ਰੂਸੀ ਇਨਕਲਾਬ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਹੋਏਗਾ 26ਵਾਂ ਮੇਲਾ ਗ਼ਦਰੀ ਬਾਬਿਆਂ ਦਾ


ਜਲੰਧਰ (ਕੇਸਰ)
ਰੂਸੀ ਸਮਾਜਵਾਦੀ ਇਨਕਲਾਬ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਹੋਏਗਾ 26ਵਾਂ 'ਮੇਲਾ ਗ਼ਦਰੀ ਬਾਬਿਆਂ ਦਾ'।
ਦੇਸ਼ ਭਗਤ ਯਾਦਗਾਰ ਕਮੇਟੀ ਦੀ ਮੀਟਿੰਗ ਦੀ ਸ਼ੁਰੂਆਤ 12 ਅਗਸਤ 1915 ਨੂੰ ਕੇਂਦਰੀ ਜੇਲ੍ਹ ਲਾਹੌਰ ਵਿਚ ਫਾਂਸੀ ਲਗਾਏ ਗਏ ਬੰਤਾ ਸਿੰਘ ਸੰਘਵਾਲ ਅਤੇ ਬੂਟਾ ਸਿੰਘ ਅਕਾਲਗੜ੍ਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪੰਜਾਬ ਦੀ ਹਿਰਦੇਵੇਦਕ ਵੰਡ ਸਮੇਂ ਵਹਿਸ਼ੀਆਨਾ ਢੰਗ ਨਾਲ ਮਾਰੇ ਗਏ ਲੱਖਾਂ ਲੋਕਾਂ ਨੂੰ ਦੋ ਮਿੰਟ ਖੜੇ ਹੋ ਕੇ ਸ਼ਰਧਾਂਜਲੀ ਅਰਪਤ ਕਰਨ ਨਾਲ ਹੋਈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਦੀ ਪ੍ਰਧਾਨਗੀ 'ਚ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਦੇ ਦਫ਼ਤਰ ਵਿਖੇ ਹੋਈ ਜਨਰਲ ਬਾਡੀ ਦੀ ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ 30 ਅਕਤੂਬਰ ਦਿਨ ਸੋਮਵਾਰ ਤੋਂ ਸ਼ੁਰੂ ਹੋ ਕੇ ਇਹ ਮੇਲਾ 1 ਨਵੰਬਰ ਸਾਰਾ ਦਿਨ ਸਾਰੀ ਰਾਤ ਵੰਨ-ਸੁਵੰਨੀਆਂ ਕਲਾ ਵੰਨਗੀਆਂ ਪੇਸ਼ ਕਰਦਿਆਂ 2 ਨਵੰਬਰ ਸਰਘੀ ਵੇਲੇ ਤੱਕ ਚੱਲੇਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੇਲੇ ਸੰਬੰਧੀ ਲਏ ਫੈਸਲਿਆਂ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰੂਸੀ ਸਮਾਜਵਾਦੀ ਇਨਕਲਾਬ ਤੋਂ ਪ੍ਰਭਾਵਿਤ ਹੋ ਕੇ ਸਮਾਜਵਾਦੀ ਉਦੇਸ਼ ਨੂੰ ਪਰਨਾਈ ਕਿਰਤੀ ਪਾਰਟੀ ਵਿੱਚ 1929 ਦੇ ਦੌਰ 'ਚ ਸੰਪਰਕ ਵਿਚ ਆਏ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ, ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ, ਮੇਲੇ ਦੇ ਤੀਜੇ ਅਤੇ ਸਿਖ਼ਰਲੇ ਦਿਨ 1 ਨਵੰਬਰ ਦਿਨ ਬੁੱਧਵਾਰ ਸਵੇਰੇ 10 ਵਜੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਸਾਰਾ ਦਿਨ ਵੰਨ-ਸੁਵੰਨੀਆਂ ਕਲਾ ਕਿਰਤਾਂ ਅਤੇ ਵਿਚਾਰ ਚਰਚਾ ਉਪਰੰਤ 1 ਨਵੰਬਰ ਦੀ ਸਾਰੀ ਰਾਤ ਨਾਟਕਾਂ ਅਤੇ ਗੀਤਾਂ ਭਰੀ ਰਾਤ ਹੋਏਗੀ।
ਮੀਟਿੰਗ 'ਚ ਇਹ ਫੈਸਲਾ ਵੀ ਕੀਤਾ ਗਿਆ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉਪਰ ਬੋਲੇ ਜਾ ਰਹੇ ਹੱਲਿਆਂ, ਧਮਕੀਆਂ, ਕੇਸ ਮੜ੍ਹਨ ਅਤੇ ਧਾਰਾ 295-ਏ ਲਗਾ ਕੇ ਕਲਮ ਅਤੇ ਕਲਾ ਦੀ ਜ਼ੁਬਾਨਬੰਦੀ ਕਰਨ ਦੇ ਚੁੱਕੇ ਜਾ ਰਹੇ ਕਦਮਾਂ ਅਤੇ ਹਰ ਵੰਨਗੀ ਦੀ ਫ਼ਿਰਕੂ ਅਤੇ ਹਕੂਮਤੀ ਦਹਿਸ਼ਤਗਰਦੀ ਖਿਲਾਫ਼ ਅਤੇ ਦੂਜੇ ਅਹਿਮ ਮੁੱਦੇ ਕੌਮਾਂਤਰੀ ਅਤੇ ਕੌਮੀ ਮੰਚ 'ਤੇ ਤਿੱਖੇ ਅਤੇ ਵਿਆਪਕ ਹੋਏ ਆਰਥਕ ਸੰਕਟ ਦੀ ਚੌਤਰਫ਼ੀ ਮਾਰ ਬਾਰੇ ਨਿਕਟ ਭਵਿੱਖ ਵਿਚ ਵਿਚਾਰ ਚਰਚਾ ਕਰਵਾਈ ਜਾਏਗੀ।