ਸ਼ਰਦ ਯਾਦਵ ਦੇ ਮੁੱਦੇ 'ਤੇ ਨਿਤੀਸ਼ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਗੁਜਰਾਤ ਰਾਜ ਸਭਾ ਚੋਣ 'ਚ ਮੁਸ਼ਕਲ ਲੜਾਈ ਜਿੱਤਣ ਬਾਅਦ, ਜਿੱਥੇ ਕਾਂਗਰਸ ਨੇ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਦਾ ਯਤਨ ਕਰ ਰਹੀ ਹੈ, ਉਥੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਬਾਅਦ ਨਿਤੀਸ਼ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਮਿਲ ਕੇ ਵਿਕਾਸ ਦੇ ਮੁੱਦੇ 'ਤੇ ਗੱਲ ਕੀਤੀ ਹੈ। ਸ਼ਰਦ ਯਾਦਵ ਦੇ ਮਾਮਲੇ 'ਚ ਉਨ੍ਹਾ ਕਿਹਾ ਕਿ ਪਾਰਟੀ ਨੇ ਸਾਰੇ ਫ਼ੈਸਲੇ ਸਰਬ-ਸੰਮਤੀ ਨਾਲ ਲਏ ਹਨ। ਸ਼ਰਦ ਯਾਦਵ ਆਪਣਾ ਫ਼ੈਸਲਾ ਲੈ ਸਕਦੇ ਹਨ। ਇਸ ਦੇ ਨਾਲ ਹੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਨਿਤੀਸ਼ ਕੁਮਾਰ ਨੂੰ ਆਪਣੇ ਘਰ ਬੁਲਾਇਆ ਹੈ। ਸ਼ਾਹ ਅਤੇ ਨਿਤੀਸ਼ ਦੀ ਮੁਲਾਕਾਤ ਨੂੰ ਲੋਕ ਬਿਹਾਰ ਦੀ ਸਿਆਸਤ 'ਚ ਨਵੀਂ ਰਣਨੀਤੀ ਦੇ ਤੌਰ 'ਤੇ ਦੇਖ ਰਹੇ ਹਨ। ਉਥੇ ਵਿਰੋਧੀ ਧਿਰ ਦੀ ਏਕਤਾ 'ਤੇ ਜੇ ਡੀ ਯੂ ਜਨਰਲ ਸਕੱਤਰ ਕੇ ਸੀ ਤਿਆਗੀ ਨੇ ਸੋਨੀਆ ਗਾਂਧੀ 'ਤੇ ਜੰਮ ਕੇ ਹਮਲਾ ਬੋਲਿਆ। ਤਿਆਗੀ ਨੇ ਕਿਹਾ ਕਿ ਵਿਰੋਧੀ ਧਿਰ ਦੀ ਬੈਠਕ 'ਚ ਜੇ ਡੀ ਯੂ ਨੂੰ ਬੁਲਾ ਕੇ ਸੋਨੀਆ ਗਾਂਧੀ ਸਾਡੀ ਪਾਰਟੀ 'ਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਗੌਰਤਲਬ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ 'ਚ 18 ਵਿਰੋਧੀ ਦਲਾਂ ਦੀ ਬੈਠਕ ਨਵੀਂ ਦਿੱਲੀ 'ਚ ਬੁਲਾਈ ਗਈ ਹੈ। ਸ਼ਰਦ ਯਾਦਵ ਨੂੰ ਵੀ ਵਿਰੋਧੀ ਨੇਤਾ ਦੇ ਤੌਰ 'ਤੇ ਬੈਠਕ ਲਈ ਸੱਦਾ ਭੇਜਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਸ਼ਰਦ ਦੇ ਕਰੀਬੀ ਰਾਜ ਸਭਾ ਸਾਂਸਦ ਅਲੀ ਅਨਵਰ ਇਸ ਬੈਠਕ 'ਚ ਹਿੱਸਾ ਲੈਣਗੇ। ਇਸ 'ਤੇ ਬਿਹਾਰ ਜੇ ਡੀ ਯੂ ਸੂਬਾ ਪ੍ਰਧਾਨ ਵਸ਼ਿਸ਼ਠ ਨਾਰਾਇਣ ਸਿੰਘ ਨੇ ਕਿਹਾ ਹੈ ਕਿ ਅਲੀ ਅਨਵਰ ਦੇ ਸਟੈਂਡ ਬਾਰੇ 'ਚ ਪਤਾ ਹੈ, ਉਹ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਲਿਪਤ ਹੈ। ਪਾਰਟੀ ਦੇ ਫ਼ੈਸਲੇ ਖ਼ਿਲਾਫ਼ ਜਾਣ ਵਾਲੇ ਲੋਕਾਂ 'ਤੇ ਕਾਰਵਾਈ ਹੋਵੇਗੀ। ਉਧਰ ਬਿਹਾਰ 'ਚ ਆਪਣੇ ਤਿੰਨ ਰੋਜ਼ਾ ਜਨਸੰਵਾਦ ਪ੍ਰੋਗਰਾਮ 'ਚ ਸ਼ਰਦ ਯਾਦਵ ਇਕੱਲੇ ਦਿਖਾਈ ਦੇ ਰਹੇ ਹਨ। ਇਸ ਮਾਮਲੇ 'ਤੇ ਉਨ੍ਹਾ ਦੇ ਬੇਹੱਦ ਕਰੀਬੀ ਰਹੇ ਕੇ ਸੀ ਤਿਆਗੀ ਨੇ ਵੀ ਦੂਰੀ ਬਣਾ ਲਈ ਹੈ। ਕੇ ਸੀ ਤਿਆਗੀ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼ਰਦ ਯਾਦਵ ਨੇ ਜੋ ਰਸਤਾ ਅਪਣਾਇਆ ਹੈ, ਉਹ ਆਰ ਜੇ ਡੀ ਵੱਲ ਜਾਂਦਾ ਹੈ।