾਲ ਹੀ ਇਹ ਕਿਹਾ ਸੀ ਕਿ ਲੋਕਤੰਤਰ ਵਿੱਚ ਇਹ ਕੋਈ ਚੰਗੀ ਗੱਲ ਨਹੀਂ ਕਿ ਲੋਕਾਂ ਦੇ ਹਿੱਤਾਂ ਲਈ ਵਿਚਾਰ ਕਰਨ ਦਾ ਸਮਾਂ ਹੰਗਾਮੇ ਵਿੱਚ ਖ਼ਰਾਬ ਕੀਤਾ ਜਾਵੇ। ਇਹ ਚੋਟ ਸਿੱਧੇ ਤੌਰ ਉੱਤੇ ਵਿਰੋਧੀ ਧਿਰਾਂ ਉੱਤੇ ਸੀ। ਸਰਕਾਰ ਚਲਾ ਰਹੀ ਧਿਰ ਇਸ ਨੂੰ ਅੱਖੋਂ ਪਰੋਖਾ ਕਰ ਕੇ ਪਹਿਲੀ ਗੱਲ ਨੂੰ ਮੀਡੀਆ ਵੱਲੋਂ ਸਿਰਲੇਖ ਬਣਾਏ ਜਾਣ ਵਾਂਗ ਆਪਣੇ ਉੱਤੇ ਸੱਟ ਵੱਜੀ ਮੰਨ ਕੇ ਕੌੜ ਨਾਲ ਭਰ ਗਈ ਤੇ ਅਗਲਾ ਇੱਕ ਹੋਰ ਮੁੱਦਾ ਇਸ ਵਿੱਚ ਹੋਰ ਵੀ ਕੌੜਾ ਹਿੱਸਾ ਪਾ ਗਿਆ।
ਭਾਸ਼ਣ ਦਾ ਦੂਸਰਾ ਹਿੱਸਾ ਦੇਸ਼ ਵਿਚਲੀਆਂ ਘੱਟ ਗਿਣਤੀਆਂ ਬਾਰੇ ਸੀ। ਜਿਹੜੀ ਗੱਲ ਉਨ੍ਹਾ ਨੇ ਪਾਰਲੀਮੈਂਟ ਵਿੱਚ ਆਖੀ, ਉਹੋ ਗੱਲ ਇੱਕ ਹੋਰ ਤਰ੍ਹਾਂ ਇਸ ਤੋਂ ਵੀ ਸਖ਼ਤ ਭਾਸ਼ਾ ਵਿੱਚ ਇੱਕ ਦਿਨ ਪਹਿਲਾਂ ਇੱਕ ਸਰਕਾਰੀ ਕੰਟਰੋਲ ਵਾਲੇ ਟੀ ਵੀ ਚੈਨਲ ਉੱਤੇ ਕਹੀ ਸੀ। ਉਨ੍ਹਾ ਨੇ ਕਿਹਾ ਸੀ ਕਿ ਦੇਸ਼ ਵਿੱਚ ਮੁਸਲਮਾਨਾਂ ਵਿੱਚ ਅਸੁਰੱਖਿਆ ਦੀ ਭਾਵਨਾ ਹੈ। ਰਾਜ ਸਭਾ ਵਿੱਚ ਦਿੱਤੇ ਭਾਸ਼ਣ ਵਿੱਚ ਉਨ੍ਹਾ ਨੇ ਘੱਟ ਗਿਣਤੀਆਂ ਦਾ ਹਵਾਲਾ ਦੇਂਦੇ ਹੋਏ ਇਹੋ ਗੱਲ ਕਹੀ ਅਤੇ ਹਾਕਮ ਗੱਠਜੋੜ ਨੂੰ ਇਹ ਵੀ ਬੁਰੀ ਲੱਗੀ ਹੈ। ਹਾਕਮ ਗੱਠਜੋੜ ਨੂੰ ਇਸ ਤੋਂ ਅਗਲੀ ਗੱਲ ਫਿਰ ਸੁਣਨੀ ਚਾਹੀਦੀ ਹੈ। ਹਾਮਿਦ ਅਨਸਾਰੀ ਨੇ ਇਸੇ ਹੀ ਭਾਸ਼ਣ ਵਿੱਚ ਅਗਲੀ ਗੱਲ ਘੱਟ ਗਿਣਤੀਆਂ ਨੂੰ ਸਮਝਾਉਣ ਵਾਸਤੇ ਕਹੀ ਸੀ ਕਿ ਜੇ ਘੱਟ ਗਿਣਤੀਆਂ ਦੇ ਕੁਝ ਹੱਕ ਚਾਹੀਦੇ ਹਨ ਤਾਂ ਉਨ੍ਹਾਂ ਦੇ ਜ਼ਿੰਮੇ ਕੁਝ ਫਰਜ਼ ਤੇ ਜ਼ਿੰਮੇਵਾਰੀਆਂ ਵੀ ਹਨ ਤੇ ਉਨ੍ਹਾਂ ਦਾ ਖ਼ਿਆਲ ਰੱਖਣ ਦੀ ਲੋੜ ਹੈ। ਇਸ ਵਿੱਚ ਬੁਰੀ ਗੱਲ ਕਿਹੜੀ ਕਹੀ ਗਈ, ਇਸ ਬਾਰੇ ਸਿਰਫ਼ ਹਾਕਮ ਗੱਠਜੋੜ ਦੇ ਲੋਕ ਜਾਣਦੇ ਹਨ। ਉਨ੍ਹਾਂ ਨੇ ਇਸ ਦੇ ਵਿਰੋਧ ਵਾਲਾ ਰਾਹ ਫੜ ਲਿਆ ਹੈ। ਵੱਖੋ-ਵੱਖ ਢੰਗਾਂ ਨਾਲ ਉਨ੍ਹਾ ਬਾਰੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਇਹ ਸਾਰਾ ਕੁਝ ਸਗੋਂ ਉਸ ਸੇਵਾ ਮੁਕਤ ਹੋ ਰਹੇ ਆਗੂ ਦੇ ਸ਼ਬਦਾਂ ਦੀ ਪ੍ਰੋੜ੍ਹਤਾ ਕਰਦਾ ਹੈ ਕਿ ਏਥੇ ਆਲੋਚਨਾ ਕਰਨ ਦੀ ਆਗਿਆ ਨਾ ਦਿੱਤੀ ਗਈ ਤਾਂ ਦੇਸ਼ ਲੋਕਤੰਤਰੀ ਲੀਹ ਛੱਡ ਕੇ ਤਾਨਾਸ਼ਾਹੀ ਵੱਲ ਵਧ ਸਕਦਾ ਹੈ। ਭਾਰਤ ਸਰਕਾਰ ਨਾਲ ਜੁੜੇ ਹੋਏ ਕੁਝ ਲੋਕ ਜਿੱਦਾਂ ਦਾ ਵਿਹਾਰ ਕਰਦੇ ਹਨ, ਉਸ ਤੋਂ ਲੋਕਤੰਤਰ ਦੇ ਹਮਾਇਤੀਆਂ ਦੇ ਮਨਾਂ ਵਿੱਚ ਸ਼ੰਕੇ ਵਧ ਰਹੇ ਹਨ।
ਇਸ ਮੌਕੇ ਇਹ ਗੱਲ ਯਾਦ ਕਰਾਈ ਜਾ ਸਕਦੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਹਿਲੀ ਵਾਰੀ ਦੇਸ਼ ਭਰ ਵਿੱਚ ਯੋਗਾ ਦਿਵਸ ਮਨਾਇਆ ਗਿਆ ਸੀ, ਓਦੋਂ ਵੀ ਉੱਪ ਰਾਸ਼ਟਰਪਤੀ ਦੇ ਓਥੇ ਨਾ ਆਉਣ ਬਾਰੇ ਟਿੱਪਣੀ ਕਰਨ ਲਈ ਉਨ੍ਹਾ ਦੇ ਧਰਮ ਵੱਲ ਇਸ਼ਾਰਾ ਕੀਤਾ ਗਿਆ ਸੀ। ਬਾਅਦ ਵਿੱਚ ਜਦੋਂ ਹਰ ਪਾਸੇ ਇਸ ਦੀ ਨਿੰਦਾ ਹੋਈ ਤਾਂ ਭਾਜਪਾ ਅਤੇ ਸਰਕਾਰ ਦੋਵਾਂ ਨੇ ਇਸ ਟਿੱਪਣੀ ਨੂੰ ਸੰਬੰਧਤ ਆਗੂ ਦੇ ਨਿੱਜੀ ਵਿਚਾਰ ਕਹਿਣ ਦੇ ਨਾਲ ਇਹ ਵੀ ਕਿਹਾ ਸੀ ਕਿ ਜਿੱਥੇ ਪ੍ਰਧਾਨ ਮੰਤਰੀ ਨੇ ਅਗਵਾਈ ਕਰਨੀ ਹੋਵੇ, ਸੰਵਿਧਾਨਕ ਪੱਖੋਂ ਉੱਚਾ ਅਹੁਦਾ ਹੋਣ ਕਾਰਨ ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਨੂੰ ਓਥੇ ਸੱਦਿਆ ਹੀ ਨਹੀਂ ਜਾਂਦਾ ਤੇ ਯੋਗਾ ਦਿਵਸ ਵਾਸਤੇ ਵੀ ਉਨ੍ਹਾ ਨੂੰ ਸੱਦਾ ਹੀ ਨਹੀਂ ਸੀ ਦਿੱਤਾ ਗਿਆ।
ਇਸ ਵਾਰੀ ਫਿਰ ਛੋਟੀ ਜਿਹੀ ਅਤੇ ਬੜੀ ਚੁਣ ਕੇ ਵਰਤੇ ਸ਼ਬਦਾਂ ਨਾਲ ਕਹੀ ਗਈ ਗੱਲ ਨੂੰ ਵਿਵਾਦ ਦਾ ਮਾਮਲਾ ਬਣਾ ਕੇ ਐਵੇਂ 'ਬਾਤ ਦਾ ਬਤੰਗੜ'’ ਬਣਾਇਆ ਗਿਆ ਹੈ। ਇਹ ਚੰਗੀ ਗੱਲ ਨਹੀਂ ਹੋਈ।