ਪੁਲਸ 'ਤੇ ਕੀਤੀ ਫਾਇਰਿੰਗ ਦੌਰਾਨ ਮਸ਼ਹੂਰ ਗੈਂਗਸਟਰ ਗਗਨਦੀਪ ਕਾਬੂ, ਤਿੰਨ ਸਾਥੀ ਭੱਜਣ 'ਚ ਕਾਮਯਾਬ


ਚੋਹਲਾ ਸਾਹਿਬ (ਰਾਕੇਸ਼ ਨਈਅਰ, ਰਮਨ ਚੱਢਾ, ਪਵਨ ਦੇਵਗਨ)
ਪੁਲਸ ਥਾਣਾ ਚੋਹਲਾ ਸਾਹਿਬ ਦੀ ਪੁਲਸ ਪਾਰਟੀ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਗੱਡੀ ਵਿੱਚ ਘੁੰਮ ਰਹੇ ਮਸ਼ਹੂਰ ਗੈਂਗਸਟਰ ਗਗਨਦੀਪ ਸਿੰਘ ਤੇ ਸਾਥੀਆਂ ਦਾ ਪੁਲਸ ਵੱਲੋਂ ਪਿੱਛਾ ਕਰਦਿਆਂ ਪੁਲਸ 'ਤੇ ਕੀਤੀ ਫਾਇਰਿੰਗ ਦੌਰਾਨ ਪੁਲਸ ਨੇ ਦਲੇਰਾਨਾ ਕਾਰਵਾਈ ਕਰਦਿਆਂ ਗੈਂਗਸਟਰ ਗਗਨਦੀਪ ਸਿੰਘ ਨੂੰ ਕਾਬੂ ਕਰ ਲਿਆ, ਜਦਕਿ ਉਸ ਦੇ ਤਿੰਨ ਹੋਰ ਸਾਥੀ ਹਨੇਰੇ ਦਾ ਫਾਇਦਾ ਲੈਂਦੇ ਹੋਏ ਭੱਜਣ ਵਿੱਚ ਕਾਮਯਾਬ ਹੋ ਗਏ, ਜਿਨ੍ਹਾਂ ਨੂੰ ਫੜਨ ਲਈ ਪੁਲਸ ਪਾਰਟੀ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ। ਫੜੇ ਗਏ ਗੈਂਗਸਟਰ ਦੇ ਕਬਜ਼ੇ ਵਿਚੋਂ 300 ਗ੍ਰਾਮ ਹੈਰੋਇਨ, 12 ਬੋਰ ਰਾਇਫਲ, 5 ਜ਼ਿੰਦਾ ਕਾਰਤੂਸ ਅਤੇ ਵਾਰਦਾਤ ਵਿੱਚ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਅੱਜ ਪੁਲਸ ਥਾਣਾ ਚੋਹਲਾ ਸਾਹਿਬ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਸਬ ਡਵੀਜ਼ਨਲ ਗੋਇੰਦਵਾਲ ਸਾਹਿਬ ਦੇ ਡੀ.ਐਸ.ਪੀ.ਸਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਐਸ.ਪੀ.ਦਰਸ਼ਨ ਸਿੰਘ ਮਾਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਐਸ.ਐਚ.ਓ ਚੋਹਲਾ ਸਾਹਿਬ ਸੁਖਰਾਜ ਸਿੰਘ ਗੰਡੀਵਿੰਡ ਵੱਲੋਂ ਸਮੇਤ ਪੁਲਸ ਪਾਰਟੀ ਪੁਲ ਸੂਆ ਧੁੰਨ ਵਿਖੇ ਨਾਕਾਬੰਦੀ ਕੀਤੀ ਗਈ ਸੀ ਕਿ ਇੱਕ ਚਿੱਟੇ ਰੰਗ ਦੀ ਕਾਰ ਨੰਬਰ ਪੀ.ਬੀ.08 ਸੀ.ਕੇ 5311 ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਵਿਚ ਸਵਾਰ ਚਾਰ ਨੌਜਵਾਨਾਂ ਨੇ ਕਾਰ ਨੂੰ ਰੋਕਣ ਦੀ ਬਿਜਾਏ ਹੋਰ ਤੇਜ਼ ਭਜਾ ਲਈ, ਪੁਲਸ ਪਾਰਟੀ ਨੇ ਸ਼ੱਕ ਪੈਣ 'ਤੇ ਕਾਰ ਦਾ ਪਿੱਛਾ ਕੀਤਾ ਤਾਂ ਕਾਰ ਸਵਾਰ ਨੌਜਵਾਨਾਂ ਨੇ ਪੁਲਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ। ਪੁਲਸ ਪਾਰਟੀ ਨੇ ਦਲੇਰੀ ਨਾਲ ਪਿੱਛਾ ਕਰਨਾ ਜਾਰੀ ਰੱਖਿਆ ਅਤੇ ਅੱਗੇ ਜਾ ਕੇ ਕਾਰ ਖੱਡ ਵਿੱਚ ਫਸ ਗਈ । ਪੁਲਿਸ ਪਾਰਟੀ ਨੇ ਕਾਰ ਸਵਾਰ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ, ਜਦਕਿ ਉਸ ਦੇ ਤਿੰਨ ਸਾਥੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਡੀ.ਐਸ.ਪੀ.ਸਤਪਾਲ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਨ ਮਸ਼ਹੂਰ ਗੈਂਗਸਟਰ ਗਗਨਦੀਪ ਸਿੰਘ ਪੁੱਤਰ ਸਕੱਤਰ ਸਿੰਘ ਜੱਟ ਵਾਸੀ ਧੁੰਨ ਢਾਏ ਵਾਲਾ ਵਜੋਂ ਹੋਈ। ਜਿਸ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਪੁਲਸ ਨੂੰ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਗੈਂਗਸਟਰ ਦੇ ਕਬਜ਼ੇ ਵਿਚੋਂ 300 ਗ੍ਰਾਮ ਹੈਰੋਇਨ 12 ਬੋਰ ਰਾਇਫਲ, 5 ਜ਼ਿੰਦਾ ਕਾਰਤੂਸ ਆਦਿ ਬਰਾਮਦ ਕੀਤੇ ਹਨ ਅਤੇ ਵਾਰਦਾਤ ਵਿੱਚ ਵਰਤੀ ਗਈ ਗੱਡੀ ਨੂੰ ਵੀ ਕਬਜ਼ੇ ਵਿਚ ਲੈ ਲਿਆ ਗਿਆ ਹੈ। ਡੀ.ਐਸ.ਪੀ.ਨੇ ਦੱਸਿਆ ਕਿ ਮੌਕੇ ਤੋਂ ਭੱਜਣ ਵਾਲੇ ਨੌਜਵਾਨਾਂ ਦੀ ਪਹਿਚਾਣ ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਵਿਰਸਾ ਸਿੰਘ ਪਿੰਡ ਧੁੰਨ ਢਾਏ ਵਾਲਾ, ਜੰਗ ਸਿੰਘ ਉਰਫ ਜੰਗਾ ਪੁੱਤਰ ਗੁਰਨੇਕ ਸਿੰਘ ਪਿੰਡ ਰਾਹਲ ਚਾਹਲ ਅਤੇ ਕਵਲਜੀਤ ਸਿੰਘ ਵਾਸੀ ਮੁਕਤਸਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਭੱਜਣ ਵਾਲੇ ਤਿੰਨੇ ਨੌਜਵਾਨ ਵੀ ਨਾਮੀਂ ਗੈਂਗਸਟਰ ਹਨ ਜਿਨ੍ਹਾ ਖਿਲਾਫ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਇਹ ਗੈਂਗਸਟਰ ਇਲਾਕੇ ਵਿੱਚ ਆਪਣੀ ਦਹਿਸ਼ਤ ਪੈਦਾ ਕਰਨੀ ਚਾਹੁੰਦੇ ਸਨ ਅਤੇ ਕਿਸੇ ਵੱਡੀ ਵਾਰਦਾਤ ਦੀ ਫਿਰਾਕ ਵਿੱਚ ਸਨ। ਡੀ.ਐਸ.ਪੀ.ਨੇ ਦੱਸਿਆ ਕਿ ਉਪਰੋਕਤ ਗੈਂਗਸਟਰਾਂ ਖਿਲਾਫ ਥਾਣਾ ਚੋਹਲਾ ਸਾਹਿਬ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਫੜੇ ਗਏ ਗੈਂਗਸਟਰ ਗਗਨਦੀਪ ਸਿੰਘ ਕੋਲੋਂ ਕਈ ਹੋਰ ਅਹਿਮ ਸੁਰਾਖ ਹੱਥ ਲੱਗਣ ਦੀ ਉਮੀਦ ਹੈ।